ਮੁੱਖ ਮੰਤਰੀ ਨੇ ਕਾਦੀਆਂ ਹਲਕੇ ਦਾ ਦੌਰਾ ਕਰਨ ਦਾ ਦਿੱਤਾ ਭਰੋਸਾ : ਸੇਖਵਾਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਦੀਆਂ ਹਲਕੇ ਦਾ ਜਲਦੀ ਦੌਰਾ ਕਰਨ ਦਾ ਦਿੱਤਾ ਭਰੋਸਾ : ਐਡਵੋਕੇਟ ਜਗਰੂਪ ਸੇਖਵਾਂ
Publish Date: Sat, 03 Jan 2026 05:11 PM (IST)
Updated Date: Sun, 04 Jan 2026 04:06 AM (IST)
ਕਸ਼ਮੀਰ ਸਿੰਘ ਸੰਧੂ, ਪੰਜਾਬੀ ਜਾਗਰਣ
ਕਾਦੀਆਂ : ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਨਵੇਂ ਸਾਲ ਦੀਆਂ ਦਿਲੋਂ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਲੰਬੀ ਉਮਰ ਲਈ ਅਰਦਾਸ ਕੀਤੀ, ਤਾਂ ਜੋ ਉਹ ਪੰਜਾਬ ਦੀ ਸੇਵਾ ਨਿਰੰਤਰ ਨਿਭਾਉਂਦੇ ਰਹਿਣ। ਇਸ ਮੁਲਾਕਾਤ ਦੌਰਾਨ ਕਾਦੀਆਂ ਵਿਧਾਨ ਸਭਾ ਹਲਕੇ ਦੇ ਵਿਕਾਸ ਕਾਰਜਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ। ਧਾਰੀਵਾਲ ਸ਼ਹਿਰ ਲਈ ਸੀਵਰੇਜ ਅਤੇ ਵਾਟਰ ਟ੍ਰੀਟਮੈਂਟ ਪ੍ਰੋਜੈਕਟਾਂ ਲਈ ਮੁੱਖ ਮੰਤਰੀ ਜੀ ਦਾ ਦਿਲੋਂ ਧੰਨਵਾਦ ਕੀਤਾ, ਜੋ ਨਗਰ ਵਾਸੀਆਂ ਲਈ ਵੱਡੀ ਸਹੂਲਤ ਸਾਬਤ ਹੋਣਗੇ। ਇਸਦੇ ਨਾਲ ਹੀ ਧਾਰੀਵਾਲ ਸ਼ਹਿਰ ਦੇ ਸੁੰਦਰੀਕਰਨ (ਸ਼ਹਿਰੀ ਹਿੱਸਾ) ਰੋਡ ਪ੍ਰੋਜੈਕਟ ਲਈ ਵੀ ਧੰਨਵਾਦ ਕੀਤਾ। ਕਾਦੀਆਂ ਸ਼ਹਿਰ ਦੇ ਸੀਵਰੇਜ ਪ੍ਰੋਜੈਕਟ ਨੂੰ ਤੁਰੰਤ ਅਮਲ ਵਿੱਚ ਲਿਆਉਣ ਦੀ ਬੇਨਤੀ ਵੀ ਕੀਤੀ, ਕਿਉਂਕਿ ਇਹ ਸ਼ਹਿਰ ਦੀ ਮੁੱਖ ਅਤੇ ਪੁਰਾਣੀ ਮੰਗ ਹੈ। ਕਾਦੀਆਂ ਵਿੱਚ ਨਵੀਆਂ ਪਾਣੀ ਸਪਲਾਈ ਲਾਈਨਾਂ ਅਤੇ ਲੱਗਭੱਗ ਰੁਪਏ 10 ਕਰੋੜ ਦੀ ਲਾਗਤ ਨਾਲ ਨਵੇਂ ਵਾਟਰ ਟੈਂਕ ਲਈ ਵੀ ਸੇਖਵਾਂ ਨੇ ਧੰਨਵਾਦ ਪ੍ਰਗਟ ਕੀਤਾ, ਜਿਸ ਨਾਲ ਸ਼ਹਿਰ ਨੂੰ ਸੁਚੱਜੀ ਅਤੇ ਸਥਿਰ ਪਾਣੀ ਸਪਲਾਈ ਮਿਲੇਗੀ।
ਮੁੱਖ ਮੰਤਰੀ ਦਾ ਕਾਦੀਆਂ ਵਿਧਾਨ ਸਭਾ ਹਲਕੇ ਲਈ ਰੁਪਏ 100 ਕਰੋੜ ਤੋਂ ਵੱਧ ਦੇ ਸੜਕ ਪ੍ਰੋਜੈਕਟਾਂ ਨੂੰ ਲਗਭਗ ਮਨਜ਼ੂਰੀ ਦੇਣ ਲਈ ਵੀ ਧੰਨਵਾਦ ਕੀਤਾ, ਜਿਸ ਵਿੱਚ ਨਵੀਆਂ ਲਿੰਕ ਸੜਕਾਂ, ਮੁੱਖ ਸੜਕਾਂ ਦੀ ਚੌੜਾਈ, ਪੁਲਾਂ ਦੀ ਤਿਆਰੀ ਅਤੇ ਮਜ਼ਬੂਤੀ, ਸੜਕਾਂ ਦੀ ਮੁਰੰਮਤ ਅਤੇ ਅਪਗ੍ਰੇਡੇਸ਼ਨ ਇਸ ਤੋਂ ਇਲਾਵਾ 25 ਪਿੰਡਾਂ ਦੇ ਸਟੇਡੀਅਮਾਂ ਦੇ ਵਿਕਾਸ ਕਾਰਜ, ਜੋ ਇਸ ਸਮੇਂ ਚੱਲ ਰਹੇ ਹਨ, ਲਈ ਵੀ ਸੇਖਵਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ, ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਣਾ ਮਿਲੇਗੀ। ਮਾਣਯੋਗ ਮੁੱਖ ਮੰਤਰੀ ਨੇ ਕਾਦੀਆਂ ਹਲਕੇ ਦੇ ਸਰਬਪੱਖੀ ਵਿਕਾਸ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਜਲਦੀ ਹੀ ਹਲਕੇ ਦਾ ਦੌਰਾ ਕਰਨ ਦਾ ਵਾਅਦਾ ਵੀ ਕੀਤਾ।
ਇਹ ਸਾਰੇ ਵਿਕਾਸ ਕਾਰਜ ਕਾਦੀਆਂ ਅਤੇ ਧਾਰੀਵਾਲ ਦੇ ਲੋਕਾਂ ਲਈ ਤਰੱਕੀ ਅਤੇ ਖੁਸ਼ਹਾਲੀ ਦਾ ਨਵਾਂ ਦੌਰ ਲਿਆਉਣਗੇ।