ਉਸਾਰੀ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
ਉਸਾਰੀ ਵਰਕਰਾਂ ਨੇ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ
Publish Date: Sat, 10 Jan 2026 03:50 PM (IST)
Updated Date: Sun, 11 Jan 2026 04:00 AM (IST)
-ਇਫਟੂ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਕਮਲਜੀਤ ਸਿੰਘ ਫੁੱਲ, ਪੰਜਾਬੀ ਜਾਗਰਣ
ਤਾਰਾਗੜ੍ਹ: ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ (ਇਫਟੂ) ਦੀ ਸੂਬਾ ਕਮੇਟੀ ਦੇ ਸੱਦੇ ਤੇ ਉਸਾਰੀ ਵਰਕਰਾਂ ਵਲੋਂ ਟੋਲ ਪਲਾਜ਼ਾ ਲਦਪਾਲਵਾਂ ਵਿਖੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਲੇਬਰ ਕੋਡਾਂ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਗਟ ਕੀਤਾ। ਇਫਟੂ ਵਰਕਰਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਇਫਟੂ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਜਗਤਪੁਰ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਕਮਲ ਕਿਸ਼ੋਰ ਗੁਰਦਾਸਪੁਰ ਭਾਈਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡ ਦੇਸ਼ ਦੇ ਮਜ਼ਦੂਰ ਵਰਗ ਉੱਤੇ ਬਹੁਤ ਹੀ ਮਾਰੂ ਹਮਲਾ ਹੈ। ਇਹ ਮਜ਼ਦੂਰ ਜਮਾਤ ਕੋਲੋਂ ਉਸਦੇ ਬੁਨਿਆਦੀ ਅਧਿਕਾਰ ਖੋਹ ਲੈਂਦੇ ਹਨ। ਇਹ ਅਧਿਕਾਰ ਮਜ਼ਦੂਰਾਂ ਨੇ ਅਣਗਿਣਤ ਕੁਰਬਾਨੀਆਂ ਕਰਕੇ ਪ੍ਰਾਪਤ ਕੀਤੇ ਸਨ।
ਨਵੇਂ ਕਿਰਤ ਕਾਨੂੰਨ ਮਜ਼ਦੂਰ ਜਮਾਤ ਕੋਲੋਂ ਉਨ੍ਹਾਂ ਦਾ ਯੂਨੀਅਨ ਬਣਾਉਣ ਦਾ ਅਧਿਕਾਰ, ਹੜਤਾਲ ਕਾਰਨ ਦਾ ਅਧਿਕਾਰ ਖੋਂਹਦੇ ਹਨ, ਰੁਜ਼ਗਾਰ ਸੁਰੱਖਿਆ ਨੂੰ ਖਤਮ ਕਰਦੇ ਹਨ, ਪੱਕੀਆਂ ਨੌਕਰੀਆਂ ਨੂੰ ਖ਼ਤਮ ਕਰਦੇ ਹਨ, ਮਜ਼ਦੂਰਾਂ ਦੀ ਸੁੱਰਖਿਆ ਪ੍ਰਤੀ ਮਾਲਕਾਂ ਦੀ ਜਵਾਬਦੇਹੀ ਨੂੰ ਖ਼ਤਮ ਕਰਦੇ ਹਨ। ਇਫਟੂ ਆਗੂਆਂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਪੰਜਾਬ ਦੀ ਸੱਤਾ ਉੱਤੇ ਕਾਬਜ਼ ਨਹੀਂ ਸੀ ਉਸ ਸਮੇਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਧਰਨਿਆਂ ਦੀ ਹਮਾਇਤ ਕੀਤੀ ਸੀ ਅਤੇ ਮੌਜੂਦਾ ਰਾਜ ਦੇ ਵਿੱਤ ਮੰਤਰੀ ਨੇ ਖੁਦ ਵੀ ਇਨ੍ਹਾਂ ਧਰਨਿਆਂ ਵਿੱਚ ਹਿੱਸਾ ਲਿਆ ਸੀ। ਪਰ ਅੱਜ ਇਹੀ ਸਰਕਾਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਦੀ ਗੈਰਕਾਨੂੰਨੀ ਗ੍ਰਿਫਤਾਰੀ ‘ਤੇ ਉਤਰ ਆਈ ਹੈ।
ਇਸ ਮੌਕੇ ਜੋਨੀ ਫੂਲਪੁਰੀ, ਦਰਸ਼ਨ ਪਾਲ, ਮਨੋਜ ਕੁਮਾਰ, ਚੰਨਣ ਪਾਲ ਤਾਰਾਗੜ੍ਹ ਬਿੱਟੂ, ਕਵੀਰਾਜ, ਸਾਂਝੀ ਰਾਮ, ਜੋਗਿੰਦਰ ਪਾਲ, ਬਲਵਿੰਦਰ ਕੁਮਾਰ, ਸੰਜੀਵ ਕੁਮਾਰ, ਗੁਲਜ਼ਾਰੀ ਲਾਲ, ਰਾਮ ਨਾਥ, ਬਲਵੰਤ ਰਾਜ, ਬਲਦੇਵ ਰਾਜ, ਸੁਰੇਸ਼ ਕੁਮਾਰ, ਰਛਪਾਲ, ਬਲਵੀਰ, ਪਰਸ਼ੋਤਮ ਲਾਲ, ਯੋਧ ਰਾਜ, ਰਮੇਸ਼ ਕੁਮਾਰ, ਸੁਰੇਸ਼, ਸਿੰਘ, ਰਮਨ ਸ਼ਰਮਾ, ਰਿਚਾ ਸ਼ਰਮਾ, ਸੋਨੂੰ ਬਰਿਆਰ, ਰਿੰਪਾ, ਰਾਜੀਵ ਕੁਮਾਰ, ਰਾਮ ਲਾਲ ਆਦਿ ਹਾਜ਼ਰ ਸਨ।