ਨਸ਼ਾ ਸਮਗਲਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ
ਨਸ਼ਾ ਸਮਗਲਰ ਦੇ ਘਰ ’ਤੇ ਚੱਲਿਆ ਪੀਲਾ ਪੰਜਾ, ਪ੍ਰਸ਼ਾਸਨ ਦੀ ਵੱਡੀ ਕਾਰਵਾਈ
Publish Date: Wed, 11 Mar 2026 03:21 PM (IST)
Updated Date: Wed, 11 Mar 2026 03:24 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਨਸ਼ਾ ਸਮਗਲਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਕੜੀ ਦੇ ਤਹਿਤ ਪ੍ਰਸ਼ਾਸਨ ਨੇ ਇਕ ਹੋਰ ਬਦਨਾਮ ਨਸ਼ਾ ਸਮੱਗਲਰ ਦੇ ਘਰ ਉੱਤੇ ਕਾਰਵਾਈ ਕਰਦਿਆਂ ਪੀਲਾ ਪੰਜਾ ਚਲਾ ਦਿੱਤਾ। ਪਿੰਡ ਛਾਂਗਾ ਰਾਏ ਹਿਠਾੜ ਵਿੱਚ ਰਹਿੰਦੇ ਕਥਿਤ ਨਸ਼ਾ ਸਮੱਗਲਰ ਹਰਜਿੰਦਰ ਸਿੰਘ ਉਰਫ਼ ਡੋਗੀ ਦੇ ਘਰ ਨੂੰ ਢਾਹੁਣ ਦੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਐੱਸਪੀ (ਡੀ) ਮਨਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਡੀਐੱਸਪੀ ਰਾਜਵੀਰ ਸਿੰਘ ਅਤੇ ਥਾਣਾ ਮੁਖੀ ਇੰਸਪੈਕਟਰ ਜਗਦੀਪ ਸਿੰਘ ਵੀ ਮੌਕੇ ’ਤੇ ਖਾਸ ਤੌਰ ’ਤੇ ਮੌਜ਼ੂਦ ਰਹੇ ਅਤੇ ਪੁਲਿਸ ਦੀ ਭਾਰੀ ਫੋਰਸ ਤੈਨਾਤ ਕੀਤੀ ਗਈ ਸੀ ਤਾਂ ਜੋ ਕਾਰਵਾਈ ਦੌਰਾਨ ਕਿਸੇ ਤਰ੍ਹਾਂ ਦੀ ਅਣਚਾਹੀ ਘਟਨਾ ਨਾ ਵਾਪਰੇ। ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐੱਸਪੀ ਡੀ ਮਨਜੀਤ ਸਿੰਘ ਅਤੇ ਡੀਐੱਸਪੀ ਰਾਜਵੀਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਡੋਗੀ ਇਲਾਕੇ ਦਾ ਇੱਕ ਬਦਨਾਮ ਨਸ਼ਾ ਸਮਗਲਰ ਹੈ ਅਤੇ ਉਸ ਦੇ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਨੇ ਨਸ਼ੇ ਦੀ ਕਮਾਈ ਨਾਲ ਸਰਕਾਰੀ ਜਗ੍ਹਾ ਉੱਪਰ ਗੈਰ ਕਾਨੂੰਨੀ ਤੌਰ ’ਤੇ ਇਹ ਘਰ ਤਿਆਰ ਕੀਤਾ ਹੋਇਆ ਸੀ। ਪ੍ਰਸ਼ਾਸਨ ਵੱਲੋਂ ਲੋੜੀਂਦੀ ਮਨਜ਼ੂਰੀ ਲੈਣ ਤੋਂ ਬਾਅਦ ਹੀ ਅੱਜ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਗੈਰਕਾਨੂੰਨੀ ਜਾਇਦਾਦ ਖ਼ਿਲਾਫ਼ ਅੱਗੇ ਵੀ ਇਸੇ ਤਰ੍ਹਾਂ ਦੀ ਸਖ਼ਤ ਕਾਰਵਾਈ ਜਾਰੀ ਰਹੇਗੀ। ਉਧਰ ਦੂਜੇ ਪਾਸੇ ਹਰਜਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਪ੍ਰਸ਼ਾਸਨ ਦੀ ਕਾਰਵਾਈ ’ਤੇ ਸਵਾਲ ਉਠਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਇਹ ਘਰ ਲਗਭਗ 20 ਸਾਲ ਪਹਿਲਾਂ ਆਪਣੀ ਜ਼ਮੀਨ ਵੇਚ ਕੇ ਬਣਾਇਆ ਗਿਆ ਸੀ ਅਤੇ ਇਸ ਦਾ ਨਸ਼ੇ ਦੀ ਕਮਾਈ ਨਾਲ ਕੋਈ ਸਬੰਧ ਨਹੀਂ ਹੈ। ਫਿਲਹਾਲ ਇਸ ਕਾਰਵਾਈ ਨੂੰ ਲੈ ਕੇ ਇਲਾਕੇ ਵਿਚ ਚਰਚਾ ਜਾਰੀ ਹੈ ਅਤੇ ਲੋਕਾਂ ਦੀ ਨਜ਼ਰ ਹੁਣ ਅਗਲੀ ਪ੍ਰਸ਼ਾਸਕੀ ਕਾਰਵਾਈ ’ਤੇ ਟਿਕੀ ਹੋਈ ਹੈ।