ਸ੍ਰੀ ਹਰਗੋਬਿੰਦਪੁਰ ’ਚ ਸਿਵਲ ਹਸਪਤਾਲ ਬਣਿਆ ਚਿੱਟਾ ਹਾਥੀ
ਸ੍ਰੀ ਹਰਗੋਬਿੰਦਪੁਰ ’ਚ ਸਿਵਲ ਹਸਪਤਾਲ ਬਣਿਆ ਚਿੱਟਾ ਹਾਥੀ
Publish Date: Wed, 25 Feb 2026 04:17 PM (IST)
Updated Date: Wed, 25 Feb 2026 04:19 PM (IST)
ਬੀਟੀਐੱਲ5 ਕਰੋੜਾਂ ਰੁਪਏ ਖਰਚ ਕੇ ਸਿਵਲ ਹਸਪਤਾਲ ਤਲਵਾੜਾ (ਸ੍ਰੀ ਹਰਗੋਬਿੰਦਪੁਰ ਸਾਹਿਬ) ਦੀ ਵਿਰਾਨ ਪਈ ਬਿਲਡਿੰਗ।
ਬੀਟੀਐੱਲ6 ਗੱਲਬਾਤ ਕਰਦੇ ਹੋਏ ਨਵਦੀਪ ਸਿੰਘ ਪੰਨੂ ਪ੍ਰਧਾਨ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਹੋਰ ਕੌਂਸਲਰਾਂ ਨਾਲ।
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਸ੍ਰੀ ਹਰਗੋਬਿੰਦਪੁਰ ਸਾਹਿਬ : ਕਸਬਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਸਿਹਤ ਸੇਵਾਵਾਂ ਨੂੰ ਲੈ ਕੇ ਲੋਕਾਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ। ਪਿਛਲੇ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਦੇ ਬੰਦ ਹੋਣ ਕਾਰਨ ਐਮਰਜੈਂਸੀ ਸੇਵਾਵਾਂ ਨੂੰ ਲੈ ਕੇ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ, ਕੌਂਸਲਰ ਗੁਰਮੁਖ ਸਿੰਘ, ਕੌਂਸਲਰ ਰਤਨ ਸਿੰਘ, ਗੁਰਪ੍ਰੀਤ ਸਿੰਘ ਸੈਨੀ, ਬੋਧਰਾਜ ਕੌਂਸਲਰ, ਜਸ਼ਨ ਚੀਮਾ, ਮੋਹਲ ਲਾਲ ਕਾਲੀਆ ਨੇ ਪੰਜਾਬ ਦੇ ਸਿਹਤ ਮੰਤਰੀ ਨੂੰ ਇੱਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਤੁਰੰਤ ਦਖ਼ਲ ਦੇਣ ਦੇ ਕੇ ਬੰਦ ਪਏ ਹਸਪਤਾਲ ਨੂੰ ਚਾਲੂ ਕੀਤਾ ਜਾਵੇ ਅਤੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। 108 ਐਂਬੂਲੈਂਸ ਦੀ ਦੂਰੀ ਹੋਣ ਕਾਰਨ ਲੋਕਾਂ ਨੂੰ ਆ ਰਹੀ ਮੁਸ਼ਕਲ....
ਨਗਰ ਕੌਸ਼ਲ ਪ੍ਰਧਾਨ ਨਵਦੀਪ ਸਿੰਘ ਪੰਨੂ ਦਾ ਕਹਿਣਾ ਹੈ ਕਿ ਸ੍ਰੀ ਹਰਗੋਬਿੰਦਪੁਰ ਦੇ ਕੇਂਦਰੀ ਹਿੱਸੇ ਵਿੱਚ ਕੋਈ ਵੀ 108 ਐਂਬੂਲੈਂਸ ਤਾਇਨਾਤ ਨਹੀਂ ਹੈ। ਸਭ ਤੋਂ ਨੇੜਲੀ ਐਂਬੂਲੈਂਸ ਲਗਭਗ 10 ਕਿਲੋਮੀਟਰ ਦੀ ਦੂਰੀ ''ਤੇ ਖੜ੍ਹਦੀ ਹੈ।
ਉਨ੍ਹਾਂ ਕਿਹਾ ਕਿ ਦਿਲ ਦੇ ਦੌਰੇ ਅਤੇ ਸੜਕ ਹਾਦਸਿਆਂ ਵਿੱਚ ਸਿਰ ਦੀਆਂ ਗੰਭੀਰ ਸੱਟਾਂ ਦੇ ਮਾਮਲੇ ਵਿੱਚ ਮਰੀਜ਼ ਲਈ ਪਹਿਲਾ ਇੱਕ ਘੰਟਾ ਬਹੁਤ ਮਹੱਤਵਪੂਰਨ ਹੁੰਦਾ ਹੈ, ਪਰ ਐਂਬੂਲੈਂਸ ਦੀ ਦੂਰੀ ਹੋਣ ਕਾਰਨ ਸਮੇਂ ਸਿਰ ਮੁੱਢਲੀ ਸਹਾਇਤਾ ਨਹੀਂ ਮਿਲਦੀ।
ਹਲਕੇ ਵਿੱਚ ਕੋਈ ਵੀ ਅਜਿਹਾ ਵੱਡਾ ਹਸਪਤਾਲ ਨਹੀਂ ਹੈ ਜੋ ਟਰਾਮਾ ਜਾਂ ਗੰਭੀਰ ਬਿਮਾਰੀਆਂ ਨੂੰ ਸੰਭਾਲ ਸਕੇ। ਮਰੀਜ਼ਾਂ ਨੂੰ ਮਜ਼ਬੂਰਨ ਬਟਾਲਾ, ਗੁਰਦਾਸਪੁਰ ਜਾਂ ਅੰਮ੍ਰਿਤਸਰ ਵੱਲ ਭੱਜਣਾ ਪੈਂਦਾ ਹੈ। ਸਿਹਤ ਮੰਤਰੀ ਨੂੰ ਭੇਜੇ ਪੱਤਰ ਵਿੱਚ ਸ਼ਹਿਰ ਵਾਸੀਆਂ ਦੀਆਂ ਮੁੱਖ ਮੰਗਾਂ ਵਿਚ ਏਐੱਲਐੱਸ ਐਂਬੂਲੈਂਸ: ਹਲਕੇ ਦੇ ਕੇਂਦਰ ਵਿੱਚ ਪੱਕੇ ਤੌਰ ''ਤੇ ਇੱਕ ਐਡਵਾਂਸ ਲਾਈਫ ਸਪੋਰਟ ਏਐੱਲਐੱਸ ਐਂਬੂਲੈਂਸ ਤਾਇਨਾਤ ਕੀਤੀ ਜਾਵੇ। ਅਪਗ੍ਰੇਡ ਸਹੂਲਤਾਂ: ਸਥਾਨਕ ਡਿਸਪੈਂਸਰੀ ਨੂੰ ਅਪਗ੍ਰੇਡ ਕਰਕੇ ਕਮਿਊਨਿਟੀ ਹੈਲਥ ਸੈਂਟਰ (ਸੀ ਐਚ ਸੀ) ਬਣਾਇਆ ਜਾਵੇ। ਰਾਤ ਦੇ ਸਮੇਂ ਡਾਕਟਰਾਂ, ਨਰਸਾਂ ਅਤੇ ਐਮਰਜੈਂਸੀ ਉਪਕਰਨਾਂ (ਐੱਕਸਰੇਅ, ਲੈਬ ਟੈਸਟ ) ਦੀ ਉਪਲਬਧਤਾ ਯਕੀਨੀ ਬਣਾਈ ਜਾਵੇ। ਸ੍ਰੀ ਹਰਗੋਬਿੰਦਪੁਰ ਹਲਕਾ ਸਿਹਤ ਸਹੂਲਤਾਂ ਪੱਖੋਂ ਬਹੁਤ ਪਛੜਿਆ ਹੋਇਆ ਹੈ। ਇਲਾਕਾ ਨਿਵਾਸੀਆਂ ਨੇ ਸਰਕਾਰ ਤੋਂ ਮੰਗ ਹੈ ਕੇ ਕਿ ਸਾਨੂੰ ਸਿਰਫ਼ ਚੋਣਾਂ ਵੇਲੇ ਵੋਟਾਂ ਵਜੋਂ ਨਾ ਦੇਖਿਆ ਜਾਵੇ, ਸਗੋਂ ਸਾਡੀਆਂ ਜਾਨਾਂ ਦੀ ਕੀਮਤ ਵੀ ਸਮਝੀ ਜਾਵੇ।