ਵਿਆਹ ਦੀਆਂ ਖੁਸ਼ੀਆਂ ਗ਼ਮ 'ਚ ਬਦਲੀਆਂ: ਗੁਰੂਹਰਸਹਾਏ ਨੇੜੇ ਪਰਿਵਾਰ 'ਤੇ ਜਾਨਲੇਵਾ ਹਮਲਾ, ਕੇਸਾਂ ਦੀ ਕੀਤੀ ਬੇਅਦਬੀ
ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਛਾਂਗਾ ਰਾਏ ਉਤਾੜ ਵਿਖੇ ਵਿਆਹ ਸਮਾਗਮ ਤੋਂ ਪਰਤ ਰਹੇ ਇਕ ਪਰਿਵਾਰ ਨੂੰ ਰਸਤੇ ਵਿਚ ਰੋਕ ਕੇ ਨਾ ਸਿਰਫ਼ ਗਾਲੀ-ਗਲੋਚ ਕੀਤੀ ਗਈ, ਸਗੋਂ ਘਰ ਵਿਚ ਵੜ ਕੇ ਔਰਤ ਅਤੇ ਉਸਦੇ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਮਹਿਲਾ ਸਮੇਤ 7 ਲੋਕਾਂ ਖਿਲਾਫ 333, 74, 115 (2), 191 (3), 190, 351 (3), 298 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
Publish Date: Wed, 18 Feb 2026 12:40 PM (IST)
Updated Date: Wed, 18 Feb 2026 12:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰੂਹਰਸਹਾਏ: ਗੁਰੂਹਰਸਹਾਏ ਦੇ ਨਜ਼ਦੀਕੀ ਪਿੰਡ ਛਾਂਗਾ ਰਾਏ ਉਤਾੜ ਵਿਖੇ ਵਿਆਹ ਸਮਾਗਮ ਤੋਂ ਪਰਤ ਰਹੇ ਇਕ ਪਰਿਵਾਰ ਨੂੰ ਰਸਤੇ ਵਿਚ ਰੋਕ ਕੇ ਨਾ ਸਿਰਫ਼ ਗਾਲੀ-ਗਲੋਚ ਕੀਤੀ ਗਈ, ਸਗੋਂ ਘਰ ਵਿਚ ਵੜ ਕੇ ਔਰਤ ਅਤੇ ਉਸਦੇ ਬੱਚਿਆਂ ਦੀ ਬੇਰਹਿਮੀ ਨਾਲ ਕੁੱਟਮਾਰ ਵੀ ਕੀਤੀ ਗਈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਮਹਿਲਾ ਸਮੇਤ 7 ਲੋਕਾਂ ਖਿਲਾਫ 333, 74, 115 (2), 191 (3), 190, 351 (3), 298 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਇਕ ਮਹਿਲਾ ਜਸਬੀਰ ਕੌਰ ਪਤਨੀ ਲਛਮਣ ਸਿੰਘ ਵਾਸੀ ਈਸਾ ਪੰਜ ਗਰਾਈਂ ਨੇ ਦੱਸਿਆ ਕਿ ਮਿਤੀ 15 ਫਰਵਰੀ 2026 ਨੂੰ ਉਹ ਆਪਣੇ ਪਤੀ ਤੇ ਪਰਿਵਾਰ ਸਮੇਤ ਬਸਤੀ ਭੱਟੀਆਂ ਤੋਂ ਵਿਆਹ ਦਾ ਪ੍ਰੋਗਰਾਮ ਅਟੈਂਡ ਕਰਕੇ ਆਪਣੀ ਕਾਰ ਬਰੀਜਾ ’ਤੇ ਆਪਣੇ ਪੇਕੇ ਪਿੰਡ ਛਾਂਗਾ ਰਾਏ ਉਤਾੜ ਆ ਰਹੇ ਸੀ ਤਾਂ ਜੋ ਕਾਰ ਉਸ ਦਾ ਪਤੀ ਚਲਾ ਰਿਹਾ ਸੀ। ਜਸਬੀਰ ਕੌਰ ਨੇ ਦੱਸਿਆ ਕਿ ਕਰੀਬ 6 ਵਜੇ ਜਦ ਉਹ ਪਿੰਡ ਛਾਂਗਾ ਰਾਏ ਉਤਾੜ ਪਿੰਡ ਦੇ ਬਾਹਰ ਸਰਕਾਰੀ ਸਕੂਲ ਨੇੜੇ ਚਰਚ ਪਹੁੰਚੇ ਤਾਂ ਪਿੰਡ ਵਿਚ ਘੜੋਲੀ ਦੀ ਰਸਮ ਹੋ ਰਹੀ ਸੀ ਤਾਂ ਸੜਕ ’ਤੇ ਜਾਮ ਲੱਗਾ ਸੀ, ਜੋ ਕਾਫੀ ਦੂਰ ਤੱਕ ਕਾਰਾਂ ਹੌਲੀ-ਹੌਲੀ ਜਾ ਰਹੀਆਂ ਸਨ। ਜਸਬੀਰ ਕੌਰ ਨੇ ਦੱਸਿਆ ਕਿ ਦੋਸ਼ਣ ਛਿੰਦਰ ਕੌਰ ਪਤਨੀ ਪਿਆਰਾ ਸਿੰਘ ਤੇ ਉਸ ਦੇ ਪਤੀ ਦੀ ਬਾਰੀ ਕੋਲ ਆ ਕੇ ਗਾਲੀ ਗਲੋਚ ਕਰਨ ਲੱਗ ਪਏ ਤੇ ਸ਼ੀਸ਼ਾ ਥੱਲੇ ਹੋਣ ਕਾਰਨ ਉਨ੍ਹਾਂ ਨੇ ਉਸ ਦੇ ਪਤੀ ਨੂੰ ਕਾਲਰ ਤੋਂ ਫੜ ਲਿਆ ਤੇ ਖਿੱਚ ਧੂਹ ਕਰਨ ਲੱਗ ਪਈ। ਜਿਥੇ ਉਨ੍ਹਾਂ ਦਾ ਹਟ ਹਟਾ ਹੋ ਗਿਆ ਤੇ ਉਹ ਆਪਣੀ ਕਾਰ ਅੱਗੇ ਉਸ ਦੇ ਪੇਕੇ ਘਰ ਦੇ ਨੇੜੇ ਹੀ ਗਲੀ ਵਿਚ ਰੋਕ ਦਿੱਤੀ ਜੋ ਗਲੀ ਵੀ ਉਨ੍ਹਾਂ ਦੇ ਘਰ ਦੇ ਅੰਦਰ ਹੀ ਆਉਂਦੀ ਹੈ।
ਜਸਬੀਰ ਕੌਰ ਨੇ ਦੱਸਿਆ ਕਿ ਦੋਸ਼ੀਅਨ ਛਿੰਦਰ ਕੌਰ, ਛਿੰਦਰ ਸਿੰਘ ਪੁੱਤਰ ਕਾਲਾ ਸਿੰਘ, ਸੋਨਾ ਸਿੰਘ ਪੁੱਤਰ ਗੋਕਲ ਸਿੰਘ ਉਰਫ ਬਹਾਲ ਸਿੰਘ, ਕੁਲਦੀਪ ਸਿੰਘ ਪੁੱਤਰ ਭਜਨ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਜਸਵਿੰਦਰ ਸਿੰਘ, ਮਿੰਟੂ ਸਿੰਘ ਪੁੱਤਰ ਕਾਲਾ ਸਿੰਘ, ਰਾਹੁਲ ਪੁੱਤਰ ਪਿਆਰਾ ਸਿੰਘ ਵਾਸੀਅਨ ਛਾਂਗਾ ਰਾਏ ਉਤਾੜ ਉਸ ਦੇ ਘਰ ਅੰਦਰ ਆ ਕੇ ਉਸ ਦੀ ਅਤੇ ਉਸ ਦੇ ਭਰਾ ਅਤੇ ਲੜਕੇ ਦੀ ਕੁੱਟਮਾਰ ਕੀਤੀ ਤੇ ਉਸ ਦੇ ਕੱਪੜੇ ਪਾਡੇ ਤੇ ਉਸ ਦੇ ਲੜਕੇ ਦੇ ਵਾਲ ਪੁੱਟ ਕੇ ਕੇਸਾਂ ਦੀ ਬੇਅਦਬੀ ਕੀਤੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।