ਤਾਰਾਗੜ੍ਹ ਤੋਂ ਘੁੰਮਣ ਖੁਰਦ ਜਾਣ ਵਾਲੀ ਸੜਕ ’ਤੇ ਟੁੱਟਿਆ ਰਜਬਾਹਾ, ਵੱਡਾ ਪਿਆ ਪਾੜ
ਤਾਰਾਗੜ੍ਹ ਤੋਂ ਘੁੰਮਣ ਖੁਰਦ ਜਾਣ ਵਾਲੀ ਸੜਕ ’ਤੇ ਟੁੱਟਿਆ ਰਜਬਾਹਾ, ਵੱਡਾ ਪਿਆ ਪਾੜ
Publish Date: Sat, 06 Jun 2026 04:01 PM (IST)
Updated Date: Sun, 07 Jun 2026 04:02 AM (IST)
-ਸੜਕ ਟੁੱਟਣ ਕਾਰਨ ਆਵਾਜਾਈ ਹੋ ਰਹੀ ਹੈ ਪ੍ਰਭਾਵਿਤ
ਕੁਲਦੀਪ ਸਿੰਘ ਸਲਗਾਨੀਆ, ਪੰਜਾਬੀ ਜਾਗਰਣ
ਕਿਲਾ ਲਾਲ ਸਿੰਘ: ਬਟਾਲਾ-ਡੇਰਾ ਬਾਬਾ ਨਾਨਕ ਰੋਡ ’ਤੇ ਸਥਿਤ ਅੱਡਾ ਤਾਰਾਗੜ੍ਹ ਤੋਂ ਘੁੰਮਣ ਖੁਰਦ ਨੂੰ ਜਾਣ ਵਾਲੀ ਸੜਕ ਦੇ ਨਾਲ ਨਾਲ ਚੱਲਦੇ ਰਜਬਾਹਾ ਪਿੰਡ ਗਾਦੜ੍ਹੀਆਂ ਦੇ ਨਜ਼ਦੀਕ ਟੁੱਟਣ ਕਾਰਨ ਜਿੱਥੇ ਇਸਦਾ ਪਾਣੀ ਨਜ਼ਦੀਕੀ ਖੇਤਾਂ ਵਿਚ ਜਾ ਰਿਹਾ ਹੈ ਉਥੇ ਰਜਬਾਹੇ ਦੇ ਟੁੱਟਣ ਨਾਲ ਸੜਕ ਵੀ ਪੂਰੀ ਤਰ੍ਹਾਂ ਧੱਸ ਗਈ ਹੈ। ਸੜਕ ਦੇ ਵਿਚਕਾਰ ਵੱਡਾ ਹਿੱਸਾ ਟੁੱਟ ਜਾਣ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸੰਬੰਧੀ ਇਲਾਕਾ ਵਾਸੀ ਰਜਵੰਤ ਸਿੰਘ, ਹਰਕੀਰਤ ਸਿੰਘ, ਪਲਵਿੰਦਰ ਸਿੰਘ, ਜਸਕਰਨ ਸਿੰਘ, ਹਰਪ੍ਰੀਤ ਸਿੰਘ, ਸਤਿੰਦਰਜੀਤ ਸਿੰਘ ਆਦਿ ਨੇ ਦੱਸਿਆ ਕਿ ਰਜਬਾਹੇ ਵਿੱਚ ਪਾਣੀ ਦਾ ਬਹਾਅ ਜ਼ਿਆਦਾ ਹੋਣ ਕਰਕੇ ਸੜਕ ਦੀ ਮਿੱਟੀ ਖਿਸਕ ਗਈ, ਜਿਸ ਨਾਲ ਇਹ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰੋਡ ਤੇ ਅਨੇਕਾਂ ਹੀ ਪਿੰਡਾਂ ਨੂੰ ਆਪਸ ਵਿੱਚ ਜੋੜਦਾ ਹੈ। ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਚਾਰ ਪਹਿਆ ਤੇ ਦੋ ਪਹਿਆ ਵਾਹਨ ਸਵਾਰ ਇਸ ਰੋਡ ਤੋਂ ਗੁਜ਼ਰਦੇ ਰਹਿੰਦੇ ਹਨ। ਜਦਕਿ ਤਪ ਸਥਾਨ ਗੁਰਦੁਆਰਾ ਨਿੱਕੇ ਘੁੰਮਣ ਜਾਣ ਲਈ ਸੰਗਤ ਵੀ ਵੱਡੀ ਗਿਣਤੀ ਵਿੱਚ ਇਸੇ ਰੋਡ ਤੋਂ ਗੁਜ਼ਰਦੀ ਹੈ। ਹੁਣ ਟੁੱਟੀ ਹੋਈ ਸੜਕ ਕਾਰਨ ਵਾਹਨਾਂ ਦੀ ਆਵਾਜਾਈ ਬੰਦ ਹੋ ਚੁੱਕੀ ਹੈ, ਜਿਸ ਨਾਲ ਰਾਹਗੀਰਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਸੜਕ ਦੀ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿੱਚ ਆ ਰਹੀ ਦਿੱਕਤ ਤੋਂ ਰਾਹਤ ਮਿਲ ਸਕੇ।
---------
ਰਜਬਾਹੇ ਸਮੇਤ ਟੁੱਟੀ ਸੜਕ ਜਲਦ ਹੋਵੇਗੀ ਮੁਰੰਮਤ : ਐੱਸਡੀਓ
ਇਸ ਸਬੰਧੀ ਜਦ ਸੰਬੰਧਿਤ ਵਿਭਾਗ ਦੇ ਐੱਸਡੀਓ ਜਸਵੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਰਜਬਾਹੇ ਦੇ ਕਿਨਾਰੇ ਪੁਰਾਣੇ ਹੋਣ ਦੀ ਵਜ੍ਹਾ ਨਾਲ ਅਤੇ ਮਿੱਟੀ ਖਿਸਕਣ ਕਰਕੇ ਇਹ ਰਜਬਾਹਾ ਟੁੱਟਾ ਹੈ। ਜਲਦ ਤੋਂ ਜਲਦ ਇਸ ਰਜਬਾਹੇ ਸਮੇਤ ਟੁੱਟੀ ਹੋਈ ਸੜਕ ਦੀ ਵੀ ਸਹੀ ਢੰਗ ਨਾਲ ਮੁਰੰਮਤ ਕਰਵਾ ਦਿੱਤੀ ਜਾਏਗੀ ਤਾਂ ਜੋ ਕਿਸੇ ਵੀ ਰਾਹਗੀਰ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।