- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਾਣਾ ਮੰਡੀ ’ਚੋਂ ਨਿਜੀ ਕਲੋਨੀਆਂ ਲਈ ਕੱਢ੍ਹੇ ਗੇਟ !

ਸਟਾਫ ਰਿਪੋਰਟਰ ,ਪੰਜਾਬੀ ਜਾਗਰਣ,ਫਿਰੋਜ਼ਪੁਰ : ਕਿਸਾਨਾਂ ਦੀਆਂ ਫਸਲਾਂ ਨੂੰ ਸਹੀ ਮੁੱਲ ਅਤੇ ਸੁਚੱਜੇ ਢੰਗ ਨਾਲ ਵੇਚਣ ਲਈ ਬਣਾਇਆ ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਮੰਡੀਕਰਨ ਸਿਸਟਮ ਹੁਣ ਫਿਰੋਜ਼ਪੁਰ ’ਚ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ। ਜ਼ਿਲ੍ਹੇ ਦੀ ਦਾਣਾ ਮੰਡੀ ’ਚ ਜੋ ਤਸਵੀਰ ਸਾਹਮਣੇ ਆ ਰਹੀ ਹੈ, ਉਹ ਮੰਡੀ ਪ੍ਰਬੰਧਨ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜੇ ਕਰਦੀ ਹੈ। ਸ਼ਹਿਰ ਦੀ ਦਾਣਾ ਮੰਡੀ ਨਾਲ ਲੱਗਦੀਆਂ ਨਿੱਜੀ ਕਲੋਨੀਆਂ ਨੂੰ ਸੁਵਿਧਾ ਦੇਣ ਲਈ ਜਿਥੇ ਮੰਡੀ ਦੀ ਜ਼ਮੀਨ ਵਿੱਚੋਂ ਰਾਹ ਕੱਢ ਕੇ ਯਾਦਗਾਰੀ ਗੇਟ ਤਿਆਰ ਕਰ ਦਿੱਤੇ ਗਏ ਹਨ,ਉਥੇ ਕਲੋਨੀਆਂ ਨੂੰ ਸੋਲਿਡ ਵੇਸਟ ਮੈਨੇਜ਼ਮੈਂਟ ਦੇ ਤਹਿਤ ਵੀ ‘ਐਡਜਸਟ’ ਕੀਤਾ ਜਾ ਰਿਹਾ ਹੈ। ਕਲੋਨੀਆਂ ਦੇ ਵਸਨੀਕਾਂ ਵੱਲੋਂ ਮੰਡੀ ਦੀ ਕੰਧ ਉਪਰੋਂ ਘਰਾਂ ਦਾ ਕੂੜਾ ਮੰਡੀ ਅੰਦਰ ਫੱੜ੍ਹਾਂ ’ਤੇ ਸੁੱਟਿਆ ਜਾ ਰਿਹਾ ਹੈ। ਪਤਾ ਨਹੀਂ ਕਿਸ ਮਜਬੂਰੀ ਤਹਿਤ ਮੰਡੀ ਬੋਰਡ ਅਧਿਕਾਰੀਆਂ ਵੱਲੋਂ ਵੱਟੀ ਚੁੱਪ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਲਈ ਬਣਾਇਆ ਗਿਆ ਫੜ੍ਹ, ਹੁਣ ਕੂੜੇ ਦੇ ਢੇਰਾਂ ਵਿੱਚ ਤਬਦੀਲ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਸਿੱਧੇ ਮੰਡੀ ਦੇ ਅੰਦਰ ਖੁਲ੍ਹਦੇ ਗੇਟ ਨਾਲ ਮੰਡੀ ਦੀ ਸੁਰੱਖਿਆ ਅਤੇ ਪ੍ਰਬੰਧ ’ਤੇ ਵੀ ਸਵਾਲ ਉੱਠ ਰਹੇ ਹਨ।ਦੱਸਣਯੋਗ ਹੈ ਕਿ ਮਾਰਕੀਟ ਕਮੇਟੀ ਅਧਿਕਾਰੀਆਂ ਦੀ ਸ਼ਹਿ ’ਤੇ ਮੰਡੀਆਂ ਵਿਚ ਹੁੰਦੇ ਕਬਜ਼ਿਆਂ ਕਾਰਣ ਫਿਰੋਜ਼ਪੁਰ ਸ਼ਹਿਰ ਦੀ ਸਬਜ਼ੀ ਮੰਡੀ ਦੇ ਜੱਦੀ ਪੁਸ਼ਮੀ ਚੱਲੇ ਆ ਰਹੇ ਆੜ੍ਹਤੀ ਪਹਿਲੋਂ ਹੀ ਕਾਫੀ ਪਰੇਸ਼ਾਨ ਹਨ, ਪਰ ਹੁਣ ਨਾਲ ਲੱਗਦੀਆਂ ਨਿਜੀ ਕਲੋਨੀਆਂ ਦੇ ਵਸਨੀਕਾਂ ਨੂੰ ‘ਆਬਲਾਈਜ਼’ ਕਰਨ ਦੇ ਚੱਕਰ ’ਚ ਮੰਡੀ ਅਧਿਕਾਰੀਆਂ ਵੱਲੋਂ ਕੀਤੇ ਇਸ ਕਮਾਲ ’ਤੇ ਦਾਣਾ ਮੰਡੀ ਦੇ ਆੜ੍ਹਤੀ ਵੀ ਕਾਫੀ ਪਰੇਸ਼ਾਨ ਹਨ। ਉਨ੍ਹਾਂ ਮਹਿਕਮੇ ਦੇ ਮੁਲਾਜ਼ਮਾਂ ’ਤੇ ਤੰਜ਼ ਕਰਦਿਆਂ ਆਖਿਆ ਕਿ ਇਸ ਤੋਂ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਮਹਿਕਮਾ ਮਾਰਕੀਟ ਕਮੇਟੀ ਅਧਿਕਾਰੀਆਂ ਨੇ ਨਿਜੀ ਕਲੋਨੀਆਂ ਨਾਲ ਅਣਅਧਿਕਾਰਤ ਤੌਰ ’ਤੇ ਕੋਈ ‘ਐਮ ੳ ਯੂ’ ਸਾਈਨ ਕੀਤਾ ਹੋਵੇ। ਹੁਣ ਇਹ ਕਿਹੜੀ ਸਰਕਾਰ ਵਿੱਚ , ਕਿਹੜੇ ਅਧਿਕਾਰੀ ਵੱਲੋਂ ਕੀਤਾ ਗਿਆ ਸੀ , ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਜਿਹੜੇ ਅਧਿਕਾਰੀਆਂ ਨੇ ਇਹ ਕੰਮ ਕੀਤਾ ਹੈ, ਕੀ ਸਰਕਾਰ ਉਸ ਅਧਿਕਾਰੀ ਖਿਲਾਫ ਕੋਈ ਕਾਰਵਾਈ ਕਰੇਗੀ, ਜਾਂ ਵੋਟ ਰਾਜਨੀਤੀ ਦੇ ਚੱਲਦਿਆਂ ਕੀ ਹੁਣ ਇਹ ਨਾਜਾਇਜ਼ ਰਾਹ ਬੰਦ ਹੋਣਗੇ , ਇਹ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਜ਼ਮੀਰ ’ਤੇ ਹੀ ਨਿਰਭਰ ਕਰਦਾ ਹੈ।