ਮੰਡੀ ਪੰਜੇ ਕੇ ਉਤਾੜ ਦੀ ਪੰਚਾਇਤ ਤੇ ਨੌਜਵਾਨਾਂ ਨੇ ਕੱਢੀ ਚੇਤਨਾ ਰੈਲੀ
ਮੰਡੀ ਪੰਜੇ ਕੇ ਉਤਾੜ ਵਿਚ ਨਸ਼ਿਆਂ ਵਿਰੁੱਧ ਜੰਗ, ਗ੍ਰਾਮ ਪੰਚਾਇਤ ਅਤੇ ਨੌਜਵਾਨਾਂ ਵੱਲੋਂ ਵਿਸ਼ਾਲ ਚੇਤਨਾ ਰੈਲੀ
Publish Date: Sat, 17 Jan 2026 04:45 PM (IST)
Updated Date: Sat, 17 Jan 2026 04:48 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਨਸ਼ਿਆਂ ਦੀ ਲਾਹਣਤ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿੱਢੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਅੱਜ ਗ੍ਰਾਮ ਪੰਚਾਇਤ ਪੰਜੇ ਕੇ ਉਤਾੜ ਦੇ ਸਹਿਯੋਗ ਨਾਲ ਇਕ ਵਿਸ਼ਾਲ ਚੇਤਨਾ ਰੈਲੀ ਕੱਢੀ ਗਈ। ਇਸ ਰੈਲੀ ਰਾਹੀਂ ਪਿੰਡ ਦੇ ਨੌਜਵਾਨਾਂ ਅਤੇ ਪੰਚਾਇਤ ਨੇ ਸਮਾਜ ਨੂੰ ਨਸ਼ਿਆਂ ਤਿਆਗਣ ਦਾ ਪੁਰਜ਼ੋਰ ਸੁਨੇਹਾ ਦਿੱਤਾ। ਗਲੀਆਂ-ਬਾਜ਼ਾਰਾਂ ਵਿੱਚ ਗੂੰਜੇ ਨਾਅਰੇ। ਇਹ ਰੈਲੀ ਪਿੰਡ ਦੀਆਂ ਵੱਖ-ਵੱਖ ਗਲੀਆਂ ਅਤੇ ਬਾਜ਼ਾਰਾਂ ਵਿੱਚੋਂ ਗੁਜ਼ਰੀ। ਇਸ ਦੌਰਾਨ ਨੌਜਵਾਨਾਂ ਨੇ ‘ਨਸ਼ੇ ਛੱਡੋ, ਕੋਹੜ ਛੱਡੋ’, ‘ਨਸ਼ਿਆਂ ਦੇ ਨਾਲ ਤੋੜੋ ਯਾਰੀ, ਜ਼ਿੰਦਗੀ ਦੇ ਨਾਲ ਲਾਓ ਯਾਰੀ’ ਵਰਗੇ ਅਰਥ ਭਰਪੂਰ ਨਾਅਰਿਆਂ ਨਾਲ ਲੋਕਾਂ ਨੂੰ ਜਾਗਰੂਕ ਕੀਤਾ। ਰੈਲੀ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਬਚਾਉਣਾ ਅਤੇ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰਨਾ ਸੀ। ਇਸ ਮੌਕੇ ਬੋਲਦਿਆਂ ਗ੍ਰਾਮ ਪੰਚਾਇਤ ਦੇ ਸਰਪੰਚ ਰਮੇਸ਼ ਸੋਨੂੰ ਕੰਬੋਜ਼ ਨੇ ਕਿਹਾ ਕਿ ਪੰਚਾਇਤ ਪਿੰਡ ਦੇ ਸਹਿਯੋਗ ਨਾਲ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਸਖ਼ਤ ਲਹਿਜੇ ਵਿਚ ਦੱਸਿਆ ਕਿ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਦੀ ਸੂਚੀ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਸੌਂਪੀ ਗਈ ਹੈ।ਪੁਲਿਸ ਵੱਲੋਂ ਹੁਣ ਤੱਕ ਦੋ-ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ। ਸਰਪੰਚ ਨੇ ਪ੍ਰਣ ਕੀਤਾ ਕਿ ਪਿੰਡ ਵਿਚ ਕਿਸੇ ਵੀ ਕੀਮਤ ’ਤੇ ਨਸ਼ਾ ਨਹੀਂ ਵਿਕਣ ਦਿੱਤਾ ਜਾਵੇਗਾ ਅਤੇ ਇਸ ਮਕਸਦ ਲਈ ਉਹ ਹਰ ਕੁਰਬਾਨੀ ਦੇਣ ਨੂੰ ਤਿਆਰ ਹਨ। ਰੈਲੀ ਵਿਚ ਮੌਜ਼ੂਦ ਵੱਡੀ ਗਿਣਤੀ ਵਿਚ ਯੂਥ ਵਰਗ ਨੇ ਇੱਕਜੁੱਟਤਾ ਦਿਖਾਉਂਦੇ ਹੋਏ ਪ੍ਰਣ ਕੀਤਾ ਕਿ ਉਹ ਨਸ਼ਿਆਂ ਦੀ ਰੋਕਥਾਮ ਲਈ ਗ੍ਰਾਮ ਪੰਚਾਇਤ ਦਾ ਪੂਰਾ ਸਾਥ ਦੇਣਗੇ। ਇਸ ਮੌਕੇ ਪੰਚਾਇਤ ਦੇ ਸਮੂਹ ਪੰਚ, ਪਿੰਡ ਦੇ ਪਤਵੰਤੇ ਸੱਜਣ ਅਤੇ ਭਾਰੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।