ਸਰਕਾਰੀ ਕਾਲਜ ਗੁਰਦਾਸਪੁਰ ’ਚ ਕਨਾਵੋਕੇਸ਼ਨ ਸਮਾਰੋਹ ਕਰਵਾਇਆ
ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਸਲਾਨਾ
Publish Date: Sat, 21 Feb 2026 04:09 PM (IST)
Updated Date: Sun, 22 Feb 2026 04:01 AM (IST)

ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਸਰਕਾਰੀ ਕਾਲਜ ਗੁਰਦਾਸਪੁਰ ਵਿੱਚ ਸਾਲਾਨਾ ਕਨਵੋਕੇਸ਼ਨ ਸਮਾਰੋਹ ਧੂਮਧਾਮ ਅਤੇ ਸ਼ਾਨ ਨਾਲ ਸਮਾਪਤ ਹੋਇਆ। ਸਮਾਰੋਹ ਦੀ ਸ਼ੁਰੂਆਤ ਅਕਾਦਮਿਕ ਪ੍ਰੋਸੇਸ਼ਨ ਨਾਲ ਹੋਈ ਅਤੇ ਰਾਸ਼ਟਰੀ ਗਾਨ ਨਾਲ ਸਮਾਪਤ ਹੋਇਆ। ਇਸ ਮੌਕੇ ‘ਤੇ ਕਾਲਜ ਦੀ ਸਾਲਾਨਾ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਅਕਾਦਮਿਕ ਉਪਲੱਬਧੀਆਂ, ਸੱਭਿਆਚਾਰਕ ਗਤੀਵਿਧੀਆਂ, ਖੇਡਾਂ ਵਿੱਚ ਪ੍ਰਾਪਤ ਕੀਤੀਆਂ ਸਫਲਤਾਵਾਂ ਅਤੇ ਵਿਦਿਆਰਥੀ ਵਿਕਾਸ ਕਾਰਜਕ੍ਰਮਾਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ ਗਿਆ। ਸਮਾਰੋਹ ਦੌਰਾਨ ਕੁੱਲ 247 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ ਅਤੇ 5 ਹੋਣਹਾਰ ਵਿਦਿਆਰਥੀਆਂ ਨੂੰ ਰੋਲ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਕਵਿੰਦਰ ਗੁਪਤਾ, ਮਾਣਯੋਗ ਲੈਫਟੀਨੈਂਟ ਗਵਰਨਰ, ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ ਸਨ। ਇਹ ਮਾਣ ਦੀ ਗੱਲ ਹੈ ਕਿ ਉਨ੍ਹਾਂ ਨੇ ਆਪਣੀ ਗ੍ਰੈਜੂਏਸ਼ਨ ਇਸੇ ਕਾਲਜ ਤੋਂ ਕੀਤੀ ਅਤੇ ਅੱਜ ਇਸ ਉੱਚ ਪਦਵੀ ਤੱਕ ਪਹੁੰਚੇ ਹਨ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਮੰਚ ‘ਤੇ ਖੜ੍ਹ ਕੇ ਉਨ੍ਹਾਂ ਨੂੰ ਆਪਣੇ ਵਿਦਿਆਰਥੀ ਦਿਨਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਉਨ੍ਹਾਂ ਨੇ ਕਿਹਾ ਕਿ ਕਲਾਸਰੂਮ ਤੋਂ ਲੈ ਕੇ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਤੱਕ ਦੀ ਉਨ੍ਹਾਂ ਦੀ ਯਾਤਰਾ ਅਧਿਆਪਕਾਂ ਦੇ ਆਸ਼ੀਰਵਾਦ ਅਤੇ ਮਾਤਾ-ਪਿਤਾ ਦੇ ਸੰਸਕਾਰਾਂ ਦਾ ਨਤੀਜਾ ਹੈ। ਉਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ, ਤਕਨਾਲੋਜੀ ਅਤੇ “ਵਿਕਸਿਤ ਭਾਰਤ 2047” ਦੇ ਸੰਕਲਪ ਬਾਰੇ ਵੀ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਭੱਲਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਾਲਜ ਨੂੰ ਬੁਲੰਦੀਆਂ ‘ਤੇ ਲਿਜਾਣ ਲਈ ਉਹ ਸਰਾਹਣਯੋਗ ਉਪਰਾਲੇ ਕਰ ਰਹੇ ਹਨ। ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ ਅਤੇ ਡਾਕਟਰ ਸੰਦੀਪ ਸ਼ਰਮਾ, ਮਾਨਯੋਗ ਉਪ ਕੁਲਪਤੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਹਾਜ਼ਰ ਰਹੇ। ਸਾਬਕਾ ਪ੍ਰਿੰਸੀਪਲ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਪ੍ਰੋਫੈਸਰ ਜੀ ਐਸ ਕਲਸੀ, ਓਮ ਪ੍ਰਕਾਸ਼ ਜੀ, ਵੀ ਕੇ ਮੌਦਗਿਲ, ਕਮਲ ਕਿਸ਼ੋਰ ਅਤਰੀ, ਵੀ ਕੇ ਸਿੰਘ ਅਤੇ ਪ੍ਰੋਫੈਸਰ ਜੇ ਐਸ ਗਰੋਵਰ ਵੀ ਸਮਾਰੋਹ ਵਿੱਚ ਮੌਜੂਦ ਸਨ। ਰਜਿਸਟਰਾਰ ਪ੍ਰੋਫੈਸਰ ਸੀਮਾ ਮਹਾਜਨ ਅਤੇ ਪ੍ਰਿੰਸੀਪਲ ਅਸ਼ਵਨੀ ਕੁਮਾਰ ਭੱਲਾ ਨੇ ਸਮਾਰੋਹ ਦੀ ਅਗਵਾਈ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਅੱਜ ਬੱਚਿਆਂ ਨੂੰ ਡਿਗਰੀ ਪ੍ਰਦਾਨ ਕਰਦਿਆਂ ਉਨ੍ਹਾਂ ਨੂੰ ਆਪਣੇ ਵਿਦਿਆਰਥੀ ਦਿਨ ਯਾਦ ਆ ਗਏ। ਉਨ੍ਹਾਂ ਨੇ ਕਿਹਾ ਕਿ ਇਸ ਕਾਲਜ ਤੋਂ ਪੜ੍ਹ ਕੇ ਕਈ ਵਿਦਿਆਰਥੀ ਉੱਚ ਅਹੁਦਿਆਂ ‘ਤੇ ਪਹੁੰਚੇ ਹਨ। ਇਸ ਮੌਕੇ ‘ਤੇ ਸ੍ਰੀ ਰਮਨ ਬਹਿਲ, ਪ੍ਰਿੰਸੀਪਲ ਅਸ਼ਵਨੀ ਕੁਮਾਰ ਭੱਲਾ ਅਤੇ ਸਾਬਕਾ ਪ੍ਰਿੰਸੀਪਲ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ। ਸਮਾਰੋਹ ਦੇ ਅੰਤ ਵਿੱਚ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਇਹ ਕਨਵੋਕੇਸ਼ਨ ਸਿਰਫ਼ ਡਿਗਰੀ ਵੰਡ ਸਮਾਰੋਹ ਨਹੀਂ, ਸਗੋਂ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਮੰਚ ਸਾਬਤ ਹੋਇਆ।