ਬਦਲਦੇ ਮੌਸਮ ਕਾਰਨ ਕਣਕ ਦੀ ਫਸਲ ’ਤੇ ਪੈ ਰਿਹਾ ਪ੍ਰਭਾਵ, ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ
ਬਦਲਦੇ ਮੌਸਮ ਕਾਰਨ ਕਣਕ ਦੀ ਫਸਲ ‘ਤੇ ਪੈ ਰਿਹਾ ਪ੍ਰਭਾਵ, ਖੇਤੀਬਾੜੀ ਵਿਭਾਗ ਨੇ ਜਾਰੀ ਕੀਤੀ ਐਡਵਾਈਜ਼ਰੀ
Publish Date: Sat, 07 Mar 2026 06:05 PM (IST)
Updated Date: Sun, 08 Mar 2026 04:12 AM (IST)

ਜੀਆਰਪੀ- ਮੁੱਖ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ। ਆਕਾਸ਼, ਪੰਜਾਬੀ ਜਾਗਰਣ ਗੁਰਦਾਸਪੁਰ : ਬਦਲਦੇ ਮੌਸਮ ਅਤੇ ਵਧ ਰਹੇ ਤਾਪਮਾਨ ਕਾਰਨ ਕਣਕ ਦੀ ਫਸਲ ‘ਤੇ ਪੈ ਰਹੇ ਪ੍ਰਭਾਵ ਨੂੰ ਦੇਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਣਧੀਰ ਸਿੰਘ ਠਾਕੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਫਸਲ ਦਾ ਨਿਰੰਤਰ ਵੇਖ-ਰੇਖ ਕਰਦੇ ਰਹਿਣ ਅਤੇ ਗਰਮੀ ਦੇ ਵਧ ਰਹੇ ਪ੍ਰਭਾਵ ਤੋਂ ਕਣਕ ਦੀ ਫਸਲ ਨੂੰ ਬਚਾਉਣ ਲਈ ਲੋੜ ਅਨੁਸਾਰ ਹਲਕਾ ਪਾਣੀ ਲਗਾਉਣ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਬਹੁਤੇ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਨਵੰਬਰ ਦੇ ਪਹਿਲੇ ਪੰਦਰਵਾੜੇ ਤੱਕ ਕਰ ਦਿੱਤੀ ਗਈ ਸੀ, ਜੋ ਕਿ ਬਿਜਾਈ ਦਾ ਬਿਲਕੁਲ ਢੁਕਵਾਂ ਸਮਾਂ ਸੀ। ਇਸ ਸਮੇਂ ਕਣਕ ਦੀ ਫਸਲ ਦਾਣੇ ਬਣਨ ਦੇ ਪੜਾਅ ਵਿੱਚ ਦਾਖਲ ਹੋ ਰਹੀ ਹੈ ਅਤੇ ਇਸ ਦੌਰਾਨ ਵਧ ਰਹੇ ਤਾਪਮਾਨ ਦਾ ਫਸਲ ‘ਤੇ ਸਿੱਧਾ ਅਸਰ ਪੈਂਦਾ ਹੈ। ਡਾ. ਠਾਕੁਰ ਨੇ ਦੱਸਿਆ ਕਿ ਕਣਕ ਦੀ ਫਸਲ ਦਾਣੇ ਪੈਣ ਦੇ ਸਮੇਂ ਵਧਦੇ ਤਾਪਮਾਨ ਪ੍ਰਤੀ ਕਾਫੀ ਸੰਵੇਦਨਸ਼ੀਲ ਹੁੰਦੀ ਹੈ। ਜੇਕਰ ਦਿਨ ਦਾ ਤਾਪਮਾਨ 35 ਡਿਗਰੀ ਸੈਲਸੀਅਸ ਤੋਂ ਵੱਧ ਹੋ ਜਾਵੇ ਤਾਂ ਕਣਕ ਦੇ ਦਾਣੇ ਪਤਲੇ ਰਹਿ ਸਕਦੇ ਹਨ, ਫਸਲ ਸਮੇਂ ਤੋਂ ਪਹਿਲਾਂ ਪੱਕ ਸਕਦੀ ਹੈ ਅਤੇ ਪੈਦਾਵਾਰ ਵਿੱਚ ਵੀ ਕਮੀ ਆ ਸਕਦੀ ਹੈ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਕਣਕ ਦੇ ਸਿੱਟੇ ਨਿਕਲਣ ਅਤੇ ਪੱਕਣ ਦੇ ਸਮੇਂ ਪਾਣੀ ਦੀ ਬਹੁਤ ਮਹੱਤਤਾ ਹੁੰਦੀ ਹੈ। ਇਸ ਲਈ ਕਿਸਾਨ ਫਸਲ ਨੂੰ ਹਮੇਸ਼ਾ ਗਿੱਲੇ ਵੱਤਰ ‘ਤੇ ਹੀ ਪਾਣੀ ਲਗਾਉਣ। ਜੇਕਰ ਸੁੱਕੇ ਵੱਤਰ ‘ਤੇ ਪਾਣੀ ਲਗਾਇਆ ਗਿਆ ਤਾਂ ਹਲਕੀ ਹਵਾ ਚੱਲਣ ਨਾਲ ਵੀ ਫਸਲ ਡਿੱਗਣ ਦਾ ਖਤਰਾ ਬਣ ਸਕਦਾ ਹੈ। ਇਸ ਤੋਂ ਇਲਾਵਾ ਪਾਣੀ ਲਗਾਉਣ ਸਮੇਂ ਹਵਾ ਦੀ ਰਫ਼ਤਾਰ ਅਤੇ ਰੁਖ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਜਦੋਂ ਫਸਲ ਗੋਭ ਵਾਲੀ ਅਵਸਥਾ ਵਿੱਚ ਹੋਵੇ ਤਾਂ ਗਰਮੀ ਦੇ ਪ੍ਰਭਾਵ ਤੋਂ ਬਚਾਉਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ ਕਰਨਾ ਲਾਹੇਵੰਦ ਹੁੰਦਾ ਹੈ। ਪਹਿਲਾ ਸਪਰੇਅ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜਾ ਬੂਰ ਪੈਣ ਸਮੇਂ ਕਰਨ ਨਾਲ ਫਸਲ ਨੂੰ ਤਾਪਮਾਨ ਦੇ ਪ੍ਰਭਾਵ ਤੋਂ ਬਚਾਉਣ ਵਿੱਚ ਮਦਦ ਮਿਲਦੀ ਹੈ ਅਤੇ ਪੈਦਾਵਾਰ ‘ਤੇ ਵੀ ਸਕਾਰਾਤਮਕ ਅਸਰ ਪੈਂਦਾ ਹੈ। ਡਾ. ਰਣਧੀਰ ਸਿੰਘ ਠਾਕੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਫਸਲ ਦੀ ਸੰਭਾਲ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਸਲਾਹ ਲਈ ਆਪਣੇ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ।