ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਮੌਕੇ ਕੱਢੀ ਸ਼ੋਭਾ ਯਾਤਰਾ
ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
Publish Date: Sat, 31 Jan 2026 03:45 PM (IST)
Updated Date: Sun, 01 Feb 2026 04:02 AM (IST)
ਗੁਰਦਾਸਪੁਰ: ਸ਼੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਜਨਮ ਦਿਹਾੜੇ ਮੌਕੇ ‘ਤੇ ਸ਼੍ਰੀ ਗੁਰੂ ਰਵਿਦਾਸ ਸਭਾ ਵੱਲੋਂ ਸ਼ਨਿਚਰਵਾਰ ਨੂੰ ਸ਼ਹਿਰ ਵਿੱਚ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਆਰਿਆ ਨਗਰ ਸਥਿਤ ਰਵਿਦਾਸ ਚੌਕ ਤੋਂ ਸ਼ੁਰੂ ਹੋਈ, ਜਿਸਨੂੰ ਗੁਰਦੀਪ ਗਿਰੀ ਮਹਾਰਾਜ ਨੇ ਰਸਮੀ ਤੌਰ ’ਤੇ ਰਵਾਨਾ ਕੀਤਾ। ਸ਼ੋਭਾ ਯਾਤਰਾ ਦੌਰਾਨ ਸ਼ਰਧਾ, ਭਗਤੀ ਅਤੇ ਉਤਸ਼ਾਹ ਦਾ ਵਿਲੱਖਣ ਦ੍ਰਿਸ਼ ਵੇਖਣ ਨੂੰ ਮਿਲਿਆ।
ਸ਼ੋਭਾ ਯਾਤਰਾ ਆਰਿਆ ਨਗਰ ਤੋਂ ਸ਼ੁਰੂ ਹੋ ਕੇ ਜੇਲ੍ਹ ਰੋਡ, ਲਾਇਬ੍ਰੇਰੀ ਰੋਡ, ਬੀਜ ਮਾਰਕੀਟ, ਗੀਤਾ ਭਵਨ ਰੋਡ, ਹਨੂੰਮਾਨ ਚੌਕ, ਜੀਟੀ ਰੋਡ ਮੰਡੀ, ਜਹਾਜ਼ ਚੌਕ ਤੋਂ ਹੁੰਦੀ ਹੋਈ ਮੁੜ ਸ੍ਰੀ ਗੁਰੂ ਰਵਿਦਾਸ ਚੌਕ ‘’ਤੇ ਪਹੁੰਚ ਕੇ ਸੰਪੰਨ ਹੋਈ। ਇਸ ਦੌਰਾਨ ਪੂਰਾ ਸ਼ਹਿਰ ‘ਜੈ ਗੁਰੂ ਰਵਿਦਾਸ’ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਸੰਗਤ ਦੇ ਨਾਲ-ਨਾਲ ਨੇੜਲੇ ਪਿੰਡਾਂ ਤੋਂ ਆਈ ਸੰਗਤ ਨੇ ਵੀ ਵੱਡੀ ਗਿਣਤੀ ਵਿੱਚ ਸ਼ੋਭਾ ਯਾਤਰਾ ਵਿੱਚ ਭਾਗ ਲਿਆ। ਲਗਭਗ 150 ਟਰਾਲੀਆਂ ਵਿੱਚ ਬੈਠ ਕੇ ਆਏ ਸ਼ਰਧਾਲੂਆਂ ਨੇ ਸਮਾਗਮ ਨੂੰ ਇਤਿਹਾਸਕ ਰੂਪ ਦਿੱਤਾ।
ਸ਼ੋਭਾ ਯਾਤਰਾ ਦੇ ਅੱਗੇ ਨੌਜਵਾਨ ਕੁੜੀਆਂ ਪਰੰਪਰਾਗਤ ਪਹਿਰਾਵੇ ਵਿੱਚ ਕਲਸ਼ ਉਠਾ ਕੇ ਚੱਲ ਰਹੀਆਂ ਸਨ, ਜਦਕਿ ਪਿੱਛੇ ਭਜਨ ਮੰਡਲੀਆਂ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਗਾਇਨ ਕੀਤਾ ਜਾ ਰਿਹਾ ਸੀ। ਭਜਨਾਂ ਦੀ ਮਿੱਠੀ ਧੁਨ ‘ਤੇ ਸ਼ਰਧਾਲੂ ਝੂਮਦੇ ਨਜ਼ਰ ਆਏ ਅਤੇ ਵਾਤਾਵਰਨ ਪੂਰੀ ਤਰ੍ਹਾਂ ਭਕਤੀ ਰਸ ਨਾਲ ਭਰਪੂਰ ਹੋ ਗਿਆ।
ਸ਼ਹਿਰ ਦੇ ਵੱਖ-ਵੱਖ ਸਥਾਨਾਂ ’ਤੇ ਸ਼ੋਭਾ ਯਾਤਰਾ ਦਾ ਫੁੱਲਾਂ ਦੀ ਵਰਖਾ ਕਰਕੇ ਭਰਪੂਰ ਸਵਾਗਤ ਕੀਤਾ ਗਿਆ। ਸਥਾਨਕ ਭਗਤਾਂ ਵੱਲੋਂ ਸ਼ੋਭਾ ਯਾਤਰਾ ਵਿੱਚ ਸ਼ਾਮਲ ਸੰਗਤ ਲਈ ਚਾਹ, ਪਾਣੀ, ਬ੍ਰੈਡ ਸਮੇਤ ਵੱਖ-ਵੱਖ ਪ੍ਰਕਾਰ ਦੇ ਲੰਗਰ ਅਤੇ ਖਾਣ-ਪੀਣ ਦੀ ਵਿਵਸਥਾ ਕੀਤੀ ਗਈ। ਕਈ ਥਾਵਾਂ ’ਤੇ ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਸਿਰੋਪੇ ਪਾ ਕੇ ਸਨਮਾਨਿਤ ਵੀ ਕੀਤਾ ਗਿਆ।
ਸ਼ੋਭਾ ਯਾਤਰਾ ਦੌਰਾਨ ਕੱਢੀਆਂ ਗਈਆਂ ਝਾਕੀਆਂ ਖ਼ਾਸ ਆਕਰਸ਼ਣ ਦਾ ਕੇਂਦਰ ਰਹੀਆਂ। ਇਨ੍ਹਾਂ ਝਾਕੀਆਂ ਰਾਹੀਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਪਦੇਸ਼ਾਂ ਅਤੇ ਸਮਾਜਿਕ ਸਮਾਨਤਾ ਦੇ ਸੰਦੇਸ਼ ਨੂੰ ਸੁੰਦਰ ਢੰਗ ਨਾਲ ਦਰਸਾਇਆ ਗਿਆ। ਝਾਕੀਆਂ ਦੇ ਦਰਸ਼ਨ ਕਰਦੇ ਹੋਏ ਸ਼ਰਧਾਲੂ ਗੁਰੂ ਚਰਨਾਂ ਵਿੱਚ ਨਤਮਸਤਕ ਹੁੰਦੇ ਨਜ਼ਰ ਆਏ। ਸਮਾਗਮ ਦੇ ਅੰਤ ਵਿੱਚ ਸਭਾ ਦੇ ਮੈਂਬਰਾਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਅਤੇ ਸਮਾਜ ਵਿੱਚ ਬਰਾਬਰੀ, ਭਾਈਚਾਰੇ ਅਤੇ ਮਨੁੱਖਤਾ ਦੇ ਸੰਦੇਸ਼ ਨੂੰ ਅਪਣਾਉਣ ਦੀ ਅਪੀਲ ਕੀਤੀ ਗਈ।