ਸੰਯੁਕਤ ਕਿਸਾਨ ਮੋਰਚਾ ਵੱਲੋਂ ਡੀਸੀ ਦਫ਼ਤਰ ਅੱਗੇ ਮੁਜ਼ਾਹਰਾ 16 ਨੂੰ
ਬਿਜਲੀ ਸੋਧ ਬਿੱਲ, ਮਨਰੇਗਾ ਅਤੇ ਹੋਰ ਲੋਕ ਵਿਰੋਧੀ ਫੈਸਲੇ ਰੱਦ ਕਰਾਉਣ ਲਈ ਵਿੱਢਿਆ ਜਾਵੇਗਾ ਵੱਡਾ ਸੰਘਰਸ਼
Publish Date: Sat, 10 Jan 2026 06:00 PM (IST)
Updated Date: Sun, 11 Jan 2026 04:06 AM (IST)

ਸਰਬਜੀਤ ਚਾਹਲ,ਪੰਜਾਬੀ ਜਾਗਰਣ ਗੁਰਦਾਸਪੁਰ: ਸੰਯੁਕਤ ਕਿਸਾਨ ਮੋਰਚਾ, ਮਜ਼ਦੂਰਾਂ ਅਤੇ ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ 16 ਜਨਵਰੀ ਨੂੰ ਬਿਜਲੀ ਸੋਧ ਬਿੱਲ, ਮਨਰੇਗਾ, ਬੀਜ ਬਿੱਲ ਅਤੇ ਚਾਰ ਲੇਬਰ ਕੋਡ ਰੱਦ ਕਰਾਉਣ ਲਈ ਡੀਸੀ ਦਫਤਰ ਗੁਰਦਾਸਪੁਰ ਵਿਖੇ ਦਿੱਤੇ ਜਾਣ ਵਾਲੇ ਧਰਨੇ ਵਿੱਚ ਲਾਮਿਸਾਲ ਇਕੱਠ ਕੀਤਾ ਜਾਵੇਗਾ। ਇਹ ਪ੍ਰਗਟਾਵਾ ਸ਼ਹੀਦ ਬਲਜੀਤ ਸਿੰਘ ਭਵਨ ਗੁਰਦਾਸਪੁਰ ਵਿਖੇ ਜਥੇਬੰਦੀਆਂ ਦੇ ਸਾਂਝੇ ਮੰਚ ਵੱਲੋਂ ਧਰਨੇ ਦੀ ਤਿਆਰੀ ਸਬੰਧੀ ਕੀਤੀ ਮੀਟਿੰਗ ਉਪਰੰਤ ਮੱਖਣ ਸਿੰਘ ਕੁਹਾੜ ਅਤੇ ਗੁਰਵਿੰਦਰ ਸਿੰਘ ਜੀਵਨ ਚੱਕ ਵੱਲੋਂ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਕਿਸਾਨ ਆਗੂ ਗੁਰਵਿੰਦਰ ਸਿੰਘ ਜੀਵਨ ਚੱਕ (ਬੀਕੇਯੂ ਡਕੌਂਦਾ), ਮਜ਼ਦੂਰ ਆਗੂ ਰਾਜਕੁਮਾਰ ਪੰਡੋਰੀ ਅਤੇ ਬਿਜਲੀ ਮੁਲਾਜ਼ਮ ਆਗੂ ਸੰਜੀਵ ਸੈਣੀ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੱਖਣ ਸਿੰਘ ਕੁਹਾੜ, ਗੁਰਵਿੰਦਰ ਸਿੰਘ ਜੀਵਨ ਚੱਕ, ਲਖਵਿੰਦਰ ਸਿੰਘ ਮੰਜਿਆਂਵਾਲੀ, ਬਲਬੀਰ ਸਿੰਘ ਬੈਂਸ, ਹਰਜੀਤ ਸਿੰਘ ਕਾਹਲੋਂ, ਤਰਲੋਕ ਸਿੰਘ ਬਹਿਰਾਮਪੁਰ, ਗੁਲਜਾਰ ਸਿੰਘ ਬਸੰਤਕੋਟ, ਗੁਰਮੀਤ ਸਿੰਘ ਮਗਰਾਲਾ, ਬਲਬੀਰ ਸਿੰਘ ਮੱਲੀ, ਰਾਜਕੁਮਾਰ ਪੰਡੋਰੀ,ਅਸ਼ਵਨੀ ਕੁਮਾਰ ਲਖਣ ਕਲਾਂ, ਮਨਮੋਹਨ ਸਿੰਘ ਛੀਨਾ, ਜਗਤਾਰ ਸਿੰਘ ਖੁੰਡਾ, ਬਲਵਿੰਦਰ ਸਿੰਘ, ਹਰਦੇਵ ਸਿੰਘ ਮਾਲੀ ਸਮਰਾਵਾਂ, ਮੰਗਤ ਸਿੰਘ ਡਕੌਂਦਾ, ਸਰਵਨ ਸਿੰਘ (ਸਾਬਕਾ ਸੈਨਿਕ ਸੰਘਰਸ਼ ਕਮੇਟੀ), ਗੁਰਦੀਪ ਸਿੰਘ ਮੁਸਤਫ਼ਾਬਾਦ, ਵਿਜੇ ਸੋਹਲ ਆਦਿ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਰਾਹੀਂ ਸਰਕਾਰ ਲੋਕਾਂ ਤੋਂ ਸਸਤੀ ਬਿਜਲੀ ਦਾ ਹੱਕ ਖੋਣਾ ਚਾਹੁੰਦੀ ਹੈ। ਇਸੇ ਤਰ੍ਹਾਂ ਬੀਜ ਬਿੱਲ ਕਿਸਾਨਾਂ ਨੂੰ ਕੰਗਾਲ ਕਰ ਦੇਵੇਗਾ। ਮਜ਼ਦੂਰ ਪੱਖੀ 44 ਕਾਨੂੰਨ ਖਤਮ ਕਰਕੇ ਅਤੇ ਕਾਰਪੋਰੇਟ ਪੱਖੀ ਚਾਰ ਲੇਬਰ ਕੋਡ ਲਿਆ ਕੇ ਕੇਂਦਰ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਤਬਾਹ ਕਰਨ ਤੇ ਤੁਲੀ ਹੋਈ ਹੈ। ਆਗੂਆਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਮਰੀਕਾ ਦੇ ਦਬਾਅ ਹੇਠ ਆ ਕੇ ਕਿਸਾਨੀ ਵਸਤਾਂ ਨਾਲ ਸੰਬੰਧਿਤ ਸਮਝੌਤਾ ਕਰਨ ਦੀ ਤਿਆਰੀ ਕਰੀ ਬੈਠੀ ਹੈ ਜੋ ਸਿਰਫ ਕਿਸਾਨੀ ਨੂੰ ਹੀ ਨਹੀਂ ਪੂਰੇ ਭਾਰਤ ਦੇਸ਼ ਨੂੰ ਬਰਬਾਦ ਕਰ ਦੇਵੇਗਾ। ਮੀਟਿੰਗ ਵਿੱਚ ਕੀਤੇ ਫੈਸਲੇ ਮੁਤਾਬਿਕ ਹਰ ਜਥੇਬੰਦੀ ਘੱਟੋ ਘੱਟ 100 ਬੰਦੇ ਦੀ ਹਾਜ਼ਰੀ ਯਕੀਨੀ ਬਣਾਵੇਗੀ। 16 ਜਨਵਰੀ ਨੂੰ ਸਵੇਰੇ 11 ਵਜੇ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋ ਕੇ ਡੀਸੀ ਦਫਤਰ ਗੁਰਦਾਸਪੁਰ ਵੱਲ ਕੂਚ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸਿੰਘ ਤਿੱਬੜ, ਰਘਬੀਰ ਸਿੰਘ ਚਾਹਲ, ਸਰਦੂਲ ਸਿੰਘ ਕਲਾਨੌਰ, ਰਣਜੀਤ ਸਿੰਘ ਰਾਣਾ, ਪਲਵਿੰਦਰ ਸਿੰਘ, ਗੁਰਮੁਖ ਸਿੰਘ ਖਹਿਰਾ, ਸੰਜੀਵ ਕੁਮਾਰ ਮਿੰਟੂ, ਕੁਲਜੀਤ ਸਿੰਘ ਸਿੱਧੂ, ਜੋਗਿੰਦਰ ਪਾਲ ਘਰਾਲਾ, ਗੁਰਵਿੰਦਰ ਸਿੰਘ (ਪੀਐੱਸਯੂ), ਦਿਲਬਾਗ ਸਿੰਘ ਰਤੋਵਾਲ (ਪੋਲਟਰੀ ਫਾਰਮ ਯੂਨੀਅਨ) ਆਦਿ ਵੀ ਹਾਜ਼ਰ ਸਨ।