ਅਮਰੀਕਾ ਨਾਲ ਡੀਲ, ਟੋਲ ਪਲਾਜ਼ਾ ਬੂਥਲੈਸ ਪ੍ਰਣਾਲੀ ਅਤੇ ਚਿੱਪ ਵਾਲੇ ਮੀਟਰਾਂ ਦਾ ਤਿੱਖਾ ਵਿਰੋਧ
ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਦੀ ਮੀਟਿੰਗ ’ਚ ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਗੂੰਜੀ ਆਵਾਜ਼
Publish Date: Wed, 25 Feb 2026 04:06 PM (IST)
Updated Date: Wed, 25 Feb 2026 04:07 PM (IST)

ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਪੰਜਾਬ ਵੱਲੋਂ ਬਲਾਕ ਜ਼ੀਰਾ ਦੀ ਮਹੀਨਾਵਾਰ ਮੀਟਿੰਗ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਸੂਬੇ ਦੇ ਵਿੱਤ ਅਤੇ ਪ੍ਰੈਸ ਸਕੱਤਰ ਮੰਗਲ ਸਿੰਘ ਸੰਧੂ, ਸੂਬਾ ਜਨਰਲ ਸਕੱਤਰ ਜਸਵੀਰ ਸਿੰਘ ਝਾਮਕਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੌਰਾਨ ਕਿਸਾਨਾਂ, ਮਜ਼ਦੂਰਾਂ, ਛੋਟੇ ਦੁਕਾਨਦਾਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਮਸਲਿਆਂ ’ਤੇ ਵਿਸਥਾਰ ਨਾਲ ਵਿਚਾਰ- ਵਟਾਂਦਰਾ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਜਾ ਰਹੀ ਡੀਲ ਦਾ ਜਥੇਬੰਦੀ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਇਹ ਡੀਲ ਨਾ ਸਿਰਫ਼ ਕਿਸਾਨੀ ਹਿੱਤਾਂ ਦੇ ਵਿਰੁੱਧ ਹੈ, ਸਗੋਂ ਪੋਲਟਰੀ ਫਾਰਮ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨਾਂ ਲਈ ਵੀ ਘਾਤਕ ਸਾਬਤ ਹੋਵੇਗੀ। ਇਸ ਨਾਲ ਕਿਸਾਨ ਵਰਗ ਨੂੰ ਵੱਡੇ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਮੌਕੇ ਟੋਲ ਪਲਾਜ਼ਿਆਂ ਨੂੰ ਬੂਥਲੈੱਸ ਅਤੇ ਏਆਈ ਪ੍ਰਣਾਲੀ ਨਾਲ ਜੋੜਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਵੀ ਕੜੀ ਨਿੰਦਾ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਇਸ ਨਾਲ ਇੱਕ ਪਾਸੇ ਕਿਸਾਨ ਜਥੇਬੰਦੀਆਂ ਨਾਲ ਜੁੜੇ ਕਿਸਾਨਾਂ ਦੇ ਕਾਰਡ ਬੰਦ ਹੋ ਸਕਦੇ ਹਨ, ਦੂਜੇ ਪਾਸੇ ਟੋਲ ਪਲਾਜ਼ਿਆਂ ’ਤੇ ਕੰਮ ਕਰ ਰਹੇ ਹਜ਼ਾਰਾਂ ਨੌਜਵਾਨ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਨੇ ਦੁੱਖ ਜਤਾਇਆ ਕਿ ਜਦੋਂ ਪੰਜਾਬ ਦਾ ਨੌਜਵਾਨ ਪਹਿਲਾਂ ਹੀ ਨਸ਼ੇ ਦੀ ਚਪੇਟ ਵਿੱਚ ਹੈ, ਉਸ ਵੇਲੇ ਸਰਕਾਰਾਂ ਵੱਲੋਂ ਰੋਜ਼ਗਾਰ ਘਟਾਉਣ ਵਾਲੇ ਫ਼ੈਸਲੇ ਕਰਨਾ ਚਿੰਤਾਜਨਕ ਹੈ। ਪੰਜਾਬ ਸਰਕਾਰ ਵੱਲੋਂ ਪਿੰਡ ਜਿਉਂਦ ਅਤੇ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ’ਤੇ ਕੀਤੇ ਗਏ ਅੱਤਿਆਚਾਰ ਦੀ ਵੀ ਤਿੱਖੀ ਨਿਖੇਦੀ ਕੀਤੀ ਗਈ। ਜਥੇਬੰਦੀ ਨੇ ਸਬੰਧਤ ਆਗੂਆਂ ਨੂੰ ਭਰੋਸਾ ਦਵਾਇਆ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮਜ਼ਦੂਰ ਜਥੇਬੰਦੀ ਹਰ ਸੰਘਰਸ਼ ਵਿੱਚ ਉਨ੍ਹਾਂ ਦੇ ਨਾਲ ਖੜੀ ਰਹੇਗੀ। ਪਿੰਡਾਂ ਵਿੱਚ ਲਗ ਰਹੇ ਚਿੱਪ ਵਾਲੇ ਬਿਜਲੀ ਮੀਟਰਾਂ ਦਾ ਵੀ ਵਿਰੋਧ ਕਰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜਿਨ੍ਹਾਂ ਦੇ ਘਰਾਂ ’ਚ ਇਹ ਮੀਟਰ ਲੱਗੇ ਹਨ, ਉਹ ਜਥੇਬੰਦੀ ਦੇ ਆਗੂਆਂ ਨਾਲ ਸੰਪਰਕ ਕਰਨ। ਜਥੇਬੰਦੀ ਵੱਲੋਂ ਇਹ ਮੀਟਰ ਉਤਾਰ ਕੇ ਬਿਜਲੀ ਮਹਿਕਮੇ ਕੋਲ ਜਮ੍ਹਾ ਕਰਵਾਉਣ ਦੀ ਗੱਲ ਵੀ ਕਹੀ ਗਈ। ਮੀਟਿੰਗ ਵਿਚ ਜ਼ਿਲ੍ਹਾ ਪ੍ਰੈੱਸ ਸਕੱਤਰ ਦੀਪਕ ਭਾਰਗੋ, ਬਲਰਾਜ ਸਿੰਘ ਸਿੱਧੂ ਜ਼ਿਲ੍ਹਾ ਕਮੇਟੀ ਮੈਂਬਰ, ਗੁਰਮੇਲ ਸਿੰਘ ਸਾਬਕਾ ਸਰਪੰਚ, ਲਖਬੀਰ ਸਿੰਘ ਨੰਬਰਦਾਰ ਸਲਾਹਕਾਰ ਬਲਾਕ ਜੀਰਾ, ਬਲਜਿੰਦਰ ਸਿੰਘ ਸੰਧੂ ਮੀਤ ਪ੍ਰਧਾਨ ਬਲਾਕ ਜੀਰਾ, ਹਰਿਮੰਦਰ ਸਿੰਘ ਸੰਧੂ ਖਜ਼ਾਨਚੀ, ਗੁਰਪ੍ਰੀਤ ਸਿੰਘ ਬਰਾੜ ਮੈਂਬਰ, ਕੌਰਾ ਸਿੰਘ ਸੰਧੂ ਮੈਂਬਰ, ਮਨਿੰਦਰ ਸਿੰਘ ਸੰਧੂ ਮੈਂਬਰ ਪੰਚਾਇਤ, ਗੁਰਪ੍ਰੀਤ ਸਿੰਘ ਸੰਧੂ ਮੈਂਬਰ, ਲਖਵੀਰ ਸਿੰਘ ਮੈਂਬਰ, ਇੰਦਰਵੀਰ ਸਿੰਘ ਸੰਧੂ ਮੈਂਬਰ, ਕੁਲਵੰਤ ਸਿੰਘ ਦੀਪੂ ਨੂਰਪੁਰ, ਕੁਲਬੀਰ ਸਿੰਘ ਨੂਰਪੁਰ,ਵਰਿੰਦਰ ਸਿੰਘ ਬਿੱਲਾ, ਸੁਖਦੇਵ ਸਿੰਘ ਗੁੱਗੂ, ਗੁਰਜੰਟ ਸਿੰਘ, ਧੰਨਾ ਨੂਰਪੁਰ, ਕੁਲਦੀਪ ਸਿੰਘ, ਮਨਦੀਪ ਸਿੰਘ, ਸਨੀ, ਜੋਗਾ ਸਿੰਘ, ਗੁਰਜੰਟ ਸਿੰਘ ਬੇਰੀਵਾਲਾ ਜ਼ਿਲ੍ਹਾ ਕਮੇਟੀ ਮੈਂਬਰ, ਨਵ ਨੂਰਪੁਰ ਆਦਿ ਤੋਂ ਇਲਾਵਾ ਵੱਖ-ਵੱਖ ਪਿੰਡਾਂ ਦੇ ਇਕਾਈ ਪ੍ਰਧਾਨ ਅਤੇ ਵਰਕਰ ਵੱਡੀ ਗਿਣਤੀ ਵਿਚ ਮੌਜ਼ਦ ਰਹੇ।