ਮਹਿਲਾਵਾਂ ਸਰਕਾਰ ਤੋਂ ਚਾਰ ਸਾਲਾਂ ਦਾ ਬਕਾਇਆ ਮੰਗਣ : ਕੁਲਬੀਰ ਸਿੰਘ ਜ਼ੀਰਾ
ਮਹਿਲਾਵਾਂ ਚਾਰ ਸਾਲਾਂ ਦਾ ਬਕਾਇਆ ਮੰਗਣ, ਝੂਠੇ ਵਾਅਦਿਆਂ ਤੋਂ ਰਹਿਣ ਸਾਵਧਾਨ : ਕੁਲਬੀਰ ਸਿੰਘ ਜ਼ੀਰਾ
Publish Date: Wed, 11 Mar 2026 05:44 PM (IST)
Updated Date: Wed, 11 Mar 2026 05:45 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜ਼ੀਰਾ : ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਾਂਗਰਸ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ਸਰਕਾਰ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਨੂੰ ਹੁਣ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਆਮ ਆਦਮੀ ਪਾਰਟੀ ਮੁੜ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਨਵੇਂ ਐਲਾਨ ਕਰਕੇ ਮਹਿਲਾਵਾਂ ਦੀਆਂ ਵੋਟਾਂ ਹੜੱਪਣ ਲਈ ਵਿਉਂਤਬੰਦੀ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਹਰ ਮਹਿਲਾ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵੱਡਾ ਵਾਅਦਾ ਕੀਤਾ ਗਿਆ ਸੀ, ਪਰ ਸਰਕਾਰ ਬਣਨ ਤੋਂ ਬਾਅਦ ਚਾਰ ਸਾਲਾਂ ਤੱਕ ਮਹਿਲਾਵਾਂ ਨੂੰ ਇਸ ਯੋਜਨਾ ਦਾ ਕੋਈ ਲਾਭ ਨਹੀਂ ਮਿਲਿਆ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਹੁਣ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਭਗਵੰਤ ਮਾਨ ਸਰਕਾਰ ਵੱਲੋਂ ਮੁੜ ਨਵੇਂ ਐਲਾਨ ਕਰਕੇ ਮਹਿਲਾਵਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਪੰਜਾਬ ਦੀਆਂ ਮਾਤਾਵਾਂ ਅਤੇ ਭੈਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝਾੜੂ ਪਾਰਟੀ ਦੇ ਐੱਮਐੱਲਏ ਅਤੇ ਮੰਤਰੀਆਂ ਤੋਂ ਸਾਵਧਾਨ ਰਹਿਣ ਅਤੇ ਪਿਛਲੇ ਚਾਰ ਸਾਲਾਂ ਦਾ ਪੂਰਾ ਹਿਸਾਬ ਮੰਗਣ।ਉਨ੍ਹਾਂ ਕਿਹਾ ਕਿ ਜੇਕਰ ਹਰ ਮਹੀਨੇ 1000 ਰੁਪਏ ਦੇ ਹਿਸਾਬ ਨਾਲ ਗਿਣਤੀ ਕੀਤੀ ਜਾਵੇ ਤਾਂ ਚਾਰ ਸਾਲਾਂ ਦੇ 48 ਮਹੀਨਿਆਂ ਦੇ ਲਗਭਗ 48 ਹਜ਼ਾਰ ਰੁਪਏ ਹਰ ਮਹਿਲਾ ਦੇ ਖਾਤੇ ਵਿੱਚ ਪਾਉਣੇ ਬਣਦੇ ਹਨ। ਉਨ੍ਹਾਂ ਪੁੱਛਿਆ ਕਿ ਇਹ ਯੋਜਨਾ ਕਿਵੇਂ ਲਾਗੂ ਕੀਤੀ ਜਾਵੇਗੀ ਅਤੇ ਕੀ ਸਰਕਾਰ ਕੋਲ ਪੰਜਾਬ ਦੀ ਹਰ ਮਹਿਲਾ ਦਾ ਬੈਂਕ ਖਾਤਾ ਨੰਬਰ ਮੌਜੂਦ ਹੈ? ਜੀਰਾ ਨੇ ਇਹ ਵੀ ਸਵਾਲ ਉਠਾਇਆ ਕਿ ਕੀ ਇਸ ਯੋਜਨਾ ਲਈ ਕੋਈ ਨਵੀਂ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ? ਪੈਸੇ ਵੰਡਣ ਲਈ ਕਿਹੜੀ ਪ੍ਰਕਿਰਿਆ ਅਪਣਾਈ ਜਾਵੇਗੀ ਅਤੇ ਇਸ ਵਿੱਚ ਕਿੰਨਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਕੀ ਸਰਕਾਰ ਇਸ ਐਲਾਨ ਦੇ ਬਦਲੇ ਸੂਬੇ ਦੇ ਨਾਗਰਿਕਾਂ ’ਤੇ ਕੋਈ ਨਵਾਂ ਟੈਕਸ ਤਾਂ ਨਹੀਂ ਲਗਾਉਣ ਜਾ ਰਹੀ। ਉਨ੍ਹਾਂ ਕਿਹਾ ਕਿ ਹਰ ਮੋਰਚੇ ’ਤੇ ਅਸਫਲ ਰਹੀ ਸਰਕਾਰ ਹੁਣ ਆਪਣੇ ਆਖਰੀ ਦਿਨਾਂ ਵਿਚ ਨਵੇਂ ਐਲਾਨ ਕਰਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜ਼ੀਰਾ ਨੇ ਕਿਹਾ ਕਿ ਪੰਜਾਬ ਦੀਆਂ ਸੂਝਵਾਨ ਮਹਿਲਾਵਾਂ ਹੁਣ ਇਨ੍ਹਾਂ ਝੂਠੇ ਵਾਅਦਿਆਂ ਵਿਚ ਨਹੀਂ ਆਉਣਗੀਆਂ ਅਤੇ ਆਪਣੇ ਹੱਕਾਂ ਲਈ ਸਰਕਾਰ ਤੋਂ ਪੂਰਾ ਹਿਸਾਬ ਮੰਗਣਗੀਆਂ।