ਕਰਤਾਰਪੁਰ ਲਾਂਘੇ ਨੂੰ ਵੇਖਣ ਲਈ ਦੋਵਾਂ ਪਾਸਿਆਂ ਤੋਂ ਪੁੱਜ ਰਹੇ ਨੇ ਸ਼ਰਧਾਲੂ
ਮੌਸਮ ਸਾਫ ਹੁੰਦੇ ਹੀ ਕਰਤਾਰਪੁਰ ਲਾਂਘੇ ਨੂੰ ਵੇਖਣ ਲਈ ਜ਼ੀਰੋ ਲਾਈਨ ’ਤੇ ਦੋਵਾਂ ਪਾਸਿਆਂ ਤੋਂ ਪੁੱਜ ਰਹੇ ਨੇ ਸ਼ਰਧਾਲੂ
Publish Date: Sat, 07 Feb 2026 06:08 PM (IST)
Updated Date: Sun, 08 Feb 2026 04:06 AM (IST)

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ ਡੇਰਾ ਬਾਬਾ ਨਾਨਕ: ਪਿਛਲੇ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਠੰਢ ਤੋਂ ਬਾਅਦ ਸਾਫ ਹੋਏ ਮੌਸਮ ਵਿੱਚ ਗਰਮਾਹਟ ਆਉਂਦਿਆਂ ਹੀ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਅਰਬਾਂ ਦੀ ਲਾਗਤ ਨਾਲ ਤਿਆਰ ਕੀਤੇ ਗਏ ਕਰਤਾਰਪੁਰ ਕੋਰੀਡੋਰ ਤੇ ਪੈਸੰਜਰ ਟਰਮੀਨਲ ਵੇਖਣ ਵਾਲਿਆਂ ਦੀ ਜਿੱਥੇ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ, ਉੱਥੇ ਪਾਕਿਸਤਾਨ ਵਾਲੇ ਪਾਸੇ ਵੀ ਭਾਰਤ-ਪਾਕਿਸਤਾਨ ਦੀ ਸਰਹੱਦ ਤੇ ਬਣੇ ਗੇਟਾਂ ਨੂੰ ਵੇਖਣ ਲਈ ਪਾਕਿਸਤਾਨ ਦੇ ਲੋਕ ਵੀ ਪਹੁੰਚ ਰਹੇ ਹਨ। ਸ਼ਨਿੱਚਰਵਾਰ ਨੂੰ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ’ਤੇ ਬਣੇ ਸ੍ਰੀ ਕਰਤਾਰਪੁਰ ਪੈਸੰਜਰ ਟਰਮੀਨਲ ਅਤੇ ਸਰਹੱਦ ਤੇ ਬਣੇ ਦਰਸ਼ਨ ਸਥਲ ਤੇ ਜਲੰਧਰ, ਦੀਨਾਨਗਰ, ਅੰਮ੍ਰਿਤਸਰ, ਪਠਾਨਕੋਟ, ਫਿਰੋਜ਼ਪੁਰ ਜ਼ਿਲ੍ਹਿਆਂ ਨਾਲ ਸੰਬੰਧਿਤ ਅਨੇਕਾਂ ਸ਼ਰਧਾਲੂ ਪੁੱਜੇ। ਜਦਕਿ ਟਰਮੀਨਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੇਖਿਆ ਤਾਂ ਪਾਕਿਸਤਾਨ ਵਾਲੇ ਪਾਸੇ ਵੀ ਸ਼ੁੱਕਰਵਾਰ ਨੂੰ ਔਰਤਾਂ, ਪੁਰਸ਼ ਅਤੇ ਬੱਚੇ ਵੱਡੀ ਗਿਣਤੀ ਵਿੱਚ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਤੇ ਲੱਗੇ ਗੇਟ ਅਤੇ ਪਾਕਿਸਤਾਨ ਵਾਲੇ ਪਾਸੇ ਚੱਲ ਰਹੇ ਕਾਰਜਾਂ ਨੂੰ ਵੇਖਣ ਲਈ ਪਹੁੰਚੇ। ਪੈਸੰਜਰ ਟਰਮੀਨਲ ਵੇਖਣ ਆਏ ਗੁਰਸਿਮਰਨ ਸਿੰਘ, ਮਨਜੀਤ ਸਿੰਘ, ਕਰਿਸ਼ਮਾ, ਸ਼ਿਲਪਾ, ਰੇਖਾ, ਹਰਸ਼ਦੀਪ, ਸੁਖਦੇਵ ਸਿੰਘ ਆਦਿ ਨੇ ਦੱਸਿਆ ਕਿ ਸਰਹੱਦ ਤੇ ਲੈਂਡ ਪੋਰਟ ਅਥਾਰਟੀ ਵੱਲੋਂ ਅਰਬਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਪੈਸੰਜਰ ਟਰਮੀਨਲ ਵਿੱਚ ਲੱਗੇ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਮਾਡਲ, ਵੱਖ-ਵੱਖ ਗੁਰੂਆਂ ਨਾਲ ਸੰਬੰਧਿਤ ਆਰਟ ਗੈਲਰੀ, ਗੁਰਬਾਣੀ ਵਾਲੀਆਂ ਸਿੱਲ ਪੱਥਰ, ਫੁਹਾਰੇ, ਸੰਗਤ ਅਤੇ ਪੰਗਤ ਨੂੰ ਦਰਸਾਉਂਦੀਆਂ ਹੋਈਆਂ ਕਲਾਂਕ੍ਰਿਤੀਆਂ ਤੋਂ ਇਲਾਵਾ ਜੈ ਜਵਾਨ ਜੈ ਕਿਸਾਨ ਦੀਆਂ ਮੂਰਤੀਆਂ ਅਤੇ ਵੱਖ-ਵੱਖ ਫੁੱਲਾਂ ਅਤੇ ਬੂਟਿਆਂ ਦੀ ਹਰਿਆਵਲ ਨੇ ਪੈਸੰਜਰ ਟਰਮੀਨਲ ਨੂੰ ਚਾਰ ਚੰਨ ਲਾਏ ਹੋਏ ਹਨ। ਇਸ ਮੌਕੇ ਸ਼ਰਧਾਲੂਆਂ ਵੱਲੋਂ ਟਰਮੀਨਲ ਵਿੱਚ ਲੱਗੀਆਂ ਵੱਖ-ਵੱਖ ਐੱਲਈਡੀਆਂ ਤੋਂ ਇਲਾਵਾ ਪਾਕਿਸਤਾਨ ਦੇ ਟਰਮੀਨਲ, ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ ਵਾਲੇ ਪਾਸੇ ਬਣਾਇਆ ਗਿਆ ਕਰਤਾਰਪੁਰ ਕੋਰੀਡੋਰ ਅਤੇ ਹੜ੍ਹਾਂ ਦੌਰਾਨ ਪਾਕਿਸਤਾਨ ਵਾਲੇ ਪਾਸੇ ਪਾਣੀ ਨਾਲ ਬੰਜਰ ਹੋਈਆਂ ਜ਼ਮੀਨਾਂ ਨੂੰ ਠੀਕ ਕਰਨ ਲਈ ਲੱਗੇ ਟਰੈਕਟਰ ਅਤੇ ਪਾਕਿਸਤਾਨ ਵਾਲੇ ਪਾਸੇ ਤੋਂ ਆਈਆਂ ਸੰਗਤਾਂ ਨੂੰ ਸੀਸੀਟੀਵੀ ਜ਼ਰੀਏ ਦੇਖਿਆ। ਸ਼ਰਧਾਲੂਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਮੌਸਮ ਸਾਫ ਹੋਣ ਕਾਰਨ ਡੇਰਾ ਬਾਬਾ ਨਾਨਕ ਦੀ ਸਰਹੱਦ ਤੋਂ ਚਾਰ ਕਿਲੋਮੀਟਰ ਦੂਰੀ ਤੇ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜੀ ਸਾਫ ਦਿਖਾਈ ਦੇ ਰਹੇ ਸਨ। ਇਸ ਮੌਕੇ ਨਾਨਕ ਨਾਮ ਲੇਵਾ ਸੰਗਤਾਂ ਨੇ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਕਿ ਡੇਰਾ ਬਾਬਾ ਨਾਨਕ ਦੀ ਕਮਾਂਤਰੀ ਸਰਹੱਦ ਤੇ ਬੰਦ ਪਏ ਕਰਤਾਰਪੁਰ ਲਾਂਘੇ ਨੂੰ ਤੁਰੰਤ ਖੋਲਿਆ ਜਾਵੇ।