ਵਿਧਾਇਕ ਰੰਧਾਵਾ ਦੇ ਪਿੰਡ ਚੱਲੀਆਂ ਗੋਲੀਆਂ
ਵਿਧਾਇਕ ਰੰਧਾਵਾ ਦੇ ਪਿੰਡ ਚੱਲੀਆਂ ਗੋਲੀਆਂ
Publish Date: Wed, 25 Mar 2026 05:41 PM (IST)
Updated Date: Wed, 25 Mar 2026 05:44 PM (IST)
ਧਰਮਿੰਦਰ ਬਾਠ/ ਨਿਸ਼ਾਨ ਰੰਧਾਵਾ, ਪੰਜਾਬੀ ਜਾਗਰਣ
ਫਤਿਹਗੜ ਚੂੜੀਆਂ/ਧਿਆਨਪੁਰ : ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਦੇ ਪਿੰਡ ਸ਼ਾਹਪੁਰ ਜਾਜਨ 'ਚ ਨੌਜਵਾਨਾਂ ’ਚ ਗੋਲੀਆਂ ਚੱਲੀਆਂ ਹਨ, ਜਿਸ ਨਾਲ ਇੱਕ ਨੌਜਵਾਨ ਗੋਲੀਆਂ ਲੱਗਣ ਨਾਲ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਹੈ। ਜ਼ਖ਼ਮੀ ਨੌਜਵਾਨ ਇਲਾਜ ਲਈ ਕਸਬਾ ਫਤਹਿਗੜ੍ਹ ਚੂੜੀਆਂ ਦੇ ਸਿਵਲ ਹਸਪਤਾਲ ’ਚ ਦਾਖਲ ਕਰਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਸੁਖਰਾਜ ਸਿੰਘ ਕਾਕਾ ਵਾਸੀ ਪਿੰਡ ਪੱਡਾ ਵਜੋਂ ਹੋਈ ਹੈ। ਜ਼ਖ਼ਮੀ ਨੌਜਵਾਨ ਪਿੰਡ ਪੱਡਾ ਦੇ ਸਰਪੰਚ ਨਵਦੀਪ ਸਿੰਘ ਪੱਡਾ ਦਾ ਛੋਟਾ ਭਰਾ ਹੈ ਹੈ। ਇਸ ਸਬੰਧੀ ਜ਼ਖ਼ਮੀ ਨੌਜਵਾਨ ਦੇ ਭਰਾ ਸਰਪੰਚ ਨਵਦੀਪ ਸਿੰਘ ਨਵ, ਮਾਤਾ ਕੁਲਵਿੰਦਰ ਕੌਰ, ਜੀਜਾ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਰਾਜ ਸਿੰਘ ਕਾਕਾ ਆਪਣੇ ਪਿੰਡ ਪੱਡੇ ਤੋਂ ਨਜ਼ਦੀਕੀ ਪਿੰਡ ਸ਼ਾਹਪੁਰ ਜਾਜਨ ਕਿਸੇ ਕੰਮ ਲਈ ਗਿਆ ਸੀ, ਜਿੱਥੇ ਪਹਿਲਾਂ ਹੀ 4 ਨੌਜਵਾਨ ਅਣਪਛਾਤੇ ਖੜੇ ਸਨ, ਜਦ ਉਹ ਪਿੰਡ ਸ਼ਾਹਪੁਰ ਪੁੱਜਾ ਤਾਂ ਉਕਤ ਨੌਜਵਾਨਾਂ ਨੇ ਉਸਦੇ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਸੁਖਰਾਜ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਸੁਖਰਾਜ ਸਿੰਘ ਤੇ ਤਾਬੜ ਤੋੜ ਗੋਲੀਆਂ ਚੱਲੀਆਂ ਅਤੇ ਉਸਨੇ ਨਜ਼ਦੀਕੀ ਘਰ ਦੇ ਕੋਠੇ ’ਤੇ ਚੜ੍ਹ ਕੇ ਜਾਨ ਬਚਾਈ। ਜਾਣਕਾਰੀ ਅਨੁਸਾਰ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬਟਾਲਾ ਦੇ ਐੱਸਐੱਸਪੀ ਡਾ. ਮਹਿਤਾਬ ਸਿੰਘ ਅਤੇ ਉਨ੍ਹਾਂ ਦੇ ਨਾਲ ਡੀਐੱਸਪੀ ਜੋਗਾ ਸਿੰਘ, ਐੱਸਐੱਚਓ ਡੇਰਾ ਬਾਬਾ ਨਾਨਕ ਅਸ਼ੋਕ ਕੁਮਾਰ ਪਿੰਡ ਸ਼ਾਹਪੁਰ ਪਹੁੰਚ ਗਏ ਅਤੇ ਸਾਰੀ ਘਟਨਾ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇੱਥੇ ਇਹ ਜ਼ਿਕਰਯੋਗ ਹੈ ਆਮ ਆਦਮੀ ਪਾਰਟੀ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੀ ਸ਼ਾਹਪੁਰ ਜਾਜਨ ਦੇ ਵਸਨੀਕ ਹਨ।