ਬਿਨਾਂ ਪੋਸਟ ਮਾਰਟਮ ਤੋਂ ਹੀ ਕਰ ਦਿੱਤਾ ਕੁੱਤਿਆਂ ਵੱਲੋਂ ਮਾਰੇ ਨੌਜਵਾਨ ਦਾ ਸਸਕਾਰ
ਬਿਨਾਂ ਪੋਸਟ ਮਾਰਟਮ ਤੋਂ ਹੀ ਕਰ ਦਿੱਤਾ ਕੁੱਤਿਆਂ ਵੱਲੋਂ ਮਾਰੇ ਨੌਜਵਾਨ ਦਾ ਸਸਕਾਰ
Publish Date: Fri, 16 Jan 2026 07:07 PM (IST)
Updated Date: Fri, 16 Jan 2026 07:09 PM (IST)

ਪਰਮਿੰਦਰ ਸਿੰਘ ਥਿੰਦ,ਪੰਜਾਬੀ ਜਾਗਰਣ ਫਿਰੋਜ਼ਪੁਰ ਛ ਬੀਤੇ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਜ਼ਿਲ੍ਹੇ ਦੇ ਹਲਕਾ ਗੁਰੂਹਰਸਹਾਏ ਵਿਚ ਸ਼ੱਕੀ ਹਲਾਤ ’ਚ ਮਿਲੀ ਨੌਜਵਾਨ ਦੀ ਲਾਸ਼ ਤੋਂ ਭਾਵੇਂ ਮੁੱਢਲੀ ਨਜ਼ਰੇ ਇਹ ਅੰਦਾਜ਼ਾ ਲਾਇਆ ਗਿਆ ਸੀ ਕਿ ਉਸ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਮਾਰ ਦਿੱਤਾ ਪਰ ਉਸ ਨੌਜਵਾਨ ਦੀ ਮੌਤ ਦਾ ਅਸਲ ਕਾਰਣ ਕੀ ਹੈ, ਇਹ ਸ਼ਾਇਦ ਹੁਣ ਤ-ਉਮਰ ਬੁਝਾਰਤ ਹੀ ਬਣਿਆ ਰਹੇ। ਹੈਰਾਨੀਜਨਕ ਪਹਿਲੂ ਇਹ ਹੈ ਕਿ ਜ਼ਿਲ੍ਹਾ ਪੂਲਿਸ ਵੱਲੋਂ ਉਸ ਨੌਜਵਾਨ ਦੀ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਹੀ ਨਹੀਂ ਕਰਵਾਇਆ ਗਿਆ। ਅਜਿਹੇ ਵਿਚ ਮ੍ਰਿਤਕ ਨੌਜਵਾਨ ਕੁਲਬੀਰ ਸਿੰਘ ਦੀ ਮੌਤ ਦਾ ਅਸਲ ਰਾਜ ਸ਼ਾਇਦ ਉਸ ਦੇ ਨਾਲ ਹੀ ਖਤਮ ਹੋ ਗਿਆ। ਬੁੱਧਵਾਰ ਬਿਨ੍ਹਾ ਪੋਸਟ ਮਾਰਟਮ ਦੇ ਹੀ ਕੁਲਬੀਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਮ ਸਸਕਾਰ ਕਰ ਦਿੱਤਾ ਗਿਆ।ਇਸ ਸਬੰਧੀ ਪੁਲਿਸ ਦਾ ਪੱਖ ਵੀ ਹੈਰਾਨ ਕਰਨ ਵਾਲਾ ਹੈ ਕਿ ਪਰਿਵਾਰ ਨੇ ਲਿੱਖ ਕੇ ਹੀ ਨਹੀਂ ਦਿੱਤਾ ,ਨਹੀਂ ਤਾਂ ਪੋਸਟ ਮਾਰਟਮ ਕਰਵਾ ਲੈਂਦੇ । ਉਧਰ ਮਾਹਿਰਾਂ ਵੱਲੋਂ ਇਸ ਗੱਲ ’ਤੇ ਵੀ ਹੈਰਾਨੀ ਜਾਹਿਰ ਕੀਤੀ ਜਾ ਰਹੀ ਹੈ ਕਿ ਕੁੱਤਿਆਂ ਵੱਲੋਂ ਨੋਚ ਨੋਚ ਕੇ ਮਾਰੇ ਜਾ ਰਹੇ ਲੋਕਾਂ ਪ੍ਰਤੀ ਮਾਣਯੋਗ ਸੁਪ੍ਰੀਮ ਕੋਰਟ ਵੱਲੋਂ ਅਖ਼ਤਿਆਰ ਰੁਖ ਦੇ ਬਾਵਜੂਦ ਪੁਲਿਸ ਵੱਲੋਂ ‘ਡਾਗ ਬਾਈਟ ਡੈੱਥ’ ਨੂੰ ਇਸ ਕਦਰ ਸਹਿਜ਼ੇ ਲੈਣਾ ਵੀ ਕਾਫੀ ਹੈਰਾਨਕੁੰਨ ਹੈ। ਫੋਰੈਂਸਿਕ ਸਾਈਂਸ ਅਤੇ ਮੁਜ਼ਰਿਮਾਂ ਦੀ ਪੈੜ ਨੱਪਣ ਦੇ ਹੋਰ ਤਰੀਕੇੇ ਪੜ੍ਹਾਏ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਇਕ ਸ਼ੱਕੀ ਮੌਤ ’ਤੇ ਪੋਸਟ ਮਾਰਟਮ ਜਿਹਾ ਮੁੱਢਲਾ ਕੰਮ ਹੀ ਨਾ ਕਰਵਾਉਣਾ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਕਰਯੋਗ ਹੈ ਕਿ ਬੀਤੇ ਬੁੱਧਵਾਰ ਤੜਕੇ ਜ਼ਿਲ੍ਹੇ ਦੇ ਪਿੰਡ ਚੱਕ ਸੌਮਿਆ ਦੇ ਇਕ ਨੌਜਵਾਨ ਕੁਲਬੀਰ ਸਿੰਘ ਦੀ ਸ਼ੱਕੀ ਹਲਾਤ ’ਚ ਲਾਸ਼ ਮਿਲਣ ਮਗਰੋਂ ਚੁਫੇਰੇ ਸਨਸਨੀ ਫੈਲ ਗਈ ਸੀ। ਮੌਕੇ ’ਤੇ ਪਹੁੰਚੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਪੱਤਵੰਤਿਆਂ ਅਨੁਸਾਰ ਮ੍ਰਿਤਕ ਦੇ ਸ਼ਰੀਰ ’ਤੇ ਕੁੱਤੇ ਦੇ ਨੋਚ ਨੋਚ ਕੇ ਖਾਧੇ ਜਾਣ ਦੇ ਨਿਸ਼ਾਨ ਸਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਸੀ ਕਿ ਲੋਹੜੀ ਦੀ ਰਾਤ ਕੁਲਬੀਰ ਕਿਸੇ ਪਾਰਟੀ ਤੋਂ ਵਾਪਸ ਆ ਰਿਹਾ ਸੀ । ਪਰਿਵਾਰਕ ਮੈਂਬਰਾਂ ਮੁਤਾਬਿਕ ਜਦੋਂ ਉਹ ਘਰ ਤੋਂ ਕਰੀਬ 60 ਮੀਟਰ ਦੂਰ ਪਿਸ਼ਾਬ ਕਰਨ ਲਈ ਰੁਕਿਆ, ਤਾਂ ਅਚਾਨਕ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਨੇ ਉਸ ’ਤੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਨੋਚਿਆ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਕੁਝ ਸਮੇਂ ਬਾਅਦ ਉਸਦੀ ਮੌਤ ਹੋ ਗਈ। ਇਸ ਘਟਨਾ ਦਾ ਪਤਾ ਸਵੇਰੇ ਕਰੀਬ 7 ਵਜੇ ਉਸ ਸਮੇਂ ਲੱਗਾ, ਜਦੋਂ ਇੱਕ ਪਿੰਡ ਨਿਵਾਸੀ ਡੇਰੀ ’ਤੇ ਦੁੱਧ ਪਾਉਣ ਲਈ ਜਾ ਰਿਹਾ ਸੀ। ਉਸ ਨੇ ਰਾਹ ਵਿੱਚ ਨੌਜਵਾਨ ਦੀ ਲਾਸ਼ ਪਈ ਦੇਖੀ ਅਤੇ ਤੁਰੰਤ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਸੀ । ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ। ਪਰਿਵਾਰ ਨੇ ਪੋਸਟਮਾਰਟਮ ਲਈ ਲਿੱਖ ਕੇ ਹੀ ਨਹੀਂ ਦਿੱਤਾ : ਡੀਐੱਸਪੀ ਇਕ ਸ਼ੱਕੀ ਮੌਤ ਦੇ ਮਾਮਲੇ ਵਿਚ ਪੋਸਟ ਮਾਰਟਮ ਨਾ ਕਰਵਾਏ ਜਾਣ ਸਬੰਧੀ ਜਦੋਂ ਡੀਐਸਪੀ ਗੁਰੂਹਰਸਹਾਏ ਰਾਜਬੀਰ ਸਿੰਘ ਤੋਂ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਬੜਾ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਆਖਿਆ ਕਿ ਪਰਿਵਾਰ ਵੱਲੋਂ ਪੋਸਟ ਮਾਰਟਮ ਕਰਵਾਉਣ ਲਈ ਲਿੱਖ ਕੇ ਹੀ ਨਹੀਂ ਦਿੱਤਾ ,ਨਹੀਂ ਤਾਂ ਕਰਵਾ ਲੈਂਦੇ । ‘ਡਾਗ ਬਾਈਟ ਡੈੱਥ’ ਨੂੰ ਸਹਿਜ਼ੇ ’ਚ ਲੈ ਰਹੀ ਪੁਲਿਸ ਅਵਾਰਾ ਕੁੱਤਿਆਂ ਦੇ ਵੱਢ੍ਹੇ ਜਾਣ ਦੇ ਮਾਮਲਿਆਂ ’ਤੇ ਮਾਣਯੋਗ ਸੁਪ੍ਰੀਮ ਕੋਰਟ ਦੀ ਸਖਤੀ ਦੇ ਬਾਵਜੂਦ ‘ਡਾਗ ਬਾਈਟ ਡੈੱਥ’ ਦੇ ਇਕ ਮਾਮਲੇ ਨੂੰ ਪੁਲਿਸ ਵੱਲੋਂ ਇਸ ਕਦਰ ਸਹਿਜ਼ੇ ਲੈਣਾ ਕਾਫੀ ਹੈਰਾਨ ਕਰ ਰਿਹਾ ਹੈ। ਇਸ ਨਾਲ ਨਾ ਸਿਰਫ ਮਾਣਯੋਗ ਸੁਪ੍ਰੀਮ ਕੋਰਟ ਦੇ ਹੁੱਕਮਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ ,ਸਗੋਂ ਇਕ ਇਸ ਕਦਰ ਸੰਜੀਦਾ ਮਾਮਲੇ ਵਿਚ ਮ੍ਰਿਤਕ ਦੇਹ ਦਾ ਪੋਸਟ ਮਾਰਟਮ ਹੀ ਨਾ ਕਰਵਾ ਕੇ ਕਨੂੰਨ ਦੀ ਵੀ ਉਲੰਘਣਾ ਕੀਤੀ ਗਈ ਹੈ। ਖੁਦਾ ਨਾ ਖਾਸਤਾ ਜੇ ਕਰ ਉਕਤ ਨੌਜਵਾਨ ਦਾ ਕਤਲ ਹੋਇਆ ਹੋਵੇ ਤਾਂ ਮ੍ਰਿਤਕ ਨੂੰ ਕਿਵੇਂ ਇਨਸਾਫ ਮਿਲੇਗਾ।