- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਗਜ਼ਾਂ ਵਿੱਚ ਬਣਾ ਦਿੱਤੀ 6 ਲੱਖ ਦੀ ਪਾਰਕ, ਲੋਕਾਂ ’ਚ ਬਣੀ ਚਰਚਾ ਦਾ ਵਿਸ਼ਾ

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ
ਕਲਾਨੌਰ: ਇਤਿਹਾਸਕ ਕਸਬਾ ਕਲਾਨੌਰ ਦੀ ਨਾਮਵਾਰ ਗ੍ਰਾਮ ਪੰਚਾਇਤ, ਜਿਸ ਨੂੰ ਸਾਲਾਨਾ ਕਰੋੜਾਂ ਰੁਪਏ ਦੀ ਆਮਦਨ ਹੈ ਅਤੇ ਇਸ ਪੰਚਾਇਤ ਵਿੱਚ ਪਿਛਲੇ ਸਮਿਆਂ ਵਿੱਚ ਪੰਚਾਇਤ ਦੇ ਕਰੋੜਾਂ ਰੁਪਏ ਦਾ ਗਬਨ ਹੋਣ ਦੇ ਚਰਚੇ ਰਹੇ ਹਨ। ਉਥੇ ਮੁੜ ਪਿਛਲੇ ਸਾਲਾਂ ਵਿੱਚ ਕਲਾਨੌਰ ਪੰਚਾਇਤ ’ਚ ਕਰੀਬ 8 ਕਰੋੜ ਰੁਪਏ ਦਾ ਘਪਲਾ ਹੋਣ ਤੇ ਵਿਜੀਲੈਂਸ ਵੱਲੋਂ ਪੰਚਾਇਤ ਵਿਭਾਗ ਦੇ ਅੱਠ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਮਾਮਲਾ ਦਰਜ ਕਰਨ ਸਬੰਧੀ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ ਸੀ। ਪ੍ਰੈਸ ਵਾਰਤਾ ਦੌਰਾਨ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵੱਲੋਂ 2018-19 ਤੋਂ ਲੈ ਕੇ 2021 ਤੱਕ ਕਲਾਨੌਰ ਗ੍ਰਾਮ ਪੰਚਾਇਤ ਤੇ ਉਸ ਸਮੇਂ ਲਗਾਏ ਗਏ ਪ੍ਰਬੰਧਕਾਂ ਵੱਲੋਂ 8 ਕਰੋੜ ਦੇ ਕਰੀਬ ਪੰਚਾਇਤੀ ਪੈਸਿਆਂ ਦਾ ਗਬਨ ਕਰਨ ਤੇ ਦੋ ਡੀਡੀਪੀਓ, ਦੋ ਬੀਡੀਪੀਓ ਅਤੇ ਚਾਰ ਪੰਚਾਇਤ ਸਕੱਤਰਾਂ ਖ਼ਿਲਾਫ਼ ਵਿਜੀਲੈਂਸ ਅੰਮ੍ਰਿਤਸਰ ਵੱਲੋਂ ਮਾਮਲਾ ਦਰਜ ਕਰਨ ਦਾ ਦਾਅਵਾ ਕੀਤਾ ਗਿਆ। ਦੂਸਰੇ ਪਾਸੇ ਕਸਬਾ ਕਲਾਨੌਰ ਵਿੱਚ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਗਾਰੰਟੀ ਐਕਟ 2005 ਤਹਿਤ 20.12.2024 ਨੂੰ 597,700 ਦੀ ਲਾਗਤ ਨਾਲ ਬਣਾਇਆ ਗਿਆ ਪਾਰਕ ਕੇਵਲ ਕਾਗਜ਼ਾਂ ਵਿੱਚ ਹੀ ਬਣਨ ਕਾਰਨ ਕਸਬੇ ਵਿੱਚ ਚਰਚਾ ਛਿੜੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਲਾਨੌਰ ਡੇਰਾ ਬਾਬਾ ਨਾਨਕ ਕਿਰਨ ਏਰੀਏ ਵਿੱਚ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਈਮੈਂਟ ਗਰੰਟੀ ਐਕਟ 2005 ਤਹਿਤ 597700 ਦੀ ਲਾਗਤ ਨਾਲ ਤਿਆਰ ਕੀਤੇ ਗਏ ਪਾਰਕ ਤੇ ਖਰਚ ਕੀਤੀ ਰਾਸ਼ੀ ਸਬੰਧੀ ਸੂਚਨਾ ਬੋਰਡ ਲਗਾਇਆ ਹੋਇਆ ਹੈ। ਜਦਕਿ ਪਾਰਕ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਕੰਧ ਤੇ ਬਣਾਏ ਗਏ ਇਸ ਸੂਚਨਾ ਬੋਰਡ ਵਿੱਚ ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇਪਲਾਈਮੈਂਟ ਗਰੰਟੀ ਐਕਟ 2005 ਤਹਿਤ ਗ੍ਰਾਮ ਪੰਚਾਇਤ ਕਲਾਨੌਰ, ਬਲਾਕ ਕਲਾਨੌਰ, ਕੰਮ ਦਾ ਨਾਮ ਪਾਰਕ, ਕੰਮ ਦੀ ਆਈਡੀ 2601009087/ਐੱਲਡੀ/9989077322, ਕੰਮ ਸ਼ੁਰੂ ਕਰਨ ਦੀ ਮਿਤੀ. 20-12-2024, ਕੰਮ ਖਤਮ ਕਰਨ ਦੀ ਮਿਤੀ -16-04-2025, ਪ੍ਰੋਜੈਕਟ ਦਾ ਐਸਟੀਮੇਟ 597700, ਮਨਰੇਗਾ ਸਕੀਮ ਅਧੀਨ ਲੇਬਰ ਕੰਪੋਨੈਂਟ 312801, ਲੇਬਰ ਤੇ ਖਰਚ ਕੀਤੀ ਗਈ ਰਾਸ਼ੀ 2.35, ਪੰਚਾਇਤ ਫੰਡ 284899, ਲੇਬਰ ਤੇ ਖਰਚਾ ਆਈ ਰਾਸ਼ੀ 2.35, ਪਾਰਕ ਦਾ ਨਿਰਮਾਣ ਕਰਨ ਤੇ ਲਗਾਈਆਂ ਗਈਆਂ ਦਿਹਾੜੀਆਂ ਦੀ ਗਿਣਤੀ 757,ਮਿਣਤੀ ਦੀ ਇਕਾਈ ਸੁਕੇਅਰ ਫੁੱਟ ਅਤੇ ਡੇਲੀ ਵੇਜ ਰੇਟ 322/- ਤੋਂ ਇਲਾਵਾ ਕਾਰਜਕਾਰੀ ਏਜੰਸੀ, ਗ੍ਰਾਮ ਪੰਚਾਇਤ ਨਾਮ ਅਤੇ ਸੰਪਰਕ, ਬੀਡੀਪੀਓ ਕਲਾਨੌਰ ਅੰਕਿਤ ਕੀਤਾ ਗਿਆ ਹੈ। ਜਦਕਿ ਕਸਬਾ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਰੀਬ 6 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਪਾਰਕ ਕਿਤੇ ਵੀ ਨਜ਼ਰ ਨਹੀਂ ਆ ਰਹੀ।
---ਕਲਾਨੌਰ ਪੰਚਾਇਤੀ ਪੂੰਜੀ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ਼ ਹੋਵੇ ਕਾਰਵਾਈ : ਮਹਿਕਪ੍ਰੀਤ ਬਾਜਵਾ--
ਇਸ ਸਬੰਧੀ ਸਮਾਜ ਸੇਵਕ ਮਹਿਕਪ੍ਰੀਤ ਬਾਜਵਾ ਨੇ ਗੱਲਬਾਤ ਦੌਰਾਨ ਕਿਹਾ ਕਿ ਕਲਾਨੌਰ ਗ੍ਰਾਮ ਪੰਚਾਇਤ ਦੀ ਪੂੰਜੀ ਦੀ ਦੁਰਵਰਤੋਂ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਪਾਰਕ ਬਣਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਮ ਵੀ ਜਨਤਕ ਕੀਤੇ ਜਾਣ। ਉਹਨਾਂ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਤੇ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਕਲਾਨੌਰ ਕਸਬੇ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਰਾਹੀਂ ਵਿਕਾਸ ਕਾਰਜ ਜਲਦ ਸ਼ੁਰੂ ਕਰਵਾਏ ਜਾਣ ਤਾਂ ਜੋ ਕਸਬੇ ਦੀ ਨੁਹਾਰ ਬਦਲੀ ਜਾ ਸਕੇ।
ਇਸ ਸਬੰਧੀ ਪੰਚਾਇਤ ਵਿਭਾਗ ਦੇ ਬੀਡੀਪੀਓ ਸੁਰਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਾਰਕ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।