ਜੀਵਨ ਸ਼ੈਲੀ ਨੂੰ ਸੁਧਾਰ ਕੇ ਹੋਇਆ ਜਾ ਸਕਦੈ ਰੋਗ ਮੁਕਤ : ਡਾ. ਅਭੈਜੀਤ
ਸੀਐੱਚਸੀ ਫਿਰੋਜ਼ਸ਼ਾਹ ਵਿਖੇ ਮਨਾਇਆ ਵਿਸ਼ਵ ਸਿਹਤ ਦਿਵਸ
Publish Date: Tue, 07 Apr 2026 04:31 PM (IST)
Updated Date: Tue, 07 Apr 2026 04:32 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ: ਅੱਜ ਸੀਐਚਸੀ ਫਿਰੋਜ਼ਸ਼ਾਹ ਵਿਖੇ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਇਸ ਮੌਕੇ ਸੈਮੀਨਾਰ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਅਭੈਜੀਤ ਸਿੰਘ ਨੇ ਮਨੁੱਖਾਂ, ਪਸ਼ੂ- ਪਰਿੰਦਿਆਂ, ਰੁੱਖਾਂ ਅਤੇ ਧਰਤੀ ਦੀ ਚੰਗੀ ਸਿਹਤ ਲਈ ਇਕ ਸਾਰ ਸੋਚ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜਕੱਲ ਲੋਕਾਂ ਨੂੰ ਇਸ ਦਾ ਅਹਿਸਾਸ ਹੋਏ ਬਿਨ੍ਹਾ ਸਰੀਰ ਵਿਚ ਬਿਮਾਰੀਆਂ ਵਧਦੀਆਂ ਰਹਿੰਦੀਆਂ ਹਨ। ਭਾਰਤ ਵਿਚ ਲਗਭਗ 20 ਪ੍ਰਤੀਸ਼ਤ ਬਾਲਗ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਹਨ ਅਤੇ ਇਸ ਤੋਂ ਅਣਜਾਣ ਹਨ। ਵੱਡੀ ਗਣਿਤੀ ਵਿਚ ਲੋਕਾਂ ਨੂੰ ਪ੍ਰੀ-ਡਾਇਬੀਟੀਜ਼ ਹੋ ਜਾਂਦਾ ਹੈ ਅਤੇ ਜਾਂਚ ਦੀ ਘਾਟ ਕਾਰਨ ਕੁਝ ਸਾਲਾਂ ਦੇ ਅੰਦਰ-ਅੰਦਰ ਸ਼ੂਗਰ ਹੋ ਜਾਂਦੀ ਹੈ। ਇਸੇ ਤਰ੍ਹਾਂ ਦਿਲ ਦੀ ਬਿਮਾਰੀ, ਗੁਰਦੇ ਦੀ ਬਿਮਾਰੀ ਅਤੇ ਕੈਂਸਰ ਵਰਗੀਆਂ ਬਹੁਤ ਸਾਰੀਆਂ ਜਾਨਲੇਵਾ ਬਮਿਾਰੀਆਂ ਬਿਨ੍ਹਾ ਲੱਛਣਾਂ ਦੇ ਵਿਕਸਤ ਹੋ ਸਕਦੀਆਂ ਹਨ। ਇਸ ਲਈ ਸਾਰੇ ਬਾਲਗਾਂ ਨੂੰ ਸਾਲ ਵਿਚ ਇਕ ਵਾਰ ਪੂਰੇ ਸਰੀਰ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਸਮੇਂ ਸਿਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸੰਬੋਧਨ ਕਰਦਿਆਂ ਹਰਦੀਪ ਸਿੰਘ ਸੰਧੂ ਬਲਾਕ ਐਕਸਟੈਂਸ਼ਨ ਐਜੂਕੇਟਰ ਨੇ ਦੱਸਿਆ ਕਿ ਭਾਰਤ ਦੇ ਸੰਦਰਭ ਵਿਚ ਚਿੰਤਾ ਵਾਲੀ ਗੱਲ ਇਹ ਹੈ ਕਿ ਪਿਛਲੇ ਥੋੜ੍ਹੇ ਸਮੇ ਤੋਂ 6 ਪ੍ਰਮੁੱਖ ਬਿਮਾਰੀਆਂ ਨੌਜਵਾਨਾਂ ਵਿਚ ਤੇਜ਼ੀ ਨਾਲ ਫੈਲ ਰਹੀਆਂ ਹਨ। ਜਿਨ੍ਹਾਂ ਵਿਚ ਸ਼ੂਗਰ, ਦਿਲ ਦੇ ਰੋਗ, ਮੋਟਾਪਾ, ਔਰਤਾਂ ਵਿਚ ਹਾਰਮੋਨਲ ਅਸੰਤੁਲਨ, ਫੈਟੀ ਲਿਵਰ ਅਤੇ ਮਾਨਸਿਕ ਸਿਹਤ ਹਨ। ਉਹਨਾਂ ਦੱਸਿਆ ਕਿ ਇਹ ਸਾਰੀਆਂ ਬਿਮਾਰੀਆਂ ਸਾਡੀ ਜੀਵਨ ਸ਼ੈਲੀ ਨਾਲ ਜੁੜੀਆਂ ਹਨ ਅਤੇ ਇਨ੍ਹਾਂ ਨੂੰ ਸਮੇਂ ਸਿਰ ਸੌਣਾ ਅਤੇ ਤਣਾਅ ਘੱਟ ਕਰਨਾ, ਸਿਹਤਮੰਦ ਖੁਰਾਕ ਅਤੇ ਰੋਜ਼ਾਨਾ ਕਸਰਤ ਅਤੇ ਯੋਗਾ ਕਰਕੇ ਰੋਕਿਆ ਜਾ ਸਕਦਾ ਹੈ। ਇਸ ਮੌਕੇ ਸੁਮਿਤ ਕੁਮਾਰ, ਮੁਕੇਸ਼ ਕੁਮਾਰ, ਹਰਜਿੰਦਰ ਸਿੰਘ, ਜਗਜੀਤ ਸਿੰਘ, ਰਜਨੀ ਸ਼ਰਮਾ ਆਦਿ ਹਾਜ਼ਰ ਸਨ।