ਹਾਰਮਨੀ ਆਯੁਰਵੈਦਿਕ ਕਾਲਜ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ
ਹਾਰਮਨੀ ਆਯੁਰਵੈਦਿਕ ਕਾਲਜ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ
Publish Date: Sun, 07 Jun 2026 07:04 PM (IST)
Updated Date: Sun, 07 Jun 2026 07:05 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਵਿਸ਼ਵ ਵਾਤਾਵਰਣ ਦਿਵਸ ਦੇ ਮੌਕੇ ’ਤੇ ਹਾਰਮਨੀ ਆਯੁਰਵੈਦਿਕ ਕਾਲਜ ਅਤੇ ਹਸਪਤਾਲ ਵਿਖੇ ਇਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਅਤੇ ਸਟਾਫ਼ ਨੂੰ ਗਲੋਬਲ ਵਾਰਮਿੰਗ ਅਤੇ ਜਲਵਾਯੂ ਪਰਿਵਰਤਨ ਵਰਗੀਆਂ ਗੰਭੀਰ ਚੁਣੌਤੀਆਂ ਪ੍ਰਤੀ ਜਾਗਰੂਕ ਕਰਦੇ ਹੋਏ ਕੁਦਰਤ ਦੀ ਸੰਭਾਲ ਅਤੇ ਪੌਦੇ ਲਗਾਉਣ ਦਾ ਅਹਿਮ ਸੰਦੇਸ਼ ਦਿੱਤਾ ਗਿਆ। ਇਹ ਦਿਵਸ ਸਾਨੂੰ ਗਲੋਬਲ ਵਾਰਮਿੰਗ, ਜਲਵਾਯੂ ਪਰਿਵਰਤਨ ਅਤੇ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਵਰਗੀਆਂ ਗੰਭੀਰ ਚੁਣੌਤੀਆਂ ਦੇ ਵਿਰੁੱਧ ਇੱਕਜੁੱਟ ਹੋਣ ਅਤੇ ਲੋਕਾਂ ਨੂੰ ਸਚੇਤ ਕਰਨ ਦਾ ਹੋਕਾ ਦਿੰਦਾ ਹੈ, ਕਿਉਂਕਿ ਇੱਕ ਸਾਫ਼-ਸੁਥਰੇ ਵਾਤਾਵਰਣ ਤੋਂ ਬਿਨ੍ਹਾ ਮਨੁੱਖੀ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਸਾਲ ਦੇ ਸਮਾਗਮ ਦਾ ਮੁੱਖ ਵਿਸ਼ਾ (ਥੀਮ) ‘‘ਕੁਦਰਤ ਤੋਂ ਪ੍ਰੇਰਿਤ, ਜਲਵਾਯੂ ਲਈ, ਸਾਡੇ ਭਵਿੱਖ ਲਈ’’ ਰੱਖਿਆ ਗਿਆ ਸੀ। ਇਸ ਵਿਸ਼ੇਸ਼ ਮੌਕੇ ’ਤੇ ਮੁੱਖ ਤੌਰ ’ਤੇ ਹਾਜ਼ਰ ਹੋਏ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਅਤੇ ਪਰਮ ਵਾਤਾਵਰਣ ਪ੍ਰੇਮੀ ਧਰਮਪਾਲ ਬਾਂਸਲ ਜੋ ਆਪਣੇ ਜੀਵਨ ਵਿਚ ਹੁਣ ਤੱਕ 10 ਹਜ਼ਾਰ ਤੋਂ ਵੱਧ ਪੌਦੇ ਲਗਾ ਚੁੱਕੇ ਹਨ ਨੇ ਇਸ ਵਾਤਾਵਰਣ ਪੱਖੀ ਮੁਹਿੰਮ ਨੂੰ ਅੱਗੇ ਵਧਾਇਆ। ਉਨ੍ਹਾਂ ਦੇ ਨਾਲ ਮੈਨੇਜਮੈਂਟ ਦੀ ਡਾਇਰੈਕਟਰ ਕਿਰਨ ਬਾਂਸਲ, ਡਾਇਰੈਕਟਰ ਯੋਗੇਸ਼ ਬਾਂਸਲ ਅਤੇ ਪ੍ਰਿੰਸੀਪਲ ਡਾ. ਐੱਮਪੀ ਸਿੰਘ ਦੇ ਵਿਸ਼ੇਸ਼ ਸਹਿਯੋਗ ਸਦਕਾ ਕਾਲਜ ਦੇ ਹਰਬਲ ਗਾਰਡਨ (ਜੜੀ-ਬੂਟੀਆਂ ਦੇ ਬਗੀਚੇ) ਵਿਚ ਵੱਖ-ਵੱਖ ਕਿਸਮਾਂ ਦੇ ਔਸ਼ਧੀ ਅਤੇ ਵਾਤਾਵਰਣ ਪੱਖੀ ਪੌਦੇ ਲਗਾਏ ਗਏ। ਪ੍ਰਿੰਸੀਪਲ ਡਾ. ਐੱਮਪੀ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਦ੍ਰਵਿਆਗੁਣ ਵਿਭਾਗ ਦੇ ਪ੍ਰੋਫੈਸਰ ਡਾ. ਭੁਪਿੰਦਰ ਅਤੇ ਡਾ. ਆਭਾ ਨੇ ਸਾਰੇ ਪੌਦੇ ਲਗਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ। ਇਸ ਮੌਕੇ ਵਾਤਾਵਰਣ ਦੀ ਸਫ਼ਾਈ ਦੀ ਇੱਕ ਵਿਸ਼ੇਸ਼ ਮੁਹਿੰਮ ਵੀ ਚਲਾਈ ਗਈ, ਜਿਸ ਵਿੱਚ ਸਾਰਿਆਂ ਨੇ ਮਿਲ ਕੇ ਕਾਲਜ ਕੈਂਪਸ ਨੂੰ ਸਾਫ਼-ਸੁਥਰਾ ਰੱਖਣ ਦਾ ਸੁਨੇਹਾ ਦਿੱਤਾ। ਇਸ ਦੇ ਨਾਲ ਹੀ ਕਾਲਜ ਵਿੱਚ ਵਾਤਾਵਰਣ ਦੀ ਜਾਗਰੂਕਤਾ ਨੂੰ ਲੈ ਕੇ ਇਕ ਵਿਸ਼ੇਸ਼ ਪੇਸ਼ਕਾਰੀ ਵੀ ਦਿੱਤੀ ਗਈ, ਜਿਸ ਰਾਹੀਂ ਵਿਦਿਆਰਥੀਆਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ ਅਤੇ ਵਾਤਾਵਰਣ ਦੀ ਰੱਖਿਆ ਦੇ ਮਹੱਤਵ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਇਸ ਪੂਰੇ ਆਯੋਜਨ ਵਿੱਚ ਕਾਲਜ ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਨਾਲ ਵਧ-ਚੜ੍ਹ ਕੇ ਆਪਣਾ ਪੂਰਨ ਸਹਿਯੋਗ ਦਿੱਤਾ। ਸਮਾਗਮ ਦੇ ਅੰਤ ਵਿਚ ਸਮੂਹ ਹਾਜ਼ਰੀਨ ਨੇ ਪ੍ਰਣ ਲਿਆ ਕਿ ਉਹ ਭਵਿੱਖ ਵਿੱਚ ਵੀ ਵਾਤਾਵਰਣ ਦੀ ਸੁਰੱਖਿਆ ਲਈ ਨਿਰੰਤਰ ਕਾਰਜ ਕਰਦੇ ਰਹਿਣਗੇ ਅਤੇ ਧਰਤੀ ਨੂੰ ਹਰਿਆ-ਭਰਿਆ ਬਣਾਉਣ ਵਿਚ ਆਪਣਾ ਯੋਗਦਾਨ ਪਾਉਣਗੇ।