ਐਂਟੀ-ਸਾਬੋਟਾਜ਼ ਟੀਮ ਵੱਲੋਂ ਬੱਸ ਸਟੈਂਡ ’ਤੇ ਚੈਕਿੰਗ
ਐਂਟੀ-ਸਾਬੋਟਾਜ ਟੀਮ ਵੱਲੋਂ ਬੱਸ ਸਟੈਂਡ ’ਤੇ ਚੈਕਿੰਗ, ਯਾਤਰੀਆਂ ਦੇ ਸਮਾਨ ਦੀ ਕੀਤੀ ਜਾਂਚ
Publish Date: Sun, 22 Mar 2026 03:57 PM (IST)
Updated Date: Sun, 22 Mar 2026 04:01 PM (IST)

ਯਾਤਰੀਆਂ ਦੇ ਸਮਾਨ ਦੀ ਕੀਤੀ ਜਾਂਚ ਪਲਵਿੰਦਰ ਸਿੰਘ, ਪੰਜਾਬੀ ਜਾਗਰਣ ਗੁਰਦਾਸਪੁਰ : ਸ਼ਹਿਰ ਵਿਚ ਕਾਨੂੰਨ-ਵਿਵਸਥਾ ਬਣਾਈ ਰੱਖਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਮਕਸਦ ਨਾਲ ਗੁਰਦਾਸਪੁਰ ਪੁਲਿਸ ਦੀ ਐਂਟੀ-ਸਾਬੋਟਾਜ਼ ਟੀਮ ਨੇ ਸਥਾਨਕ ਬੱਸ ਸਟੈਂਡ ’ਤੇ ਚੈਕਿੰਗ ਮੁਹਿੰਮ ਚਲਾਈ। ਇਹ ਮੁਹਿੰਮ ਸ਼ਹਿਰ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਮੰਨੀ ਜਾ ਰਹੀ ਹੈ। ਪੁਲਿਸ ਅਨੁਸਾਰ ਐਂਟੀ-ਸਾਬੋਟਾਜ਼ ਟੀਮ ਦੇ ਨਾਲ-ਨਾਲ ਪੁਲਿਸ ਬਲ ਦੇ ਜਵਾਨ ਵੀ ਇਸ ਮੁਹਿੰਮ ਵਿਚ ਸ਼ਾਮਲ ਰਹੇ। ਪੁਲਿਸ ਕਰਮੀਆਂ ਵੱਲੋਂ ਬੱਸ ਸਟੈਂਡ ’ਤੇ ਆਉਣ-ਜਾਣ ਵਾਲੀਆਂ ਸਾਰੀਆਂ ਬੱਸਾਂ ਤੇ ਯਾਤਰੀਆਂ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਚੈਕਿੰਗ ਦੌਰਾਨ ਕਿਸੇ ਵੀ ਯਾਤਰੀ ਕੋਲੋਂ ਕੋਈ ਗੈਰ-ਕਾਨੂੰਨੀ ਵਸਤੂ ਜਾਂ ਇਤਰਾਜ਼ਯੋਗ ਸਮੱਗਰੀ ਬਰਾਮਦ ਨਹੀਂ ਹੋਈ। ਪੁਲਿਸ ਦਾ ਮੁੱਖ ਉਦੇਸ਼ ਆਮ ਨਾਗਰਿਕਾਂ ਦੇ ਮਨ ਵਿਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਇਸ ਤਰ੍ਹਾਂ ਦੀਆਂ ਚੈਕਿੰਗ ਮੁਹਿੰਮਾਂ ਨਾਲ ਅਪਰਾਧੀਆਂ ਤੇ ਅਸਮਾਜਿਕ ਤੱਤਾਂ ਦੇ ਮਨ ਵਿਚ ਇਹ ਸੰਦੇਸ਼ ਜਾਂਦਾ ਹੈ ਕਿ ਪੁਲਿਸ ਪੂਰੀ ਤਰ੍ਹਾਂ ਚੌਕੰਨੀ ਹੈ। ਭਵਿੱਖ ਵਿਚ ਵੀ ਇਸ ਤਰ੍ਹਾਂ ਦੀਆਂ ਮੁਹਿੰਮਾਂ ਜਾਰੀ ਰਹਿਣਗੀਆਂ ਤੇ ਇਸ ਨੂੰ ਸਿਰਫ਼ ਬੱਸ ਸਟੈਂਡ ਤੱਕ ਸੀਮਤ ਨਹੀਂ ਰੱਖਿਆ ਜਾਵੇਗਾ, ਸਗੋਂ ਰੇਲਵੇ ਸਟੇਸ਼ਨ ਤੇ ਹੋਰ ਜਨਤਕ ਸਥਾਨਾਂ ’ਤੇ ਵੀ ਚਲਾਈਆਂ ਜਾਣਗੀਆਂ। ਇਸ ਮੌਕੇ ਪੁਲਿਸ ਨੇ ਆਮ ਜਨਤਾ ਤੋਂ ਵੀ ਸਹਿਯੋਗ ਦੀ ਅਪੀਲ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਕੱਲਾ ਸੁਰੱਖਿਆ ਵਿਵਸਥਾ ਨਹੀਂ ਸੰਭਾਲ ਸਕਦਾ, ਇਸ ਵਿਚ ਨਾਗਰਿਕਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ। ਪੁਲਿਸ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਆਪਣੇ ਆਸ-ਪਾਸ ਕੋਈ ਸ਼ੱਕੀ ਗਤੀਵਿਧੀ ਦਿਖੇ, ਜਿਵੇਂ ਕਿ ਕਿਸੇ ਦਾ ਸ਼ੱਕੀ ਤਰੀਕੇ ਨਾਲ ਘੁੰਮਣਾ, ਕਿਸੇ ਸਥਾਨ ’ਤੇ ਕੋਈ ਅਣਜਾਣ ਵਸਤੂ ਪਈ ਹੋਵੇ ਜਾਂ ਕੋਈ ਸ਼ੱਕੀ ਵਿਅਕਤੀ ਦਿਖਾਈ ਦਿੰਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦੇਣ। ਸੂਚਨਾ ਦੇਣ ਲਈ ਡਾਇਲ 112 ’ਤੇ ਤੁਰੰਤ ਕਾਲ ਕਰੋ। ਪੁਲਿਸ ਨੇ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ।