- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁਨਿਆਦੀ ਦੀਆਂ ਅਲਾਊਸਮੈਂਟਾਂ ਦੇ ਬਾਵਜੂਦ ਵੀ ਬਾਜ਼ਾਰਾਂ ਵਿੱਚ ਕਬਜ਼ੇ ਬਰਕਰਾਰ, ਲੋਕ ਪ੍ਰੇਸ਼ਾਨ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਇਤਿਹਾਸਕ ਕਸਬਾ ਕਲਾਨੌਰ ਵਿੱਚ ਮਨਾਏ ਜਾ ਰਹੇ ਮੇਲਾ ਮਹਾਂਸ਼ਿਵਰਾਤਰੀ ਦੇ ਸਬੰਧੀ ਜਿੱਥੇ ਹੋਂਦ ਵਿੱਚ ਆਈਆਂ ਗ੍ਰਾਮ ਪੰਚਾਇਤਾਂ ਵੱਲੋਂ ਕਸਬੇ ਦੇ ਵੱਖ-ਵੱਖ ਮਾਰਗਾਂ ਅਤੇ ਗਲੀਆਂ ਮੁਹੱਲਿਆਂ ’ਚ ਸਾਫ਼-ਸਫ਼ਾਈ ਪੂਰੇ ਜ਼ੋਰਾਂ ਤੇ ਕਰਨ ਤੋਂ ਇਲਾਵਾ ਬਾਜ਼ਾਰਾਂ ਅਤੇ ਮਾਰਗਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਛਡਾਉਣ ਲਈ ਪਿਛਲੇ ਦਿਨਾਂ ਤੋਂ ਅਨਾਊਂਸਮੈਂਟਾਂ ਕਰਵਾਈਆਂ ਜਾ ਰਹੀਆਂ ਹਨ। ਪ੍ਰੰਤੂ ਇਸ ਦੇ ਬਾਵਜੂਦ ਵੀ ਨਾਜਾਇਜ਼ ਕਬਜ਼ੇ ਬਰਕਰਾਰ ਹਨ ਜਿਸ ਕਰਕੇ ਰਾਹਗੀਰਾਂ ਅਤੇ ਬਾਜ਼ਾਰਾਂ ’ਚ ਖਰੀਦੋ ਫਰੋਖਤ ਕਰਨ ਆਉਣ ਵਾਲੇ ਗਾਹਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ।
ਇਸ ਮੌਕੇ ਖਰੀਦਦਾਰ ਜੋਗਿੰਦਰ ਸਿੰਘ, ਸਿਮਰਜੀਤ ਸਿੰਘ, ਦਿਲਪ੍ਰੀਤ ਸਿੰਘ, ਹਰਦੇਵ ਸਿੰਘ, ਮਨਦੀਪ ਬਲਹੋਤਰਾ, ਜਗੀਰੀ ਲਾਲ, ਬਿਕਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਕਸਬਾ ਕਲਾਨੌਰ ਦੇ ਮੇਨ ਬਾਜ਼ਾਰਾਂ ਅਤੇ ਵੱਖ-ਵੱਖ ਮਾਰਗਾਂ ਨੂੰ ਜਾਣ ਵਾਲੀਆਂ ਸੜਕਾਂ ਦੇ ਕਿਨਾਰਿਆਂ ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਲਗਾ ਕੇ ਬਾਜ਼ਾਰਾਂ ਅਤੇ ਸੜਕਾਂ ਦੇ ਕਿਨਾਰਿਆਂ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ। ਜਿਸ ਕਾਰਨ ਆਏ ਦਿਨ ਸੜਕਾਂ ਅਤੇ ਬਾਜ਼ਾਰਾਂ ਵਿੱਚ ਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਉਹਨਾਂ ਕਿਹਾ ਕਿ ਪਿਛਲੇ ਸਮੇਂ ਪ੍ਰਸ਼ਾਸਨ ਵੱਲੋਂ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਛੱਡਣ ਸਬੰਧੀ ਦੁਕਾਨਦਾਰਾਂ ਨੂੰ ਸੂਚਿਤ ਕੀਤਾ ਗਿਆ ਸੀ ਪ੍ਰੰਤੂ ਇਸ ਦੇ ਬਾਵਜੂਦ ਵੀ ਕਬਜ਼ੇ ਬਰਕਰਾਰ ਹਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਉਣ ਵਾਲੇ ਦਿਨਾਂ ’ਚ ਕਸਬਾ ਕਲਾਨੌਰ ਵਿਖੇ ਹੋਣ ਜਾ ਰਹੇ ਮੇਲਾ ਮਹਾਂਸ਼ਿਵਰਾਤਰੀ ਦੇ ਮੱਦੇਨਜ਼ਰ ਟ੍ਰੈਫਿਕ ਪ੍ਰੇਸ਼ਾਨੀ ਤੋਂ ਰਾਹਤ ਦਿਵਾਉਣ ਲਈ ਤੁਰੰਤ ਸੜਕਾਂ ਅਤੇ ਬਾਜ਼ਾਰਾਂ ਵਿੱਚੋਂ ਨਾਜਾਇਜ਼ ਕਬਜ਼ੇ ਹਟਵਾਏ ਜਾਣ ਤਾਂ ਜੋ ਗਾਹਕਾਂ ਅਤੇ ਬਾਹਰੋਂ ਆਉਣ ਵਾਲੀਆ ਸੰਗਤਾਂ ਨੂੰ ਰਾਹਤ ਮਿਲ ਸਕੇ।
--------
ਕਬਜ਼ੇ ਛਡਾਉਣ ਲਈ ਪ੍ਰਸ਼ਾਸਨ ਨੇ ਬਣਾਈ ਕਮੇਟੀ : ਸਰਪੰਚ ਮਠਾਰੂ
ਗ੍ਰਾਮ ਪੰਚਾਇਤ ਮੌਜੋਵਾਲ ਦੇ ਸਰਪੰਚ ਅਤੇ ਸਮਾਜ ਸੇਵਕ ਹਰਦੀਪ ਸਿੰਘ ਮਠਾਰੂ ਨੇ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਪੰਚਾਇਤ ਵੱਲੋਂ ਪਿਛਲੇ ਦਿਨਾਂ ਦੌਰਾਨ ਅਨਾਊਂਸਮੈਂਟਾਂ ਵੀ ਕਰਵਾਈਆਂ ਗਈਆਂ ਹਨ ਪਰੰਤੂ ਦੁਕਾਨਦਾਰਾਂ ਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਲੋਕਾਂ ਦੀ ਮੰਗ ਤੇ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਐੱਸਡੀਐੱਮ ਕਲਾਨੌਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ। ਉਨ੍ਹਾਂ ਵੱਲੋਂ ਨਾਜਾਇਜ਼ ਕਬਜ਼ੇ ਛਡਾਉਣ ਲਈ ਪ੍ਰਸ਼ਾਸਨ ਅਧਿਕਾਰੀਆਂ ਦੀ ਕਮੇਟੀ ਬਣਾਈ ਗਈ ਹੈ ਜਿਸ ਵੱਲੋਂ ਸਖ਼ਤੀ ਨਾਲ ਬਾਜ਼ਾਰਾਂ ਅਤੇ ਸੜਕਾਂ ਤੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਤੁਰੰਤ ਹਟਾਇਆ ਜਾ ਰਿਹਾ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਦੇਣ ਅਤੇ ਨਾਜਾਇਜ਼ ਕਬਜ਼ੇ ਖੁਦ ਹੀ ਛੱਡ ਦੇਣ।
-------
ਦੁਕਾਨਦਾਰ ਆਪਣੀਆਂ ਦੁਕਾਨਾਂ ਦੇ ਸਾਹਮਣੇ ਤੋਂ ਸਾਮਾਨ ਪਿੱਛੇ ਹਟਾਉਣ : ਪ੍ਰਧਾਨ ਦੁਕਾਨ ਯੂਨੀਅਨ
ਕਲਾਨੌਰ ਦੇ ਬਾਜ਼ਾਰਾਂ ਵਿੱਚ ਹੋਏ ਨਾਜਾਇਜ਼ ਕਬਜ਼ਿਆਂ ਸੰਬੰਧੀ ਦੁਕਾਨਦਾਰ ਏਕਤਾ ਯੂਨੀਅਨ ਦੇ ਪ੍ਰਧਾਨ ਰੋਹਿਨ ਸੱਚਰ ਨੇ ਕਿਹਾ ਕਿ ਉਹਨਾਂ ਵੱਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਦੇ ਸਾਹਮਣੇ ਲਗਾਏ ਗਏ ਸਾਜੋ ਸਾਮਾਨ ਨੂੰ ਪਿੱਛੇ ਹਟਾਉਣ ਅਤੇ ਗ੍ਰਾਮ ਪੰਚਾਇਤ ਅਤੇ ਪ੍ਰਸ਼ਾਸਨ ਦਾ ਸਹਿਯੋਗ ਦੇਣ। ਉਹਨਾਂ ਕਿਹਾ ਕਿ ਦੁਕਾਨਦਾਰ ਏਕਤਾ ਯੂਨੀਅਨ ਵੱਲੋਂ ਬਾਜ਼ਾਰਾਂ ਅਤੇ ਸੜਕਾਂ ’ਤੇ ਹੋਏ ਕਬਜ਼ਿਆਂ ਨੂੰ ਪਿੱਛੇ ਹਟਾਉਣ ਵਿੱਚ ਸਹਿਯੋਗ ਕੀਤਾ ਜਾਵੇਗਾ।