- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਥਾਈ ਪੁਲ ਦੀ ਸਹੂਲਤ ਤੋਂ ਵਾਂਝੇ ਮਕੌੜਾ ਪੱਤਣ ਰਾਵੀ ਦਰਿਆ ਪਾਰ ਦੇ ਸੱਤ ਪਿੰਡਾਂ ਦੇ ਲੋਕ, ਰੋਸ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ: ਭਾਰਤ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਹੋਏ ਕਈ ਸਾਲ ਬੀਤ ਚੁੱਕੇ ਹਨ ਪਰ ਅਜੇ ਵੀ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਬੁਨਿਆਦੀ ਸਹੂਲਤਾਂ ਤੋਂ ਵਾਂਝਾ ਹੈ। ਅਜਿਹਾ ਹੀ ਕੁਝ ਜ਼ਿਲ੍ਹੇ ਦੇ ਸਰਹੱਦੀ ਕਸਬੇ ਦੀਨਾਨਗਰ ਅਧੀਨ ਆਉਂਦੇ ਮਕੌੜਾ ਪੱਤਣ ਰਾਵੀ ਦਰਿਆ 'ਤੇ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਅਜੇ ਤੱਕ ਸਥਾਈ ਪੁਲ ਬਣਾਉਣ ਲਈ ਕੋਈ ਵੀ ਉਚਿਤ ਕਦਮ ਨਹੀਂ ਚੁੱਕਿਆ ਗਿਆ। ਲੋਕਾਂ ਨੂੰ ਦਰਿਆ 'ਤੇ ਬਣੇ ਅਸਥਾਈ ਪੁਲ ਤੋਂ ਹੀ ਲੰਘਣ ਲਈ ਮਜਬੂਰ ਹੋਣਾ ਪੈਂਦਾ ਹੈ ਜਿਸ ਕਾਰਨ ਦਰਿਆ ਪਾਰ ਦੇ ਲਗਭਗ ਸੱਤ ਪਿੰਡਾਂ ਦੇ ਲੋਕਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਰਿਆ 'ਤੇ ਸਥਾਈ ਪੁਲ ਬਣਾਉਣ ਦੀ ਮੰਗ ਹੁਣ ਦੀ ਨਹੀਂ ਸਗੋਂ ਕਈ ਸਾਲਾਂ ਤੋਂ ਚੱਲੀ ਆ ਰਹੀ ਹੈ। ਇਸ ਪੁਲ ਨੂੰ ਬਣਾਉਣ ਲਈ ਚੋਣਾਂ ਦੌਰਾਨ ਇਸਨੂੰ ਚੁਣਾਵੀਂ ਮੁੱਦਾ ਵੀ ਬਣਾਇਆ ਜਾਂਦਾ ਹੈ ਪਰ ਬਾਅਦ ਵਿੱਚ ਜਿੱਤਣ ਵਾਲੀ ਪਾਰਟੀ ਇਸ ਮੁੱਦੇ ਨੂੰ ਅਗਲੇ ਪੰਜ ਸਾਲਾਂ ਲਈ ਲਟਕਾ ਦਿੰਦੀ ਹੈ। ਜਿਸ ਨਾਲ ਦਰਿਆ ਪਾਰ ਦੇ ਲੋਕ ਫਿਰ ਤੋਂ ਆਪਣੀ ਜ਼ਿੰਦਗੀ ਨਰਕੀ ਢੰਗ ਨਾਲ ਜਿਉਣ ਲਈ ਮਜਬੂਰ ਹੋ ਜਾਂਦੇ ਹਨ। ਭਾਵੇਂ ਇਸ ਦਰਿਆ 'ਤੇ ਆਉਣ-ਜਾਣ ਲਈ ਅਸਥਾਈ ਪੁਲ ਬਣਾਇਆ ਜਾਂਦਾ ਹੈ, ਪਰ ਜਦੋਂ ਮੀਂਹ ਦੇ ਦਿਨਾਂ ਵਿੱਚ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਉਸ ਸਮੇਂ ਇਸ ਪੁਲ ਨੂੰ ਵੀ ਜੇਸੀਬੀ ਮਸ਼ੀਨ ਰਾਹੀਂ ਹਟਾ ਦਿੱਤਾ ਜਾਂਦਾ ਹੈ। ਜਿਸ ਨਾਲ ਲੋਕਾਂ ਕੋਲ ਲੰਘਣ ਲਈ ਸਿਰਫ਼ ਇੱਕ ਕਿਸ਼ਤੀ ਦਾ ਸਹਾਰਾ ਹੀ ਰਹਿ ਜਾਂਦਾ ਹੈ, ਜਿਸ ਰਾਹੀਂ ਲੋਕ ਆਪਣੀ ਜਾਨ ਨੂੰ ਜੋਖ਼ਿਮ ਵਿੱਚ ਪਾ ਕੇ ਦਰਿਆ ਨੂੰ ਪਾਰ ਕਰਦੇ ਹਨ।
ਦਰਿਆ ਪਾਰ ਰਹਿਣ ਵਾਲੇ ਲੋਕਾਂ ਪਿੰਡ ਕਜਲੇ ਦੇ ਸਰਪੰਚ ਮੁਖਤਿਆਰ ਸਿੰਘ, ਪਿੰਡ ਤੂਰ ਤੋਂ ਪਰਮਜੀਤ ਕੌਰ, ਚੇਬੇ ਤੋਂ ਬਿਕਰਮ ਸਿੰਘ, ਭਰਿਆਲ ਤੋਂ ਅਮਰੀਕ ਸਿੰਘ, ਲਸਿਆਨ ਤੋਂ ਵਿੱਕੀ, ਮੰਮੀ ਚੱਕਰੰਗਾ ਤੋਂ ਬਲਰਾਜ ਨੇ ਦੱਸਿਆ ਕਿ ਦਰਿਆ ਪਾਰ ਵਸੇ ਪਿੰਡ ਭਰਿਆਲ, ਚੇਬੇ, ਤੂਰ ਮੰਮੀ ਚੱਕਰੰਗਾ, ਕੂਕਰ, ਕਜਲੇ ਅਤੇ ਲਸਿਆਨ ਵਿੱਚ ਅੱਠ ਹਜ਼ਾਰ ਤੋਂ ਵੱਧ ਲੋਕਾਂ ਦੀ ਆਬਾਦੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਤੋਂ ਦਰਿਆ 'ਤੇ ਪੱਕਾ ਪੁਲ ਬਣਾਉਣ ਦੀ ਮੰਗ ਕਰਦੇ ਆ ਰਹੇ ਹਨ, ਪਰ ਉਨ੍ਹਾਂ ਨੂੰ ਝੂਠੇ ਭਰੋਸਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਜਦੋਂ ਮੀਂਹ ਦੇ ਦਿਨਾਂ ਵਿੱਚ ਪੁਲ ਨੂੰ ਹਟਾ ਲਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਸਿੱਧਾ ਜ਼ਿਲ੍ਹੇ ਨਾਲ ਸੰਪਰਕ ਟੁੱਟ ਜਾਂਦਾ ਹੈ। ਇਨ੍ਹਾਂ ਪਿੰਡਾਂ ਵਿੱਚ ਆਉਣ-ਜਾਣ ਦਾ ਇਕੋ-ਇਕ ਸਹਾਰਾ ਕਿਸ਼ਤੀ ਹੀ ਰਹਿ ਜਾਂਦੀ ਹੈ। ਪਰ ਪਾਣੀ ਦਾ ਪੱਧਰ ਵੱਧ ਜਾਣ ਕਾਰਨ ਇਸ ਕਿਸ਼ਤੀ ਨੂੰ ਵੀ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ ਅਤੇ ਉਹ ਨਰਕੀ ਜੀਵਨ ਜਿਉਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਆਈ ਹੜ੍ਹ ਦੌਰਾਨ ਵੀ ਉਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪਿਆ ਸੀ। ਇਨ੍ਹਾਂ ਪਿੰਡਾਂ ਦੀ ਕਿਸੇ ਵੀ ਸਰਕਾਰ ਨੇ ਪਰਵਾਹ ਨਹੀਂ ਕੀਤੀ। ਰਾਵੀ ਦਰਿਆ 'ਤੇ ਪੱਕਾ ਪੁਲ ਨਾ ਹੋਣ ਕਾਰਨ ਇਨ੍ਹਾਂ ਲੋਕਾਂ ਕੋਲ ਕੋਈ ਸੁਖ-ਸਹੂਲਤ ਨਹੀਂ ਹੈ। ਇਸ ਕਾਰਨ ਅੱਜ ਦੇਸ਼ ਦੀ ਆਜ਼ਾਦੀ ਉਨ੍ਹਾਂ ਲਈ ਕੋਈ ਮਾਇਨੇ ਨਹੀਂ ਰੱਖਦੀ।
--ਸੰਸਦ ਰਹੇ ਸੰਨੀ ਦਿਓਲ ਨੇ ਕਰਵਾਏ ਸਨ 100 ਕਰੋੜ ਰੁਪਏ ਮਨਜ਼ੂਰ--
ਗੁਰਦਾਸਪੁਰ ਤੋਂ ਲੋਕ ਸਭਾ ਸੰਸਦ ਰਹਿ ਚੁੱਕੇ ਫ਼ਿਲਮ ਅਦਾਕਾਰ ਸੰਨੀ ਦਿਓਲ ਨੇ ਇਸ ਪੁਲ ਨੂੰ ਬਣਵਾਉਣ ਲਈ ਕੇਂਦਰ ਸਰਕਾਰ ਤੋਂ 100 ਕਰੋੜ ਰੁਪਏ ਮਨਜ਼ੂਰ ਕਰਵਾਏ ਸਨ, ਪਰ ਇਸ ਦੇ ਬਾਵਜੂਦ ਪੁਲ ਬਣਾਉਣ ਲਈ ਅੱਜ ਤੱਕ ਜ਼ਮੀਨ ਐਕਵਾਇਰ ਨਹੀਂ ਕੀਤੀ ਗਈ। ਜਿਸ ਨਾਲ ਲੋਕਾਂ ਦੀ ਸਮੱਸਿਆ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਲਗਭਗ ਇੱਕ ਦਰਜਨ ਪਿੰਡਾਂ ਦੇ ਲੋਕ ਭਾਵੇਂ ਕਹਿਣ ਨੂੰ ਭਾਰਤ ਦਾ ਹਿੱਸਾ ਹਨ, ਪਰ ਬਰਸਾਤ ਦੇ ਦਿਨਾਂ ਵਿੱਚ ਇਹ ਆਪਣੇ ਆਪ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ। ਆਜ਼ਾਦੀ ਦੇ ਇੰਨੇ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੁਲ ਦੇ ਉਸ ਪਾਰ ਵਸੇ ਸੱਤ ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗੁਲਾਮ ਸਮਝਦੇ ਹਨ, ਕਿਉਂਕਿ ਜਦੋਂ ਵੀ ਇਹ ਅਸਥਾਈ ਪੁਲ ਹਟਾ ਲਿਆ ਜਾਂਦਾ ਹੈ ਤਾਂ ਇਨ੍ਹਾਂ ਲੋਕਾਂ ਦਾ ਦੇਸ਼ ਨਾਲ ਸੰਪਰਕ ਟੁੱਟ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਦਰਿਆ 'ਤੇ ਪੱਕਾ ਪੁਲ ਬਣਾਉਣ ਲਈ ਕਦਮ ਚੁੱਕੇ ਜਾਣ, ਤਾਂ ਜੋ ਲੋਕਾਂ ਨੂੰ ਇਸ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।