ਆਜ਼ਾਦੀ ਤੋਂ ਬਾਅਦ 26 ਜਨਵਰੀ ਵਾਲੇ ਦਿਨ ਲੋਕ ਪਿੰਡ ਪਿੰਡ ਮਨਾਉਂਦੇ ਸਨ ਆਜ਼ਾਦੀ ਦੇ ਜਸ਼ਨ: ਮਾਸਟਰ ਰਾਮ ਪ੍ਰਕਾਸ਼
ਆਜ਼ਾਦੀ ਤੋਂ ਬਾਅਦ 26 ਜਨਵਰੀ ਵਾਲੇ ਦਿਨ ਲੋਕ ਪਿੰਡ ਪਿੰਡ ਮਨਾਉਂਦੇ ਸਨ ਆਜ਼ਾਦੀ ਦੇ ਜਸ਼ਨ: ਮਾਸਟਰ ਰਾਮ ਪ੍ਰਕਾਸ਼
Publish Date: Fri, 24 Jan 2025 06:11 PM (IST)
Updated Date: Fri, 24 Jan 2025 06:16 PM (IST)
ਆਜ਼ਾਦੀ ਤੋਂ ਬਾਅਦ 26 ਜਨਵਰੀ ਵਾਲੇ ਦਿਨ ਲੋਕ ਪਿੰਡ ਪਿੰਡ ਮਨਾਉਂਦੇ ਸਨ ਆਜ਼ਾਦੀ ਦੇ ਜਸ਼ਨ: ਮਾਸਟਰ ਰਾਮ ਪ੍ਰਕਾਸ਼
ਮਹਿੰਦਰ ਸਿੰਘ ਅਰਲੀਭੰਨ,ਪੰਜਾਬੀ ਜਾਗਰਣ ਕਲਾਨੌਰ : ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਤੇ ਦੇਸ਼ ਵਾਸੀਆਂ ਨੂੰ ਵੋਟ ਪਾਉਣ ਦੇ ਮਿਲੇ ਅਧਿਕਾਰ ਤੋਂ ਬਾਅਦ ਪਹਿਲੀ ਵਾਰ 1951 ਦੇ ਅਖੀਰਲੇ ਮਹੀਨੇ ਤੋਂ ਲੈ ਕੇ 1952 ਤੇ ਫਰਵਰੀ ਮਹੀਨੇ ਤੱਕ ਵੋਟ ਪਾਉਣ ਦਾ ਅਧਿਕਾਰ ਮਿਲਿਆ ਸੀ। ਇਥੋਂ ਤੱਕ ਕਿ ਉਸ ਸਮੇਂ ਵੋਟਾਂ ਪੈਣ ਤੋਂ ਪਹਿਲਾਂ ਪਿੰਡ ਵਿੱਚ ਚੌਂਕੀਦਾਰ ਵੱਲੋਂ ਪੀਪਾ ਖੜਕਾ ਕੇ ਪਿੰਡ ਵਾਸੀਆਂ ਨੂੰ ਵੋਟ ਪਾਉਣ ਬਾਰੇ ਦੱਸਿਆ ਜਾਂਦਾ ਸੀ ਅਤੇ ਕਈ ਕਈ ਦਿਨ ਪਿੰਡੋਂ ਪਿੰਡ ਵੋਟਾਂ ਪੈਂਦੀਆਂ ਸਨ। ਇਹਨਾਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਭਾਰਤ ਪਾਕਿਸਤਾਨ ਵੰਡ ਦਾ ਅੱਖੀ ਬਟਵਾਰਾ ਵੇਖਣ ਵਾਲੇ ਅਤੇ 1952 ਵਿੱਚ ਮਾਸਟਰ ਬਣੇ ਰਾਮ ਪ੍ਰਕਾਸ਼ ਵਡਾਲਾ ਬਾਂਗਰ ਨੇ ਆਜ਼ਾਦੀ ਤੋਂ ਬਾਅਦ ਮਿਲੇ ਵੋਟ ਦੇ ਹੱਕ ਸਬੰਧੀ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਤੇ ਮਾਸਟਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਉਸ ਦਾ ਜਨਮ 14 ਮਈ 1933 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਦੇ ਪਿੰਡ ਵਡਾਲਾ ਬਾਂਗਰ ਵਿਖੇ ਪਿਤਾ ਗੋਪਾਲ ਸਿੰਘ ਚੱਕੀ ਵਾਲੇ ਦੇ ਗ੍ਰਹਿ ਵਿਖੇ ਹੋਇਆ ਸੀ। ਉਹਨਾਂ ਆਪਣੇ ਬਜ਼ੁਰਗਾਂ ਦੇ ਨਾਂ ਦੱਸਦਿਆਂ ਹੋਇਆਂ ਕਿਹਾ ਕਿ ਉਸ ਦੇ ਦਾਦੇ ਦਾ ਨਾਮ ਕਾਲੂ ਮੱਲ ਅਤੇ ਪ੍ਰੜਦਾਦੇ ਦਾ ਨਾਮ ਕਾਟੋ ਮੱਲ ਸੀ। ਉਸ ਨੇ ਦੱਸਿਆ ਕਿ ਉਹਨਾਂ ਦਿਨਾਂ ਵਿੱਚ ਪਿੰਡ ਵਡਾਲਾ ਬਾਂਗਰ ਵਿੱਚ ਦੋ ਸਕੂਲ ਸਨ ਜਿਨਾਂ ਵਿੱਚ ਡੀਏਵੀ ਸਕੂਲ ਅਤੇ ਖਾਲਸਾ ਹਾਈ ਸਕੂਲ ਸ਼ਾਮਲ ਹਨ। ਉਨ੍ਹਾਂ ਦਿਨ ਵਿੱਚ ਸਕੂਲਾਂ ਦਾ ਦਾਖਲਾ ਵਧਾਉਣ ਲਈ ਫਰੀ ਪੜ੍ਹਾਈ ਤੇ ਵਿਦਿਆਰਥੀਆਂ ਨੂੰ ਦਾਖਲ ਕੀਤਾ ਜਾਂਦਾ ਸੀ ਕੇਵਲ ਚੰਦਾ ਹੀ ਲਿਆ ਜਾਂਦਾ ਸੀ। ਮਾਸਟਰ ਰਾਮ ਪ੍ਰਕਾਸ਼ ਨੇ ਕਿਹਾ ਕਿ ਉਸ ਨੇ ਡੀਏਵੀ ਸਕੂਲ ਵਿੱਚ ਚੰਦ ਤੇ 1950 ਵਿੱਚ ਦਸਵੀਂ ਪਾਸ ਕੀਤੀ। ਇਸ ਉਪਰੰਤ ਉਹਨਾਂ ਜਲੰਧਰ ਡੀਏਵੀ ਸਕੂਲ ਤੋਂ ਨਾਰਮਲ (ਯੂਨੀਅਰ ਵਰਨੇਲਰ) ਇੱਕ ਸਾਲ ਕੀਤੀ ਇਸ ਉਪਰੰਤ ਡਿਸਟਰਿਕਟ ਬੋਰਡ ਗੁਰਦਾਸਪੁਰ ਵਿੱਚ ਅਪਲਾਈ ਕਰਨ ਉਪਰੰਤ ਉਸ ਨੂੰ ਖੱਤ ਰਾਹੀਂ ਅਧਿਆਪਕ ਦੀ ਨੌਕਰੀ ਮਿਲੀ ਸੀ। ਮਾਸਟਰ ਰਾਮ ਪ੍ਰਕਾਸ਼ ਨੇ ਦੱਸਿਆ ਕਿ 1952 ਵਿੱਚ ਉਹ ਬੁੱਚੇ ਨੰਗਲ ਦੇ ਗੁਰਦੁਆਰਾ ਸਾਹਿਬ ਵਿੱਚ ਚਲਦੇ ਪ੍ਰਾਇਮਰੀ ਸਕੂਲ ਵਿੱਚ ਮਾਸਟਰ ਲੱਗੇ ਸਨ। ਜਿੱਥੇ ਉਸ ਦੇ ਸਾਥੀ ਮਾਸਟਰ ਦੀਵਾਨ ਚੰਦ ਦਾ ਮੁੰਡਾ ਜੋ ਪਿੰਡ ਵਡਾਲਾ ਬਾਂਗਰ ਦੇ ਸਕੂਲ ਵਿੱਚ ਪੜ੍ਹਦਾ ਸੀ ਮੇਰੇ ਘਰ ਰਹਿੰਦਾ ਸੀ ਜਦ ਕਿ ਪਿੰਡ ਬੁੱਚੇ ਨੰਗਲ ਦਾ ਇੱਕ ਵਿਅਕਤੀ ਜੋ ਡਿਸਟਰਿਕਟ ਬੋਰਡ ਵਿੱਚ ਲੱਗਾ ਸੀ, ਵੱਲੋਂ ਮੇਰੀ ਬਦਲੀ ਦੋਸਤਪੁਰ ਕਰਵਾ ਦਿੱਤੀ ਗਈ ਸੀ। ਉਸਨੇ ਦੱਸਿਆ ਕਿ ਨੌਕਰੀ ਮਿਲਣ ਤੇ ਜਿੱਥੇ ਉਸ ਨੂੰ 60 ਰੁਪਏ ਮਹੀਨਾ ਤਨਖਾਹ ਮਿਲਦੀ ਸੀ ਉੱਥੇ ਉਹ 15 ਦਿਨ ਪੈਦਲ ਚੱਲ ਕੇ ਸਕੂਲੇ ਪੜਾਉਣ ਜਾਂਦਾ ਰਿਹਾ ਅਤੇ ਇਸ ਉਪਰੰਤ ਉਸ ਦੇ ਪਿਤਾ ਨੇ ਉਸ ਨੂੰ 100 ਰੁਪਏ ਦਾ ਸਾਈਕਲ ਲੈ ਕੇ ਦਿੱਤਾ ਸੀ। ਮਾਸਟਰ ਪ੍ਰਕਾਸ਼ ਨੇ ਦੱਸਿਆ ਕਿ ਆਜ਼ਾਦੀ ਤੋਂ ਬਾਅਦ ਹੋਈਆਂ ਵੋਟਾਂ ਦੌਰਾਨ ਜਦੋਂ ਉਸ ਦੀ ਵੋਟਾਂ ਪਾਉਣ ਦੀ ਡਿਊਟੀ ਲੱਗਦੀ ਸੀ ਤਾਂ ਉਹ ਸਾਈਕਲ ਤੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਹੀ ਸੰਬੰਧਿਤ ਪਿੰਡ ਵਿੱਚ ਪਹੁੰਚ ਜਾਂਦਾ ਸੀ। ਉਸ ਨੇ ਦੱਸਿਆ ਕਿ ਪੋਲਿੰਗ ਪਾਰਟੀ ਦੇ ਇੰਚਾਰਜ ਪ੍ਰੀਜੈਡਿੰਗ ਅਫਸਰ ਜਿਸ ਨੂੰ ਸਰਕਾਰੀ ਝੋਲਾ ਮਿਲਿਆ ਹੋਇਆ ਸੀ ਜਿਸ ਵਿੱਚ ਇਹ ਇੱਕ ਡੱਬੀ, ਲਾਖ, ਮੋਹਰ ਤੇ ਪਰਚੀਆਂ ਹੁੰਦੀਆਂ ਸਨ ਜੋ ਅਗਲੇ ਦਿਨ ਵੋਟਾਂ ਵਾਲੇ ਦਿਨ ਹੀ ਬੂਥ ਤੇ ਪਹੁੰਚਦਾ ਸੀ ਜਦਕਿ ਅਸੀਂ ਐਡਵਾਂਸ ਵਿੱਚ ਹੀ ਪਹਿਲਾਂ ਪੋਲਿੰਗ ਸਟੇਸ਼ਨ ਤੇ ਪਹੁੰਚ ਜਾਂਦੇ ਸੀ। ਉਸ ਨੇ ਦੱਸਿਆ ਕਿ ਵੋਟਾਂ ਵਾਲੇ ਰਾਤ ਵੇਲੇ ਜਦੋਂ ਪੋਲਿੰਗ ਪਾਰਟੀ ਨੂੰ ਤਹਿਸੀਲਦਾਰ, ਪੁਲਿਸ ਅਫਸਰ ਜਾਂ ਕੋਈ ਹੋਰ ਅਧਿਕਾਰੀ ਆਣ ਕੇ ਚੈੱਕ ਕਰਦਾ ਸੀ। ਇਸ ਦੀ ਜਵਾਬ ਤਲਬੀ ਵੀ ਪ੍ਰੀਜੈਡਿੰਗ ਅਫਸਰ ਹੀ ਦਿੰਦਾ ਸੀ। ਉਸਨੇ ਦੱਸਿਆ ਉਸ ਤੇ ਜੱਦੀ ਪਿੰਡ ਵਡਾਲਾ ਬਾਂਗਰ ਵਿੱਚ ਨਾਲ ਲੱਗਦੇ ਪਿੰਡ ਭੰਡਵਾਂ, ਸ਼ਾਹਪੁਰ ਅਮਰਗੜ੍ਹ ਪਿੰਡਾਂ ਦੀਆਂ ਵੋਟਾਂ ਹੀ ਸਾਡੇ ਪਿੰਡ ਪੈਂਦੀਆਂ ਹੁੰਦੀਆਂ ਸਨ । ਉਹਨਾਂ ਕਿਹਾ ਕਿ ਪੋਲਿੰਗ ਸਟੇਸ਼ਨ ਤੇ ਪਹੁੰਚੀ ਟੀਮ ਬਿਨਾਂ ਕਿਸੇ ਲਾਲਚ ਪੂਰੀ ਇਮਾਨਦਾਰੀ ਨਾਲ ਬਿਨਾਂ ਕਿਸੇ ਪ੍ਰਭਾਵ ਤੇ ਵੋਟਾਂ ਪਵਾਉਂਦੀ ਸੀ। ਇਸ ਤੋਂ ਇਲਾਵਾ ਉਸ ਸਮੇਂ ਦੇ ਵੋਟਰ ਤੇ ਲੀਡਰ ਜੁਬਾਨ ਦੇ ਪੱਕੇ ਤੇ ਦਿਲ ਦੇ ਸੱਚੇ ਹੁੰਦੇ ਸਨ। ਮਾਸਟਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਆਜ਼ਾਦੀ ਮਿਲਣ ਤੋਂ ਬਾਅਦ 26 ਜਨਵਰੀ ਵਾਲੇ ਦਿਨ ਸਕੂਲਾਂ ਵਿੱਚ ਛੁੱਟੀ ਹੁੰਦੀ ਸੀ ਅਤੇ ਲੋਕ ਪਿੰਡੋ ਪਿੰਡ ਆਜ਼ਾਦੀ ਦੇ ਜਸ਼ਨ ਮਨਾਉਂਦੇ ਸਨ ਇਥੋਂ ਤੱਕ ਕਿ ਖੁਸ਼ੀ ਵਿੱਚ ਲੋਕ ਬੱਕਰੇ ਵੱਢਦੇ ਅਤੇ ਲੱਡੂ ਵੰਡਦੇ ਸਨ। ਮਾਸਟਰ ਰਾਮ ਪ੍ਰਕਾਸ਼ ਨੇ ਦੱਸਿਆ ਕਿ ਹੁਣ ਬਦਲੇ ਨਵੇਂ ਜਮਾਨੇ ਵਿੱਚ ਵੱਡੀਆਂ ਤਬਦੀਲੀਆਂ ਆ ਚੁੱਕੀਆਂ ਹਨ। ਭਾਵੇਂ ਕਿ ਇਸ ਸਮੇਂ 26 ਜਨਵਰੀ ਸਰਕਾਰ ਅਤੇ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਸਰਕਾਰੀ ਤੌਰ ਤੇ ਖਾਸ ਖਾਸ ਥਾਵਾਂ ਤੇ ਮਨਾਈ ਜਾਂਦੀ ਹੈ। ਪਰੰਤੂ ਪਿਛਲੇ ਸਮਿਆਂ ਵਿੱਚ ਲੋਕ ਪਿੰਡ ਪਿੰਡ ਆਜ਼ਾਦੀ ਦੇ ਜਸ਼ਨ ਮਨਾਉਂਦੇ ਆਮ ਵੇਖੇ ਜਾਂਦੇ ਸਨ। ਉਹਨਾਂ ਕਿਹਾ ਕਿ ਦੇਸ਼ ਦੇ ਮਹਾਨ ਸਪੂਤਾਂ ਦੀਆਂ ਕੁਰਬਾਨੀਆਂ ਤੋਂ ਬਾਅਦ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮਿਲੇ ਵੋਟ ਦੇ ਅਧਿਕਾਰ ਦਾ ਸਾਨੂੰ ਇਮਾਨਦਾਰੀ ਅਤੇ ਦੇਸ਼ ਦੀ ਤਰੱਕੀ ਦੇ ਮਨੋਰਥ ਵਿੱਚ ਇਸਤੇਮਾਲ ਕਰਨਾ ਚਾਹੀਦਾ ਤਾਂ ਜੋ ਦੇਸ਼ ਦੀ ਹੋਰ ਤਰੱਕੀ ਅਤੇ ਨਰੋਏ ਸਮਾਜ ਦੀ ਸਿਰਜਣਾ ਹੋ ਸਕੇ। ਆਜ਼ਾਦੀ ਤੋਂ ਪਹਿਲਾਂ ਜਗੀਰਦਾਰਾਂ ਜੈਲਦਾਰਾਂ ਤੇ ਸਫੈਦਪੋਸਾਂ ਨੂੰ ਸੀ ਵੋਟ ਪਾਉਣ ਦਾ ਅਧਿਕਾਰ : ਨੰਬਰਦਾਰ ਧੰਨਾ ਸਿੰਘ ਪਿੰਡ ਵਡਾਲਾ ਬਾਂਗਰ ਦੇ ਪਿਤਾ ਪੁਰਖੀ ਨੰਬਰਦਾਰ ਧੰਨਾ ਸਿੰਘ ਨੇ ਦੱਸਿਆ ਕਿ ਅੰਗਰੇਜ਼ਾਂ ਦੇ ਰਾਜ ਦੌਰਾਨ ਕੇਵਲ ਜੈਲਦਾਰਾਂ, ਜਗੀਰਦਾਰਾਂ, ਸਫੈਦਪੋਸ਼ (ਨੰਬਰਦਾਰਾਂ) ਨੂੰ ਵੋਟ ਪਾਉਣ ਦਾ ਅਧਿਕਾਰ ਸੀ। ਨੰਬਰਦਾਰ ਧੰਨਾ ਸਿੰਘ ਨੇ ਦੱਸਿਆ ਕਿ ਕਾਗਜ਼ਾਂ ਪੱਤਰਾਂ ਅਨੁਸਾਰ ਉਸ ਦਾ ਜਨਮ 1939 ਵਿੱਚ ਹੋਇਆ ਸੀ ਜਦ ਕਿ ਭਾਰਤ ਪਾਕਿਸਤਾਨ ਦ ਵੰਡ ਦੌਰਾਨ ਉਸ ਨੂੰ ਪੂਰੀ ਹੋਸ਼ ਹਵਾਸ ਸੀ। ਨੰਬਰਦਾਰ ਧੰਨਾ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਹਜੂਰਾ ਸਿੰਘ ਨੰਬਰਦਾਰ ਸੀ ਜਦਕਿ ਉਸ ਦਾ ਦਾਦਾ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਪਿੰਡ ਵਡਾਲਾ ਬਾਂਗਰ ਦੇ ਸਫੈਦਪੋਸ਼ ਨੰਬਰਦਾਰ ਸਨ ਅਤੇ ਉਹ ਹੀ ਜਮੀਨਾਂ ਤੇ ਨਹਿਰੀ ਪਾਣੀਆਂ ਦਾ ਮਾਮਲਾ ਇਕੱਠਾ ਕਰਦੇ ਹੁੰਦੇ ਸਨ। ਨੰਬਰਦਾਰ ਧੰਨਾ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਨੂੰ ਵੀ ਵੰਡ ਤੋਂ ਪਹਿਲਾਂ ਵੋਟ ਪਾਉਣ ਦਾ ਅਧਿਕਾਰ ਪ੍ਰਾਪਤ ਸੀ। ਉਸ ਨੇ ਦੱਸਿਆ ਕਿ ਉਹ 1965 ਵਿੱਚ ਪਿੰਡ ਦੇ ਨੰਬਰਦਾਰੀ ਘਰ ਦੇ ਆ ਰਹੇ ਹਨ ਅਤੇ ਹਰ ਵਾਰ ਆਪਣੀ ਵੋਟ ਦਾ ਇਸਤੇਮਾਲ ਸੂਝ ਬੂਝ ਨਾਲ ਕਰਦੇ ਹਨ। ਉਹਨਾਂ ਕਿਹਾ ਕਿ ਦੇਸ਼ ਵਿੱਚ ਗਣਤੰਤਰ ਦਿਵਸ ਦੇ ਜਸ਼ਨ ਮਨਾਏ ਜਾ ਰਹੇ ਹਨ। ਉੱਥੇ ਸਾਨੂੰ ਵੀ ਆਪਣੇ ਦੇਸ਼ ਪ੍ਰਤੀ ਵਫਾਦਾਰ ਅਤੇ ਲੋਕਤੰਤਰ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਣ ਦਾ ਪ੍ਰਣ ਲੈਣਾ ਚਾਹੀਦਾ ਹੈ।