ਸਿਵਲ ਹਸਪਤਾਲ ਫਿਰੋਜ਼ਪੁਰ ’ਚ ਐਕਸਰੇ ਸਿਸਟਮ ਠੱਪ
ਸਿਵਲ ਹਸਪਤਾਲ ਫਿਰੋਜ਼ਪੁਰ ਵਿਚ ਐਕਸਰੇ ਸਿਸਟਮ ਠੱਪ
Publish Date: Mon, 09 Feb 2026 06:36 PM (IST)
Updated Date: Mon, 09 Feb 2026 06:38 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿਚ ਐਕਸਰੇ ਮਸ਼ੀਨ ਲੰਮੇ ਸਮੇਂ ਤੋਂ ਬੰਦ ਪਈ ਹੋਣ ਕਾਰਨ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀ ਭਾਰੀ ਖੱਜਲ ਖ਼ੁਆਰੀ ਹੋ ਰਹੀ ਹੈ। ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਆਪਣੀ ਬੀਮਾਰੀ ਦੀ ਜਾਂਚ ਲਈ ਨਿੱਜੀ ਐਕਸਰੇ ਸੈਂਟਰਾਂ ਵੱਲ ਧੱਕਿਆ ਜਾ ਰਿਹਾ ਹੈ, ਜਿਸ ਨਾਲ ਨਾ ਸਿਰਫ਼ ਉਨ੍ਹਾਂ ’ਤੇ ਵਿੱਤੀ ਬੋਝ ਪੈ ਰਿਹਾ ਹੈ, ਸਗੋਂ ਬਿਮਾਰਾਂ ਦੀ ਸਿਹਤ ਨੂੰ ਵੀ ਖਤਰਾ ਬਣਿਆ ਹੋਇਆ ਹੈ। ਸਟ੍ਰੈਚਰਾਂ ’ਤੇ ਮਰੀਜ਼ ਸਿਵਲ ਹਸਪਤਾਲ ਦੇ ਬਾਹਰ ਅਕਸਰ ਅਜਿਹੇ ਦ੍ਰਿਸ਼ ਵੇਖਣ ਨੂੰ ਮਿਲਦੇ ਹਨ ਜਿੱਥੇ ਮਰੀਜ਼ਾਂ ਨੂੰ ਸਟਰੈਚਰਾਂ ’ਤੇ ਲੰਮਾ ਪਾ ਕੇ ਨਿੱਜੀ ਐਕਸਰੇ ਸੈਂਟਰਾਂ ਤੱਕ ਲਿਜਾਇਆ ਜਾ ਰਿਹਾ ਹੈ। ਕਈ ਵਾਰ ਇਹ ਮਰੀਜ਼ ਗੰਭੀਰ ਹਾਲਤ ਵਿਚ ਹੁੰਦੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਬੁਨਿਆਦੀ ਸਹੂਲਤ ਤੋਂ ਵੰਜਿਤ ਕਰ ਦਿੱਤਾ ਜਾਂਦਾ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲ ਵਿਚ ਮੁੱਢਲੀਆਂ ਸਿਹਤ ਸਹੂਲਤਾਂ ਨਾ ਮਿਲਣਾ ਬਹੁਤ ਹੀ ਚਿੰਤਾਜਨਕ ਹੈ। ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ : ਐੱਸਐੱਮਓ ਇਸ ਮਾਮਲੇ ’ਤੇ ਸਿਵਲ ਹਸਪਤਾਲ ਦੇ ਐੱਸਐੱਮਓ ਡਾਕਟਰ ਨਿਖਿਲ ਨੇ ਦੱਸਿਆ ਕਿ ਐਕਸਰੇ ਮਸ਼ੀਨ ਕਾਫ਼ੀ ਸਮੇਂ ਤੋਂ ਖਰਾਬ ਹੈ ਅਤੇ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਅਨੁਸਾਰ, ਜਲਦੀ ਹੀ ਮਸ਼ੀਨ ਦੇ ਠੀਕ ਹੋਣ ਜਾਂ ਨਵੀਂ ਮਸ਼ੀਨ ਲਗਣ ਦੀ ਸੰਭਾਵਨਾ ਹੈ। ਪੈਨਲ ਵਾਲੇ ਸੈਂਟਰ ਤੇ ਗੈਰ-ਪੈਨਲ ਦੀ ਗੱਲ ਐੱਸਐੱਮਓ ਨੇ ਸਪਸ਼ਟ ਕੀਤਾ ਕਿ ਫਿਰੋਜ਼ਪੁਰ ਵਿਚ ਕੁਝ ਨਿੱਜੀ ਐਕਸਰੇ ਸੈਂਟਰ ਸਿਵਲ ਹਸਪਤਾਲ ਦੇ ਪੈਨਲ ਵਿਚ ਸ਼ਾਮਲ ਹਨ। ਜੇ ਮਰੀਜ਼ ਚੱਲਣ-ਫਿਰਣ ਜੋਗਾ ਹੈ ਤਾਂ ਉਹ ਖੁਦ ਉੱਥੇ ਜਾ ਸਕਦਾ ਹੈ ਅਤੇ ਗੰਭੀਰ ਮਰੀਜ਼ਾਂ ਨੂੰ ਐਬੂਲੈਂਸ ਰਾਹੀਂ ਲਿਜਾਇਆ ਜਾਂਦਾ ਹੈ। ਪਰ ਹਾਊਸਿੰਗ ਬੋਰਡ ਇਲਾਕੇ ਦੇ ਇੱਕ ਨਿੱਜੀ ਐਕਸਰੇ ਕੇਂਦਰ ਬਾਰੇ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਇਸ ਨਾਂ ਦਾ ਕੋਈ ਵੀ ਸੈਂਟਰ ਸਿਵਲ ਹਸਪਤਾਲ ਦੇ ਪੈਨਲ ਵਿੱਚ ਸ਼ਾਮਲ ਨਹੀਂ ਹੈ ਅਤੇ ਲੋਕ ਆਪਣੀ ਮਰਜ਼ੀ ਨਾਲ ਉੱਥੇ ਜਾ ਰਹੇ ਹਨ। ਪਤਾ ਲੱਗਿਆ ਹੈ ਕਿ ਇਸ ਪ੍ਰਾਈਵੇਟ ਐਕਸਰੇ ਕੇਂਦਰ ਦਾ ਮਾਲਕ ਸਿਹਤ ਵਿਭਾਗ ਵਿਚ ਕੰਮ ਕਰਦਾ ਹੈ ਤੇ ਪਹਿਲ ਦੇ ਆਧਾਰ ’ਤੇ ਇਸੇ ਸੈਂਟਰ ਨੂੰ ਰਕਮੈਂਡ ਕੀਤਾ ਜਾਂਦਾ ਹੈ। ਉੱਚੇ ਦਾਅਵਿਆਂ ਦੇ ਬਾਵਜੂਦ ਹਕੀਕਤ ਵੱਖਰੀ ਭਾਰਤ ਵਿਚ ਸਿਹਤ ਸੇਵਾਵਾਂ ਦੇ ਉੱਚੇ ਮਿਆਰਾਂ ਦੇ ਦਾਵਿਆਂ ਦੇ ਬਾਵਜੂਦ, ਫਿਰੋਜ਼ਪੁਰ ਵਰਗੇ ਸ਼ਹਿਰ ਦੇ ਸਿਵਲ ਹਸਪਤਾਲ ਦੀ ਇਹ ਹਾਲਤ ਸਿਸਟਮ ਦੀ ਨਾਕਾਮੀ ਨੂੰ ਬਿਆਨ ਕਰਦੀ ਹੈ। ਇਸ ਸਬੰਧੀ ਸਮਾਜ ਸੇਵਕ ਜੁਗਿੰਦਰ ਸਿੰਘ ਮਾਣਕ ਪ੍ਰਧਾਨ ਯੂਥ ਵੈਲਫੇਅਰ ਕਲੱਬ ਅਤੇ ਹੋਰ ਸੰਗਠਨਾਂ ਦੇ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਐਕਸਰੇ ਮਸ਼ੀਨ ਨੂੰ ਤੁਰੰਤ ਠੀਕ ਕਰਕੇ ਮਰੀਜ਼ਾਂ ਨੂੰ ਰਾਹਤ ਦਿੱਤੀ ਜਾਵੇ। ਛੇਤੀ ਠੀਕ ਕਰਵਾਈ ਜਾਵੇਗੀ ਐਕਸਰੇ ਮਸ਼ੀਨ : ਸਿਵਲ ਸਰਜਨ ਇਸ ਮਾਮਲੇ ਬਾਰੇ ਜਦੋਂ ਸਿਵਲ ਸਰਜਨ ਫਿਰੋਜ਼ਪੁਰ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਫਿਰੋਜ਼ਪੁਰ ਵਿਚ ਕੁਝ ਸਮਾਂ ਪਹਿਲਾਂ ਆਏ ਹਨ, ਅੱਜ ਹੀ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਐਕਸਰੇ ਮਸ਼ੀਨ ਠੀਕ ਕਰਵਾਈ ਜਾਵੇਗੀ। ਸਿਵਲ ਸਰਜਨ ਫਿਰੋਜ਼ਪੁਰ ਨੇ ਕਿਹਾ ਕਿ ਸਾਡੀ ਸਮੁੱਚੀ ਟੀਮ ਸਿਹਤ ਸੇਵਾਵਾਂ ਨੂੰ ਸਮਰਪਿਤ ਹੈ ਤੇ ਲੋਕਾਂ ਦੀ ਸਹੂਲਤ ਲਈ ਸਾਰੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।