ਚੋਲਾ ਸਾਹਿਬ ਦੇ ਦਰਸ਼ਨ ਲਈ ਤੀਜੇ ਦਿਨ ਵੀ ਲੱਗੀ ਸੰਗਤ ਦੀ ਲਾਈਨ
ਚੋਲਾ ਸਾਹਿਬ ਦੇ ਦਰਸ਼ਨ ਕਰਨ ਲਈ ਤੀਸਰੇ ਦਿਨ ਵੀ ਲੱਗੀਆਂ ਸੰਗਤਾਂ ਦੀਆਂ ਲਾਈਨਾਂ
Publish Date: Sat, 07 Mar 2026 03:34 PM (IST)
Updated Date: Sun, 08 Mar 2026 04:00 AM (IST)
ਜੀਆਰਪੀ : ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰਾ ਚੋਲਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਸ਼ਰਧਾਲੂ।
ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਡੇਰਾ ਬਾਬਾ ਨਾਨਕ : ਚਾਰ ਮਾਰਚ ਤੋਂ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਚੋਲਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ ਦੇ ਸਬੰਧ ’ਚ ਸ਼ੁਰੂ ਹੋਏ ਜੋੜ ਮੇਲੇ ਦੇ ਤੀਸਰੇ ਦਿਨ ਸ਼ੁੱਕਰਵਾਰ ਨੂੰ ਵੀ ਨਾਨਕ ਨਾਮ ਲੇਵਾ ਸੰਗਤ ਵੱਲੋਂ ਲੰਬੀਆਂ-ਲੰਬੀਆਂ ਲਾਈਨਾਂ ’ਚ ਖੜ੍ਹ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਵਸਤਰ ਚੋਲਾ ਸਾਹਿਬ, ਭੈਣ ਨਾਨਕੀ ਦੇ ਹੱਥਾਂ ਨਾਲ ਤਿਆਰ ਕੀਤੇ ਰੁਮਾਲ, ਹਰੀ ਸਿੰਘ ਨਲੂਆ ਦੇ ਦੁਸ਼ਾਲੇ ਦੇ ਦਰਸ਼ਨ ਕੀਤੇ ਗਏ। ਇਸ ਮੌਕੇ ਵੱਖ-ਵੱਖ ਥਾਵਾਂ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਚੋਲਾ ਸਾਹਿਬ ਦੇ ਦਰਸ਼ਨ ਕਾਰਨ ਆਏ ਸ਼ਰਧਾਲ ਬਲਦੇਵ ਸਿੰਘ, ਹਰਦੇਵ ਸਿੰਘ, ਜਗਤਾਰ ਸਿੰਘ, ਅਮਨਦੀਪ ਸਿੰਘ, ਹਰਵਿੰਦਰ ਸਿੰਘ, ਸੰਤੋਖ ਸਿੰਘ, ਜਸਵਿੰਦਰ ਸਿੰਘ, ਰਵੇਲ ਸਿੰਘ, ਹਰਬੰਸ ਸਿੰਘ, ਆਕਾਸ਼ਦੀਪ ਸਿੰਘ ਆਦਿ ਨੇ ਦੱਸਿਆ ਕਿ ਮੇਲਾ ਚੋਲਾ ਸਾਹਿਬ ਸਬੰਧੀ ਪਹਿਲੀ ਮਾਰਚ ਤੋਂ ਖੰਡਿਆਲਾ ਸੈਣੀਆਂ ਹੁਸ਼ਿਆਰਪੁਰ ਤੋਂ ਜਥੇਦਾਰ ਰਣਧੀਰ ਸਿੰਘ ਦੀ ਅਗਵਾਈ ਤੋਂ ਇਲਾਵਾ ਬਾਬਾ ਮਹਿੰਗਾ ਸਿੰਘ, ਬਾਬਾ ਸ਼੍ਰੀ ਚੰਦ ਦੇ ਗੁਰਦੁਆਰਾ ਬਾਠ ਸਾਹਿਬ ਆਦਿ ਸ਼ੁਰੂ ਹੋਈਆਂ ਪੈਦਲ ਸੰਗ ਯਾਤਰਾ ਨੂੰ ਡੇਰਾ ਬਾਬਾ ਨਾਨਕ ਸਥਿਤ ਗੁਰਦੁਆਰਾ ਚੋਲਾ ਸਾਹਿਬ ਪਹੁੰਚਣ ਉਪਰੰਤ ਚਾਰ ਰੋਜਾ ਮੇਲਾ ਚੋਲਾ ਸਾਹਿਬ ਸ਼ੁਰੂ ਹੋ ਗਿਆ ਸੀ। ਉਹਨਾਂ ਦੱਸਿਆ ਕਿ ਇਸ ਜੋੜ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਡੇਰਾ ਬਾਬਾ ਨਾਨਕ ਪਹੁੰਚ ਕੇ ਗੁਰਦੁਆਰਾ ਚੋਲਾ ਸਾਹਿਬ, ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ, ਇਤਿਹਾਸਿਕ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਪੱਖੋਕੇ ਟਾਹਲੀ ਸਾਹਿਬ ਅਤੇ ਸਰਹੱਦ ਤੇ ਬਣੇ ਦਰਸ਼ਨ ਸਥਲ ਤੇ ਨਾਨਕ ਨਾਮ ਲੇਵਾ ਸੰਗਤਾਂ ਚੋਲਾ ਸਾਹਿਬ ਦੇ ਤੀਸਰੇ ਦਿਨ ਵੀ ਵੱਡੇ ਪੱਧਰ ਤੇ ਪਹੁੰਚ ਰਹੀਆਂ ਹਨ। ਉਹਨਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਰਧਾਲੂ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਦੇ ਬਾਜ਼ਾਰਾਂ ਅਤੇ ਧਾਰਮਿਕ ਸਥਾਨਾਂ ਵਿੱਚ ਵਿੱਚ ਪਹੁੰਚ ਰਹੇ ਹਨ। ਡੇਰਾ ਬਾਬਾ ਨਾਨਕ ’ਚ ਪੁਲਿਸ ਵੱਲੋਂ ਪੂਰੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ। ਇਸ ਸਬੰਧੀ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਤਿਹਾਸਕ ਕਸਬਾ ਡੇਰਾ ਬਾਬਾ ਨਾਨਕ ਵਿਖੇ ਆਉਣ ਵਾਲੀ ਸੰਗਤ ਸ਼ਰਧਾ ਭਾਵਨਾ ਨਾਲ ਆਉਣ ਅਤੇ ਟਰੈਕਟਰ ਟਰਾਲੀਆਂ ਤੇ ਹੋਰ ਵਾਹਨਾਂ ਨੂੰ ਹੌਲੀ ਰਫ਼ਤਾਰ ’ਚ ਚਲਾਉਣ ਤੇ ਸ਼ੋਰ ਪ੍ਰਦਰਸ਼ਨ ਨਾ ਕਰਨ।