ਮੈਰੀਟੋਰੀਅਸ ਸਕੂਲ ’ਚ ਉਤਸ਼ਾਹ ਨਾਲ ਮਨਾਇਆ ‘ਵਿਸ਼ਵ ਜਲਗਾਹ ਦਿਵਸ’
ਮੈਰੀਟੋਰੀਅਸ ਸਕੂਲ ’ਚ ‘‘ਵਿਸ਼ਵ ਜਲਗਾਹਾਂ ਦਿਵਸ’’ ਉਤਸ਼ਾਹ ਨਾਲ ਮਨਾਇਆ
Publish Date: Tue, 03 Feb 2026 04:48 PM (IST)
Updated Date: Tue, 03 Feb 2026 04:50 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਾਰਾਗੜ੍ਹੀ ਮੈਮੋਰੀਅਲ ਮੈਰੀਟੋਰੀਅਸ ਸਕੂਲ, ਹਕੂਮਤ ਸਿੰਘ ਵਾਲਾ ਫ਼ਿਰੋਜ਼ਪੁਰ ਵਿਖੇ ‘ਵਿਸ਼ਵ ਜਲਗਾਹਾਂ ਦਿਵਸ’ ਨੂੰ ਸਮਰਪਿਤ ਵਾਤਾਵਰਣ ਜਾਗਰੂਕਤਾ ਵਿਸ਼ੇਸ਼ ਸੈਮੀਨਾਰ ਅਤੇ ਵਰਕਸ਼ਾਪ ਦਾ ਆਯੋਜਨ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੈਸ਼ਨਲ ਅਵਾਰਡੀ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਸਕੂਲ ‘ਦੀ ਈਕੋ ਕਲੱਬ’ ਵੱਲੋਂ ਸਕੂਲੀ ਵਿਦਿਆਰਥੀਆਂ ਦੇ ਵਿਦਿਅਕ ਮੁਕਾਬਲੇ ਵੀ ਕਰਵਾਏ ਗਏ। ਸਕੂਲ ਦੇ ਵਾਈਸ ਪ੍ਰਿੰਸੀਪਲ ਸੁਕੀਰਤੀ ਸ਼ਰਮਾ ਅਤੇ ਈਕੋ ਕਲੱਬ ਇੰਚਾਰਜ਼ ਮਿਸ ਸ਼ਹਿਨਾਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਕੁਦਰਤੀ ਸੋਮਿਆਂ ਅਤੇ ਵੈੱਟਲੈਂਡਜ਼ (ਜਲਗਾਹਾਂ) ਦੀ ਸਾਂਭ-ਸੰਭਾਲ ਪ੍ਰਤੀ ਜਾਗਰੂਕ ਕਰਨਾ ਸੀ। ਸੈਮੀਨਾਰ ਦੌਰਾਨ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਵਾਤਾਵਰਣ ਪ੍ਰੇਮੀ ਡਾ. ਮੋਕਸ਼ੀ ਸ਼ਰਮਾ ਸਹਾਇਕ ਪ੍ਰੋਫੈਸਰ ਜੀਵ ਵਿਗਿਆਨ, ਡਾ. ਰਮਨੀਕ ਢਿੱਲੋਂ ਸਹਾਇਕ ਪ੍ਰੋਫੈਸਰ, ਈਕੋ ਕਲੱਬ ਇੰਚਾਰਜ਼ ਦੇਵ ਸਮਾਜ ਕਾਲਜ ਫਾਰ ਵੁਮੈਨ ਅਤੇ ਡਾ. ਸਿਮਰਪ੍ਰੀਤ ਕੌਰ ਸਹਾਇਕ ਪ੍ਰੋਫੈਸਰ ਕਾਸਮੋਟੋਲੋਜੀ ਵਿਭਾਗ ਨੇ ਵਾਤਾਵਰਣ ਦੀ ਮੌਜ਼ੂਦਾ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਮਾਹਿਰਾਂ ਨੇ ਦੱਸਿਆ ਕਿ ਵੈੱਟਲੈਂਡਜ਼ ਸਾਡੇ ਵਾਤਾਵਰਣ ਦਾ ਗੁਰਦਾ ਹਨ ਅਤੇ ਇਨ੍ਹਾਂ ਦੀ ਸੰਭਾਲ ਕਰਨਾ ਸਾਡੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ 2 ਫਰਵਰੀ ਦਾ ਦਿਨ ਵਿਸ਼ਵ ਜਲਗਾਹ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਦਿਨ ਜਲਗਾਹਾਂ, ਝੀਲਾਂ, ਦਰਿਆਵਾਂ, ਨਦੀਆਂ ਅਤੇ ਦਲਦਲ ਨੂੰ ਸੰਭਾਲਣ ਦਾ ਸੰਦੇਸ਼ ਦਿੰਦਾ ਹੈ, ਜੋ ਵਾਤਾਵਰਣ ਸੰਤੁਲਨ ਬਣਾਈ ਰੱਖਣ ਲਈ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਪਾਣੀ ਪ੍ਰਦੂਸ਼ਣ ਦੇ ਪੈ ਰਹੇ ਮਾੜੇ ਪ੍ਰਭਾਵਾਂ ਦਾ ਵਿਸਥਾਰ ਪੂਰਵਕ ਜ਼ਿਕਰ ਕਰਦਿਆਂ, ਇਸ ਦੀ ਸੰਭਾਲ ਅਤੇ ਬੱਚਤ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਚਾਉਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਇਨ੍ਹਾਂ ਕੁਦਰਤੀ ਸਰੋਤਾਂ ਦੀ ਰੱਖਿਆ ਬਹੁਤ ਜ਼ਰੂਰੀ ਹੈ। ਇਸ ਮੌਕੇ ਵਿੱਦਿਅਕ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਸੈਮੀਨਾਰ ਵਿਚ ਪਹੁੰਚੇ ਬੁਲਾਰਿਆਂ ਨੂੰ ਸਕੂਲ ਪ੍ਰਬੰਧਕਾਂ ਵੱਲੋਂ ਯਾਦ ਚਿੰਨ੍ਹ ਭੇਟ ਕੀਤੇ ਗਏ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਈਕੋ ਕਲੱਬ ਇੰਚਾਰਜ਼ ਮਿਸ ਸ਼ਹਿਨਾਜ਼, ਸੀਮਾ ਰਾਣੀ, ਮੀਡੀਆ ਕੋਆਰਡੀਨੇਟਰ ਅਮਨਦੀਪ ਕੌਰ ਅਤੇ ਰੂਪਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ।