ਜ਼ੀਰਾ ਕੰਨਿਆ ਸਕੂਲ ਦੇ ਵਿਦਿਆਰਥੀ ਅੱਠਵੀਂ ਦੀ ਮੈਰਿਟ ’ਚ ਸ਼ੁਮਾਰ
ਜ਼ੀਰਾ ਕੰਨਿਆ ਸਕੂਲ ਦੀ ਅੱਠਵੀਂ ਦੇ ਮੈਰਿਟ ਨਤੀਜਿਆਂ ਵਿਚ ਵੀ ਰਹੀ ਝੰਡੀ
Publish Date: Sat, 11 Apr 2026 04:38 PM (IST)
Updated Date: Sat, 11 Apr 2026 04:41 PM (IST)

ਗੌਰਵ ਗੌੜ ਜੌਲੀ,ਪੰਜਾਬੀ ਜਾਗਰਣ, ਜ਼ੀਰਾ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਦੇ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸ਼ਹੀਦ ਗੁਰਦਾਸ ਰਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਪੱਧਰੀ ਮੈਰਿਟ ਵਿਚ ਕ੍ਰਮਵਾਰ ਚੌਥਾ ਤੇ ਨੌਵਾਂ ਸਥਾਨ ਹਾਸਲ ਕੀਤਾ। ਸਕੂਲ ਪ੍ਰਿੰਸੀਪਲ ਡਾ. ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਵਿਦਿਆਰਥਣ ਸਿਮਰਵੀਰ ਕੌਰ ਨੇ 600 ’ਚੋਂ 596 ਅੰਕ ਹਾਸਲ ਕਰ 99.33% ਅੰਕਾਂ ਦੇ ਨਾਲ ਪੰਜਾਬ ਮੈਰਿਟ ’ਚ ਚੌਥਾ ਤੇ ਜ਼ਿਲ੍ਹਾ ਫਿਰੋਜ਼ਪੁਰ ’ਚੋਂ ਪਹਿਲਾ ਰੈਂਕ ਹਾਸਲ ਕੀਤਾ ਹੈ। ਇਸੇ ਤਰ੍ਹਾਂ ਜਸਮੀਤ ਕੌਰ ਨੇ 600 ਵਿੱਚੋਂ 591 ਅੰਕ ਹਾਸਿਲ ਕਰ 98.50% ਨਾਲ ਪੰਜਾਬ ਮੈਰਿਟ ’ਚ 9ਵਾਂ ਤੇ ਜ਼ਿਲ੍ਹਾ ਫਿਰੋਜ਼ਪੁਰ ’ਚੋਂ ਚੌਥਾ ਰੈਂਕ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਸਾਇੰਸ ਅਧਿਆਪਕ ਰੀਆ ਤੇ ਸਮੁੱਚੇ ਵਿਸ਼ਾ ਅਧਿਆਪਕਾ ਨੂੰ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਵਿਚ ਪਹਿਲਾਂ ਤੋਂ ਹੀ ਚੱਲ ਰਹੀ ਪਰੰਪਰਾ ਦੇ ਤਹਿਤ ਅਤੇ ਪੰਜਾਬ ਸਰਕਾਰ ਵੱਲੋਂ ਵੀ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਜਹਾਜ ਦਾ ਝੂਟਾ ਦੇਣ ਦੇ ਵਾਅਦੇ ਤਹਿਤ ਇਨ੍ਹਾਂ ਬੱਚਿਆਂ ਨੂੰ ਵੀ ਜਹਾਜ ਦਾ ਝੂਟਾ ਦਿੱਤਾ ਜਾਵੇਗਾ ਤਾਂ ਜੋ ਭਵਿੱਖ ਦੇ ਵਿਚ ਹੋਰ ਵਿਦਿਆਰਥੀਆਂ ਨੂੰ ਪ੍ਰੇਰਨਾ ਮਿਲ ਸਕੇ। ਉਨ੍ਹਾਂ ਦੱਸਿਆ ਕਿ ਸਾਡੀ ਸੰਸਥਾ ਵਿਦਿਆਰਥੀਆਂ ਦੇ ਸੋਹਣੇ ਭਵਿੱਖ ਤੇ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਹਮੇਸ਼ਾ ਤਨਦੇਹੀ ਦੇ ਨਾਲ ਭਵਿੱਖ ਵਿਚ ਵੀ ਅਜਿਹੇ ਨਤੀਜੇ ਦੇਣ ਲਈ ਪੂਰਨ ਤੌਰ ’ਤੇ ਆਸਵੰਦ ਹੈ।