ਸਰਹੱਦ ’ਤੇ ਖੋਲ੍ਹੇ ਕੰਪਿਊਟਰ ਵੇਅਰਨੈਸ ਸੈਂਟਰ ਦਾ ਡੀਆਈਜੀ ਨੇ ਕੀਤਾ ਉਦਘਾਟਨ
ਬੀਐੱਸਐੱਫ ਵੱਲੋਂ ਸਰਹੱਦ ਤੇ ਖੋਲੇ ਕੰਪਿਊਟਰ ਵੇਅਰਨੈਸ ਸੈਂਟਰ ਦਾ ਡੀਆਈਜੀ ਨੇ ਕੀਤਾ ਉਦਘਾਟਨ
Publish Date: Sat, 21 Mar 2026 04:04 PM (IST)
Updated Date: Sun, 22 Mar 2026 04:04 AM (IST)
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਬਲਾਕ ਕਲਾਨੌਰ ਅਧੀਨ ਆਉਂਦੇ ਸਰਹੱਦੀ ਪਿੰਡ ਚੰਦੂ ਵਡਾਲਾ ਦੀ ਕੌਮਾਂਤਰੀ ਸਰਹੱਦ ’ਤੇ ਸਥਿਤ ਬੀਐੱਸਐੱਫ ਦੀ ਬੀਓਪੀ ਚੰਦੂ ਵਡਾਲਾ ਵਿਖੇ ਸ਼ਨਿਚਰਵਾਰ ਨੂੰ ਸਰਹੱਦੀ ਪਿੰਡਾਂ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਕੰਪਿਊਟਰ ਸਿੱਖਿਆ ਮੁਹੱਈਆ ਕਰਵਾਉਣ ਲਈ ਕੰਪਿਊਟਰ ਵੇਅਰਨੈਸ ਸੈਂਟਰ ਖੋਲ੍ਹਿਆ ਗਿਆ। ਇਸ ਸੈਂਟਰ ਦਾ ਉਦਘਾਟਨ ਬੀਐੱਸਐੱਫ ਦੀ ਸੈਕਟਰ ਗੁਰਦਾਸਪੁਰ ਦੇ ਡੀਆਈਜੀ ਜੇਕੇ ਬਿਰਦੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਗ੍ਰਾਮ ਪੰਚਾਇਤ ਚੰਦੂ ਵਡਾਲਾ ਦੇ ਸਰਪੰਚ ਰਵੇਲ ਸਿੰਘ ਤੋਂ ਇਲਾਵਾ ਪਿੰਡ ਦੇ ਮੋਹਤਬਰ ਅਤੇ ਨੌਜਵਾਨ ਲੜਕੇ-ਲੜਕੀਆਂ ਵੀ ਮੌਜੂਦ ਸਨ।
ਬੀਐੱਸਐੱਫ ਦੀ 27 ਬਟਾਲੀਅਨ ਦੀ ਬੀਓਪੀ ਚੰਦੂ ਵਡਾਲਾ ਵਿਖੇ ਬੀਐੱਸਐੱਫ ਵੱਲੋਂ ਬੀਐੱਸਐੱਫ ਦੀ ਗੋਲਡਨ ਜੁਬਲੀ ਅਤੇ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਕੰਪਿਊਟਰ ਵੇਅਰਨੈਸ ਸੈਂਟਰ ਖੋਲ੍ਹਿਆ ਗਿਆ। ਡੀਆਈਜੀ ਜੇਕੇ ਬਿਰਦੀ ਨੇ ਦੱਸਿਆ ਕਿ ਇਸ ਖੋਲੇ ਗਏ ਕੰਪਿਊਟਰ ਵੇਅਰਨੈਸ ਸੈਂਟਰ ਵਿੱਚ ਬੀਐੱਸਐੱਫ ਦੇ ਮਹਿਲਾ ਜਵਾਨਾਂ ਵੱਲੋਂ ਸਰਹੱਦੀ ਪਿੰਡਾਂ ਦੀਆਂ ਲੜਕੀਆਂ ਨੂੰ ਕੰਪਿਊਟਰ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ । ਇਸ ਤੋਂ ਇਲਾਵਾ ਬੀਐੱਸਐੱਫ ਤੇ ਜਵਾਨ ਜੋ ਕੰਪਿਊਟਰ ਦੇ ਮਾਹਰ ਹਨ, ਵੱਲੋਂ ਵੀ ਸਰਹੱਦੀ ਪੱਟੀ ਪਿੰਡਾਂ ਦੇ ਨੌਜਵਾਨ ਲੜਕਿਆਂ ਨੂੰ ਕੰਪਿਊਟਰ ਸਿਖਲਾਈ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਬੀਐੱਸਐੱਫ ਸਰਹੱਦ ਨਾਲ ਲੱਗਦੇ ਪਿੰਡਾਂ ਦੇ ਨੌਜਵਾਨਾਂ ਅਤੇ ਆਮ ਲੋਕਾਂ ਦਾ ਜੀਵਨ ਪੱਧਰ ਉੱਪਰ ਚੱਕਣ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮਿਆਂ ਵਿੱਚ ਵੀ ਬੀਐੱਸਐੱਫ ਵੱਲੋਂ ਸਿਵਿਕ ਐਕਸ਼ਨ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਵੱਖ-ਵੱਖ ਫੋਰਸਾਂ ਵਿੱਚ ਭਰਤੀ ਹੋਣ ਲਈ ਟ੍ਰੇਨਿੰਗ ਤੋਂ ਇਲਾਵਾ ਖੇਡਾਂ ਨਾਲ ਜੋੜਨ ਲਈ ਖੇਡਾਂ ਦਾ ਸਮਾਨ ਵੀ ਮੁਹੱਈਆ ਕਰਵਾਇਆ ਗਿਆ ਹੈ। ਇਸ ਮੌਕੇ ਪਿੰਡ ਦੇ ਸਰਪੰਚ ਰਵੇਲ ਸਿੰਘ ਵੱਲੋਂ ਬੀਐੱਸਐੱਫ ਦੁਆਰਾ ਖੋਲੇ ਗਏ ਕੰਪਿਊਟਰ ਵੇਅਰਨੈਸ ਸੈਂਟਰ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਕਿ ਬੀਐੱਸਐੱਫ ਵੱਲੋਂ ਸਮੇਂ-ਸਮੇਂ ਤੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਪਰ ਚੁੱਕਣ ’ਤੇ ਉਪਰਾਲੇ ਕੀਤੇ ਜਾ ਰਹੇ ਹਨ ਇਸ ਤੋਂ ਇਲਾਵਾ ਪਿਛਲੇ ਸਮੇਂ ਹੜ੍ਹ ਦੌਰਾਨ ਵੀ ਬੀਐੱਸਐੱਫ ਵੱਲੋਂ ਉਨ੍ਹਾਂ ਦੇ ਪਿੰਡ ਵਿੱਚ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਸਨ। ਇਸ ਮੌਕੇ ਬੀਐੱਸਐੱਫ ਦੇ ਟੂ-ਆਈਸੀ ਧਨੰਜੇ ਚੌਹਾਨ, ਕੈਪਟਨ ਬਲਵਿੰਦਰ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਹਰਦੇਵ ਸਿੰਘ, ਅਮਰੀਕ ਸਿੰਘ, ਕੁਲਦੀਪ ਸਿੰਘ ਆਦ ਹਾਜ਼ਰ ਸਨ।