ਵਿਦੇਸ਼ਾਂ ’ਚ ਮਿਹਨਤ ਕਰ ਸਕਦੇ ਹਾਂ ਤਾਂ ਆਪਣੀ ਧਰਤੀ ’ਤੇ ਕਿਓ ਨਹੀਂ : ਖੋਸਾ
ਕਿਓ ਸ਼ਰਮ ਕਰੀਏ, ਆਖਿਰ ਕੰਮ ਤਾਂ ਕੰਮ ਹੈ
Publish Date: Mon, 16 Feb 2026 03:54 PM (IST)
Updated Date: Mon, 16 Feb 2026 03:57 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਪੰਜਾਬ ਵਿੱਚ ਕੰਮ ਕਰਨ ਦੀ ਬਜਾਏ ਬਾਹਰਲੇ ਦੇਸਾਂ ਵਿਚ ਜਾ ਕੇ ਅਜਿਹੇ ਕੰਮ ਕਰਦੀ ਹੈ,ਜਿਨ੍ਹਾਂ ਕੰਮਾਂ ਨੂੰ ਉਹ ਪੰਜਾਬ ਵਿਚ ਕਰਨ ’ਤੇ ਸ਼ਰਮ ਮਹਿਸੂਸ ਕਰਦੀ ਹੈ। ਅਜਿਹੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਬਣੇ ਹਨ ਪਿੰਡ ਨੀਲੇਵਾਲਾ ਦੇ ਸਰਪੰਚ ਇਕਬਾਲ ਸਿੰਘ ਖੋਸਾ ਦੇ ਪੁੱਤਰ ਕੋਮਲ ਸਿੰਘ ਖੋਸਾ (20) ਤੇ ਜੈਜੀਤ ਸਿੰਘ ਖੋਸਾ (13)। ਸਰਪੰਚ ਇਕਬਾਲ ਸਿੰਘ ਖੋਸਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦੇ ਹਨ। ਇਸ ਵਿੱਚ ਉਨ੍ਹਾਂ ਦੇ ਦੋਨੋਂ ਪੁੱਤ ਵੀ ਉਨ੍ਹਾਂ ਦਾ ਹੱਥ ਵਟਾਉਂਦੇ ਹਨ। ਵੱਡਾ ਲੜਕਾ ਬਾਰਵੀਂ ਜਮਾਤ ਪਾਸ ਕਰਨ ਤੋਂ ਬਾਅਦ ਉੱਚ ਵਿੱਦਿਆ ਹਾਸਲ ਕਰ ਰਿਹਾ ਹੈ ਤੇ ਛੋਟਾ ਸਤਵੀਂ ਜਮਾਤ ਵਿੱਚ ਪੜ੍ਹਾਈ ਕਰਨ ਦੇ ਨਾਲ-ਨਾਲ ਖੇਤੀਬਾੜੀ ਵਿੱਚ ਉਨ੍ਹਾਂ ਨਾਲ ਹੱਥ ਵਟਾ ਰਿਹਾ ਹੈ। ਇਕਬਾਲ ਸਿੰਘ ਖੋਸਾ ਦਾ ਕਹਿਣਾ ਹੈ ਕਿ ਜਿਸ ਨੇ ਆਪਣਾ ਟੱਬਰ ਪਾਲਣਾ ਹੈ, ਘਰ ਚਲਾਉਣਾ ਹੈ, ਉਹਦੇ ਲਈ ਕੋਈ ਕੰਮ ਚੰਗਾ, ਮਾੜਾ ਜਾਂ ਛੋਟਾ ਨਹੀਂ ਹੁੰਦਾ ਅਤੇ ਹੋਣਾ ਵੀ ਨਹੀਂ ਚਾਹੀਦਾ। ਬਾਹਰਲੇ ਮੁਲਕ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੁਲਕ ਤਾਂ ਹੀ ਕਾਮਜਾਬ ਨੇ ਕਿਉਂਕਿ ਉੱਥੇ ਹਰ ਕੋਈ ਕੰਮ ਕਰਕੇ ਖਾਂਦਾ ਹੈ। ਉਨ੍ਹਾਂ ਕਿਹਾ ਕਿ ਮੈਂ ਇੱਥੇ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਜੇ ਤੁਹਾਡਾ ਬੱਚਾ ਪੜ੍ਹਾਈ ਵਿੱਚ ਹੁਸ਼ਿਆਰ ਹੈ ਤਾਂ ਉਸ ਨੂੰ ਚੰਗਾ ਪੜ੍ਹਾਓ ਪਰ ਪੜ੍ਹਾਈ ਦੇ ਨਾਲ-ਨਾਲ ਘਰ ਦੇ ਕੰਮਾਂ ਵਿਚ ਵੀ ਜ਼ਰੂਰ ਲਗਾਓ ਅਤੇ ਮਿਹਨਤੀ ਬਣਾਓ। ਉਨ੍ਹਾਂ ਵੱਲੋਂ ਕਣਕ ਦੇ ਨਾਲ-ਨਾਲ ਆਪਣੀ ਚਾਰ ਕਿੱਲੇ ਜਮੀਨ ਵਿੱਚ ਗੋਭੀ, ਮਟਰ ਆਦਿ ਆਰਗੈਨਿਕ ਢੰਗ ਨਾਲ ਸਬਜ਼ੀਆਂ ਲਾਈਆਂ ਹੋਈਆਂ ਹਨ, ਉਨ੍ਹਾਂ ਦੇ ਦੋਨੋਂ ਲੜਕੇ ਪੜ੍ਹਾਈ ਉਪਰੰਤ ਖੁਦ ਸਬਜ਼ੀ ਤੋੜ ਕੇ ਪਿੰਡ ਵਿੱਚ ਵੇਚਦੇ ਹਨ ਅਤੇ ਇਸ ਵਿੱਚ ਫਖਰ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਕਰਜੇ ਤੋਂ ਬਚਣ ਲਈ ਕਿਸਾਨਾਂ ਨੂੰ ਫੁਕਰਪੁਣੇ ਤੋਂ ਗੁਰੇਜ ਕਰਨਾ ਚਾਹੀਦਾ ਹੈ।