ਗੈਸ ਸਿਲੰਡਰ ਦੀ ਉਡੀਕ ਵਿੱਚ ਖਪਤਕਾਰਾਂ ਦੀਆਂ ਮੁਸ਼ਕਲਾਂ ਵਧੀਆਂ ਹੋਮ ਡਿਲੀਵਰੀ ਵਿੱਚ ਛੇ ਦਿਨ ਦੀ ਦੇਰੀ

– ਸ਼ਹਿਰ ’ਚ ਗੈਸ ਦੀ ਕਿੱਲਤ ਕਾਰਨ ਕੋਲੇ ਦੀ ਮੰਗ 25 ਫੀਸਦੀ ਤੱਕ ਵਧੀ
ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : ਜ਼ਿਲ੍ਹੇ ਵਿਚ ਘਰੇਲੂ ਗੈਸ ਖਪਤਕਾਰਾਂ ਨੂੰ ਅਜੇ ਤੱਕ ਰਾਹਤ ਨਹੀਂ ਮਿਲ ਸਕੀ ਹੈ। ਆਨਲਾਈਨ ਬੁਕਿੰਗ ਦੀ ਸਹੂਲਤ ਸ਼ੁਰੂ ਹੋਣ ਦੇ ਬਾਵਜੂਦ ਸਿਲੰਡਰ ਦੀ ਹੋਮ ਡਿਲੀਵਰੀ ਵਿਚ ਪੰਜ ਤੋਂ ਛੇ ਦਿਨ ਦੀ ਦੇਰੀ ਹੋ ਰਹੀ ਹੈ। ਇਸ ਨਾਲ ਏਜੰਸੀਆਂ ਦੇ ਬਾਹਰ ਖਪਤਕਾਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਲੋਕਾਂ ਨੂੰ ਇਕ ਸਿਲੰਡਰ ਲਈ ਔਸਤਨ 30 ਤੋਂ 32 ਦਿਨ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ ਜਦਕਿ ਆਮ ਸਥਿਤੀਆਂ ਵਿਚ ਇਕ ਸਿਲੰਡਰ 25 ਤੋਂ 28 ਦਿਨ ਹੀ ਚੱਲ ਪਾਉਂਦਾ ਹੈ। ਖਪਤਕਾਰਾਂ ਦਾ ਕਹਿਣਾ ਹੈ ਕਿ ਗੈਸ ਕੰਪਨੀਆਂ ਨੇ ਪਹਿਲਾਂ ਹੀ ਸਿਲੰਡਰ ਬੁਕਿੰਗ ਲਈ 25 ਦਿਨ ਦਾ ਸਮਾਂ ਨਿਰਧਾਰਤ ਕਰ ਰੱਖਿਆ ਹੈ। ਇਸ ਤੋਂ ਬਾਅਦ ਵੀ ਹੋਮ ਡਿਲੀਵਰੀ ਵਿਚ ਛੇ ਦਿਨ ਤੱਕ ਦਾ ਵਾਧੂ ਸਮਾਂ ਲੱਗ ਰਿਹਾ ਹੈ। ਔਰਤਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਘਰ ਦੇ ਖਾਣ-ਪੀਣ ਦੇ ਪ੍ਰਬੰਧ ਨੂੰ ਲੈ ਕੇ ਚਿੰਤਾ ਸਤਾਉਣ ਲੱਗੀ ਹੈ।
ਬੀਬੀ ਰਜਨੀ ਨੇ ਦੱਸਿਆ ਕਿ ਆਨਲਾਈਨ ਬੁਕਿੰਗ ਤਾਂ ਕਰ ਦਿੱਤੀ ਗਈ ਹੈ ਪਰ ਸਿਲੰਡਰ ਆਉਣ ਵਿਚ ਹਫ਼ਤਾ ਭਰ ਲੱਗ ਰਿਹਾ ਹੈ। ਏਜੰਸੀ ’ਤੇ ਫ਼ੋਨ ਕਰੀਏ ਤਾਂ ਰਟਿਆ-ਰਟਾਇਆ ਜਵਾਬ ਮਿਲਦਾ ਹੈ ਕਿ ਜਲਦੀ ਹੀ ਸਿਲੰਡਰ ਪਹੁੰਚ ਜਾਵੇਗਾ। ਪਿਛਲਾ ਸਿਲੰਡਰ 28 ਦਿਨ ਵਿਚ ਹੀ ਖ਼ਤਮ ਹੋ ਗਿਆ ਸੀ ਤੇ ਨਵਾਂ ਮਿਲਣ ਵਿਚ ਹੁਣ 32 ਦਿਨ ਲੱਗ ਰਹੇ ਹਨ। ਅਜਿਹੇ ਵਿਚ ਘਰ ਵਿਚ ਖਾਣਾ ਬਣਾਉਣਾ ਮੁਸ਼ਕਲ ਹੋ ਗਿਆ ਹੈ। ਗੈਸ ਸਿਲੰਡਰਾਂ ਦੀ ਲਗਾਤਾਰ ਕਿੱਲਤ ਦੇ ਚਲਦੇ ਲੋਕ ਹੁਣ ਰਵਾਇਤੀ ਬਾਲਣ ਕੋਲੇ ਤੇ ਲੱਕੜ ਵੱਲ ਰੁਖ਼ ਕਰ ਰਹੇ ਹਨ। ਸ਼ਹਿਰੀ ਖੇਤਰਾਂ ਵਿਚ ਵੀ ਲੋਕ ਕੋਲਾ ਖਰੀਦਣ ਲਈ ਦੁਕਾਨਾਂ ਦਾ ਰੁਖ਼ ਕਰ ਰਹੇ ਹਨ। ਸਥਾਨਕ ਕੋਲਾ ਕਾਰੋਬਾਰੀਆਂ ਅਨੁਸਾਰ ਪਿਛਲੇ ਕੁਝ ਹਫ਼ਤਿਆਂ ਵਿਚ ਕੋਲੇ ਦੀ ਮੰਗ ਵਿਚ ਕਰੀਬ 25 ਫੀਸਦੀ ਦਾ ਵਾਧਾ ਹੋਇਆ ਹੈ। ਕੋਲਾ ਕਾਰੋਬਾਰੀਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਦੀ ਤੁਲਨਾ ਵਿਚ ਇਸ ਵਾਰ ਕੋਲੇ ਦੀ ਵਿਕਰੀ ਕਾਫ਼ੀ ਵਧ ਗਈ ਹੈ। ਲੋਕ ਪਹਿਲਾਂ ਨਾਲੋਂ ਵੱਧ ਮਾਤਰਾ ਵਿਚ ਖਰੀਦਦਾਰੀ ਕਰ ਰਹੇ ਹਨ। ਗੈਸ ਨਾ ਮਿਲਣ ਕਾਰਨ ਲੋਕਾਂ ਨੇ ਕੋਲਾ ਤੇ ਲੱਕੜ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ। ਖਪਤਕਾਰਾਂ ਕੋਲ ਮਜਬੂਰੀ ਵਿਚ ਇਹੀ ਬਦਲ ਬਚ ਰਿਹਾ ਹੈ।
--ਗੈਸ ਏਜੰਸੀਆਂ ਦੇ ਬਾਹਰ ਲੱਗ ਰਹੀਆਂ ਲਾਈਨਾਂ--
ਹਾਲਾਂਕਿ ਗੈਸ ਕੰਪਨੀਆਂ ਨੇ ਆਨਲਾਈਨ ਬੁਕਿੰਗ ਦੀ ਵਿਵਸਥਾ ਨੂੰ ਸੁਚਾਰੂ ਕਰ ਦਿੱਤਾ ਹੈ, ਪਰ ਡਿਲੀਵਰੀ ਵਿੱਚ ਹੋ ਰਹੀ ਦੇਰੀ ਦੇ ਕਾਰਨ ਏਜੰਸੀਆਂ ਦੇ ਬਾਹਰ ਲੋਕਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਲੋਕ ਆਪ ਸਿਲੰਡਰ ਲੈਣ ਲਈ ਏਜੰਸੀਆਂ ’ਤੇ ਪਹੁੰਚ ਰਹੇ ਹਨ, ਤਾਂ ਜੋ ਘੱਟ ਤੋਂ ਘੱਟ ਸਮੇਂ ਵਿਚ ਉਨ੍ਹਾਂ ਨੂੰ ਗੈਸ ਮਿਲ ਸਕੇ। ਏਜੰਸੀ ਸੰਚਾਲਕਾਂ ਦਾ ਕਹਿਣਾ ਹੈ ਕਿ ਸਿਲੰਡਰਾਂ ਦੀ ਬੁਕਿੰਗ ਜ਼ਿਆਦਾ ਹੈ ਜਦਕਿ ਡਿਲੀਵਰੀ ਬੁਆਏਜ਼ ਦੀ ਗਿਣਤੀ ਘੱਟ ਹੈ, ਜਿਸ ਨਾਲ ਹੋਮ ਡਿਲੀਵਰੀ ਵਿਚ ਦੇਰੀ ਹੋ ਰਹੀ ਹੈ। ਲੋਕਾਂ ਦੀ ਵਧਦੀ ਪਰੇਸ਼ਾਨੀ ਦੇ ਵਿਚਕਾਰ ਗੈਸ ਏਜੰਸੀਆਂ ਨੇ ਆਸ਼ਾ ਜਤਾਈ ਹੈ ਕਿ ਅਗਲੇ ਹਫ਼ਤੇ ਤੱਕ ਗੈਸ ਦੀ ਸਪਲਾਈ ਸੁਚਾਰੂ ਹੋ ਜਾਵੇਗੀ। ਹਾਲਾਂਕਿ, ਖਪਤਕਾਰਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੁੰਦਾ ਨਹੀਂ ਦਿਖ ਰਿਹਾ।
ਖਪਤਕਾਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਮਹਿੰਗਾਈ ਦੇ ਦੌਰ ਵਿਚ ਘਰੇਲੂ ਗੈਸ ਦਾ ਮੁੱਲ ਅਸਮਾਨ ਨੂੰ ਛੂਹ ਰਿਹਾ ਹੈ, ਉੱਪਰੋਂ ਡਿਲੀਵਰੀ ਵਿਚ ਹੋ ਰਹੀ ਦੇਰੀ ਉਨ੍ਹਾਂ ਲਈ ਮੁਸੀਬਤ ਹੋਰ ਵਧਾ ਰਹੀ ਹੈ। ਉਨ੍ਹਾਂ ਦੀ ਮੰਗ ਹੈ ਕਿ ਗੈਸ ਏਜੰਸੀਆਂ ਡਿਲੀਵਰੀ ਦੀ ਸਮਾਂ-ਹੱਦ ਦਾ ਪਾਲਣ ਕਰਨ ਤੇ ਸਪਲਾਈ ਨੂੰ ਰੈਗੂਲਰ ਕੀਤਾ ਜਾਵੇ।