ਡੀਸੀ ਨੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
ਡਿਪਟੀ ਕਮਿਸ਼ਨਰ ਨੇ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ
Publish Date: Sat, 24 Jan 2026 03:42 PM (IST)
Updated Date: Sun, 25 Jan 2026 04:01 AM (IST)
ਸਟਾਫ ਰਿਪੋਰਟਰ,ਪੰਜਾਬੀ ਜਾਗਰਣ,ਗੁਰਦਾਸਪੁਰ: 26 ਜਨਵਰੀ ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਸਰਕਾਰੀ ਕਾਲਜ ਵਿਖੇ ਮਨਾਏ ਜਾ ਰਹੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਬੰਧੀ ਸਮੂਹ ਅਧਿਕਾਰੀ ਮਿਹਨਤ ਤੇ ਲਗਨ ਨਾਲ ਆਪਣੀ ਡਿਊਟੀ ਨਿਭਾਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਨੇ ਗਣਤੰਤਰ ਦਿਵਸ ਸਮਾਗਮ ਦੀਆਂ ਕੀਤੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ।
ਸਰਕਾਰੀ ਕਾਲਜ ਵਿਖੇ ਫੁੱਲ ਡਰੈੱਸ ਰਿਹਰਸਲ ਉਪਰੰਤ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗਣਤੰਤਰ ਦਿਵਸ ਸਾਡਾ ਕੌਮੀ ਤਿਉਹਾਰ ਹੈ, ਇਸ ਲਈ ਸਮੂਹ ਅਧਿਕਾਰੀ ਪੂਰੀ ਮਿਹਨਤ ਤੇ ਸ਼ਿੱਦਤ ਨਾਲ ਆਪਣੇ ਵਿਭਾਗ ਨਾਲ ਸਬੰਧਤ ਡਿਊਟੀ ਸਮੇਂ ਸਿਰ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਮੀਟਿੰਗ ਦੌਰਾਨ ਸੁਰੱਖਿਆ ਪ੍ਰਬੰਧ, ਆਵਾਜਾਈ ਸਬੰਧੀ, ਸਾਫ਼-ਸਫ਼ਾਈ, ਮੈਡੀਕਲ ਸਹੂਲਤਾਂ ਅਤੇ ਸਮਾਗਮ ਦੌਰਾਨ ਅਨੁਸ਼ਾਸਨ ਬਰਕਰਾਰ ਰੱਖਣ ਸਬੰਧੀ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਡੀਸੀ ਨੇ ਸਾਰੇ ਅਧਿਕਾਰੀਆਂ ਨੂੰ ਆਪਸੀ ਤਾਲਮੇਲ ਨਾਲ ਡਿਊਟੀਆਂ ਨਿਭਾਉਣ ਅਤੇ ਗਣਤੰਤਰ ਦਿਵਸ ਸਮਾਗਮ ਨੂੰ ਸਫਲ ਬਣਾਉਣ ਲਈ ਪੂਰੀ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਕਿਹਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਸਹਾਇਕ ਕਮਿਸ਼ਨਰ (ਜਨਰਲ) ਅਦਿੱਤਿਆ ਗੁਪਤਾ, ਐੱਸਪੀ ਜੁਗਰਾਜ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।