ਬੈਂਗਲੁਰੂ ਤੋਂ ਆਈ ਯਾਤਰੂ ਬੱਸ ਨਾਲ ਬਟਾਲਾ ਨੇੜੇ ਵਾਪਰਿਆ ਹਾਦਸਾ
ਬੈਂਗਲੁਰੂ ਤੋਂ ਆਈ ਯਾਤਰੂ ਬੱਸ ਨਾਲ ਬਟਾਲਾ ਨੇੜੇ ਵਾਪਰਿਆ ਹਾਦਸਾ
Publish Date: Sat, 04 Apr 2026 04:34 PM (IST)
Updated Date: Sun, 05 Apr 2026 04:02 AM (IST)

ਸੁਖਦੇਵ ਸਿੰਘ /ਰਾਜਨ ਤ੍ਰੇਹਨ, ਪੰਜਾਬੀ ਜਾਗਰਣ ਬਟਾਲਾ : ਸ਼ੁੱਕਰਵਾਰ ਅਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਬਟਾਲਾ ਦੇ ਅੰਮ੍ਰਿਤਸਰ ਪਠਾਨਕੋਟ ਹਾਈਵੇ ਉੱਤੇ ਨੇੜੇ ਪਿੰਡ ਹਰਦੋ ਝੰਡੇ ਵਿਖੇ ਬੈਂਗਲੂਰੂ ਤੋਂ ਯਾਤਰੂ ਬੱਸ ਅਚਾਨਕ ਪੈਂਚਰ ਹੋ ਗਈ, ਜਦ ਬੱਸ ਦੇ ਪੈਂਚਰ ਟਾਇਰ ਨੂੰ ਬਦਲਿਆ ਜਾ ਰਿਹਾ ਸੀ ਤਾਂ ਕੁਝ ਸ਼ਰਧਾਲੂ ਸੜਕ ਕੰਢੇ ਖਲੋ ਗਏ ਉਧਰੋਂ ਤੇਜ਼ ਰਫਤਾਰ ਇੱਕ ਕਾਰ ਨੇ ਬੱਸ ਦੇ ਨਜ਼ਦੀਕ ਖੜੋਤੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ 1 ਸ਼ਰਧਾਲੂ ਦੀ ਮੌਤ ਹੋ ਗਈ ਹੈ ਅਤੇ ਤਿੰਨ ਗੰਭੀਰ ਰੂਪ ਜ਼ਖ਼ਮੀ ਹੋ ਗਏ ਹਨ। ਇਸ ਸੜਕ ਹਾਦਸੇ ’ਚ ਸੜਕ ਸੁਰੱਖਿਆ ਫੋਰਸ ਦਾ ਇੱਕ ਜਵਾਨ ਵੀ ਜ਼ਖ਼ਮੀ ਹੋਇਆ ਹੈ। ਉਕਤ ਯਾਤਰੂ ਸ੍ਰੀ ਅੰਮ੍ਰਿਤਸਰ ਤੋਂ ਦਰਸ਼ਨ ਕਰਕੇ ਸ਼੍ਰੀਨਗਰ ਜਾ ਰਹੇ ਸਨ। ਇਸ ਸਬੰਧੀ ਸੜਕ ਸੁਰੱਖਿਆ ਫੋਰਸ ਦੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12 ਵਜੇ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅੰਮ੍ਰਿਤਸਰ ਪਠਾਨਕੋਟ ਹਾਈਵੇ ’ਤੇ ਹਰਦੋਝੰਡੇ ਪੁਲ ਤੇ ਬੈਂਗਲੂਰੂ ਤੋਂ ਸ਼ਰਧਾਲੂਆਂ ਦੀ ਬੱਸ ਦਾ ਟਾਇਰ ਪੰਚਰ ਹੋਇਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦ ਉਹ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਸ਼ਰਧਾਲੂਆਂ ਦੇ ਨਾਲ ਗੱਲਬਾਤ ਕੀਤੀ ਅਤੇ ਇੱਕ ਪੈਂਚਰ ਲਗਾਉਣ ਵਾਲੇ ਮਿਸਤਰੀ ਨੂੰ ਲੱਭ ਕੇ ਜਦ ਸ਼ਰਧਾਲੂਆਂ ਦੀ ਬੱਸ ਦਾ ਟਾਇਰ ਬਦਲਿਆ ਜਾ ਰਿਹਾ ਸੀ ਤਾਂ ਅੰਮ੍ਰਿਤਸਰ ਵਾਲੇ ਸਾਈਡ ਤੋਂ ਇੱਕ ਤੇਜ਼ ਰਫਤਾਰ ਕਾਰ ਨੇ ਬੱਸ ਦੇ ਕੁਝ ਸ਼ਰਧਾਲੂ ਜੋ ਮੋਬਾਈਲ ਦੀ ਲਾਈਟ ਜਗਾ ਕੇ ਖੜੋਤੇ ਸਨ ਕਾਰ ਨੇ ਉਨ੍ਹਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਅਤੇ ਕੁਚਲ ਦਿੱਤਾ। ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਕਾਰ ਦਾ ਪਿੱਛਾ ਕੀਤਾ, ਪਰ ਕਾਰ ਚਾਲਕ ਕਾਰ ਭਜਾਉਣ ’ਚ ਸਫਲ ਹੋ ਗਿਆ। ਉਹਨਾਂ ਕਿਹਾ ਕਿ ਜਖਮੀ ਸ਼ਰਧਾਲੂਆਂ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਾਇਆ ਗਿਆ, ਜਿੱਥੇ ਇਕ ਸ਼ਰਧਾਲੂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਤਬਰੇਜ਼ ਖਾਨ ਵਾਸੀ ਬੈਂਗਲੂਰੂ ਵਜੋਂ ਹੋਈ ਹੈ, ਜਦਕਿ ਜਾਸ਼ਿਨ ਅਤੇ ਨਿਸਾਰ ਵਾਸੀ ਬੈਂਗਲੂਰੂ ਅਤੇ ਸੜਕ ਸੁਰੱਖਿਆ ਫੋਰਸ ਦਾ ਜਵਾਨ ਹਰਪ੍ਰੀਤ ਸਿੰਘ ਜ਼ਖ਼ਮੀ ਹੋਏ ਹਨ। ਉਧਰ ਥਾਣਾ ਸਦਰ ਦੇ ਏਐੱਸਆਈ ਅਨੰਦ ਸਿੰਘ ਨੇ ਦੱਸਿਆ ਕਿ ਮਿ੍ਰਤਕ ਤਬਰੇਜ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਰਖਵਾਇਆ ਹੈ ਅਤੇ ਬੈਂਗਲੁਰੂ ਵਾਸੀਆਂ ਦੀ ਬਿਆਨਾਂ ਦੇ ਆਧਾਰ ’ਤੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰ ਦਿੱਤਾ ਗਿਆ ਹੈ।