ਮੌਜ਼ੂਦਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਵਿਜੇ ਕੁਮਾਰ ਕਾਲੜਾ ਨੇ ਨਿਰਾਸ਼ਾ ਜਤਾਈ
ਵਿਜੇ ਕੁਮਾਰ ਕਾਲੜਾ ਨੇ ਪੱਤਰਕਾਰਾਂ ਨਾਲ ਕੀਤੀ ਪ੍ਰੈਸ ਕਾਨਫਰੰਸ
Publish Date: Sat, 21 Feb 2026 04:56 PM (IST)
Updated Date: Sat, 21 Feb 2026 04:57 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਜ਼ੀਰਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰੀ ਦੀ ਦਾਅਵੇਦਾਰੀ ਮਜ਼ਬੂਤ ਕਰਦੇ ਹੋਏ ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕੁਮਾਰ ਕਾਲੜਾ ਨੇ ਪੱਤਰਕਾਰ ਭਾਈਚਾਰੇ ਨਾਲ ਪ੍ਰੈਸ ਕਾਨਫਰੰਸ ਕਰਕੇ ਆਪਣੇ ਵਿਜ਼ਨ ਅਤੇ ਅਜੈਂਡੇ ਨੂੰ ਸਾਂਝਾ ਕੀਤਾ। ਉਨ੍ਹਾਂ ਕਿਸਾਨੀ, ਮੰਡੀ ਪ੍ਰਣਾਲੀ, ਨੌਜਵਾਨਾਂ ਦੀ ਬੇਰੁਜ਼ਗਾਰੀ, ਨਸ਼ਾ ਅਤੇ ਕਾਨੂੰਨ-ਵਿਵਸਥਾ ਸਮੇਤ ਕਈ ਜ਼ਰੂਰੀ ਮਸਲਿਆਂ ’ਤੇ ਆਪਣਾ ਸਪੱਸ਼ਟ ਸਟੈਂਡ ਰੱਖਿਆ। ਉਨ੍ਹਾਂ ਕਿਸਾਨੀ ਅਤੇ ਮੰਡੀ ਪ੍ਰਣਾਲੀ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮੰਡੀ ਪ੍ਣਾਲੀ ਵਿਚ ਬੁਨਿਆਦੀ ਢਾਂਚੇ ਦੀ ਕਮੀ, ਆਨਲਾਈਨ ਭੁਗਤਾਨ ਪ੍ਰਣਾਲੀ ਵਿਚ ਖਾਮੀਆਂ ਅਤੇ ਫਸਲ ਚੁੱਕਣ ’ਚ ਦੇਰੀ ਵੱਡੀਆਂ ਸਮੱਸਿਆਵਾਂ ਹਨ। ਉਨ੍ਹਾਂ ਮੰਨਿਆ ਕਿ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵਿਚ ਆ ਰਹੀ ਦੇਰੀ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸਦਾ ਹੱਲ ਪਾਰਦਰਸ਼ੀ ਡਿਜ਼ੀਟਲ ਮਾਨੀਟਰਿੰਗ ਅਤੇ ਜ਼ਿੰਮੇਵਾਰੀ ਨਿਰਧਾਰਤ ਕਰਨ ਨਾਲ ਸੰਭਵ ਹੈ। ਆੜਤੀਆਂ ਅਤੇ ਕਿਸਾਨਾਂ ਦੇ ਰਿਸ਼ਤਿਆਂ ਵਿਚ ਆ ਰਹੇ ਤਣਾਅ ਬਾਰੇ ਉਨ੍ਹਾਂ ਕਿਹਾ ਕਿ ਦੋਵੇਂ ਇਕ-ਦੂਜੇ ਦੇ ਪੂਰਕ ਹਨ, ਟਕਰਾਅ ਨਹੀਂ ਸਹਿਯੋਗ ਦੀ ਲੋੜ ਹੈ। ਐੱਮਐੱਸਪੀ ਮਸਲੇ ’ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਫਸਲਾਂ ਲਈ ਕਾਨੂੰਨੀ ਐੱਮਐੱਸਪੀ ਦੀ ਗਾਰੰਟੀ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨ ਨੂੰ ਉਸਦੀ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ। ਮੰਡੀ ਫੀਸ ਘਟਾਉਣ ਜਾਂ ਖਤਮ ਕਰਨ ਦੇ ਮਸਲੇ ’ਤੇ ਉਨ੍ਹਾਂ ਕਿਹਾ ਕਿ ਇਹ ਕਦਮ ਪੰਜਾਬ ਦੀ ਮੰਡੀ ਢਾਂਚੇ ਨੂੰ ਕਮਜ਼ੋਰ ਕਰ ਸਕਦਾ ਹੈ। ਕਾਲੜਾ ਨੇ ਪੰਜਾਬ ਵਿਚ ਵਧ ਰਹੀ ਬੇਰੁਜ਼ਗਾਰੀ ਲਈ ਮੌਜੂਦਾ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਉਦਯੋਗਿਕ ਨਿਵੇਸ਼ ਦੀ ਕਮੀ ਅਤੇ ਭਰਤੀ ਪ੍ਰਕਿਰਿਆਵਾਂ ਵਿੱਚ ਦੇਰੀ ਨੇ ਨੌਜਵਾਨਾਂ ਨੂੰ ਨਿਰਾਸ਼ ਕੀਤਾ ਹੈ। ਰਾਜਨੀਤਿਕ ਰਣਨੀਤੀ ਅਤੇ ਟਿਕਟ ਦੀ ਦਾਅਵੇਦਾਰੀ ਆਉਣ ਵਾਲੀਆਂ ਚੋਣਾਂ ਲਈ ਉਨ੍ਹਾਂ ਕਿਹਾ ਕਿ ਜ਼ੀਰਾ ਹਲਕੇ ਵਿੱਚ ਮਜ਼ਬੂਤ ਸੰਗਠਨਾਤਮਕ ਢਾਂਚਾ ਅਤੇ ਜਨਸੰਪਰਕ ਮੁਹਿੰਮ ਚਲਾਈ ਜਾਵੇਗੀ। ਕਾਂਗਰਸ ਅੰਦਰੂਨੀ ਧੜਾਬੰਦੀ ਬਾਰੇ ਉਨ੍ਹਾਂ ਕਿਹਾ ਕਿ ਪਾਰਟੀ ਇਕਜੁੱਟ ਹੋ ਕੇ ਚੋਣ ਮੈਦਾਨ ਵਿਚ ਉਤਰਣ ਲਈ ਤਿਆਰ ਹੈ। ਮੌਜ਼ੂਦਾ ਸਰਕਾਰ ਦੀ ਕਾਰਗੁਜ਼ਾਰੀ ’ਤੇ ਉਨ੍ਹਾਂ ਨਿਰਾਸ਼ਾ ਜਤਾਈ। ਉਨ੍ਹਾਂ ਦਾਅਵਾ ਕੀਤਾ ਕਿ ਜੇ ਕਾਂਗਰਸ ਮੁੜ ਸੱਤਾ ਵਿੱਚ ਆਉਂਦੀ ਹੈ ਤਾਂ ਪਹਿਲੇ 100 ਦਿਨਾਂ ਵਿੱਚ ਕਿਸਾਨ ਕਰਜ਼ ਮਸਲਾ, ਰੋਜ਼ਗਾਰ ਪੈਕੇਜ ਅਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਮੌਕੇ ਸੁਸ਼ੀਲ ਕੁਮਾਰ ਸੇਠੀ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਬਿੱਟਾ ਪ੍ਰਧਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਸਤਪਾਲ ਚਾਵਲਾ ਸਹਿਰੀ ਪ੍ਰਧਾਨ, ਵਿਸ਼ਾਲ ਮਦਾਨ, ਤਰਸੇਮ ਸਾਬਕਾ ਐੱਮਸੀ, ਬਿੱਲਾ ਐੱਮਸੀ, ਸ਼ੇਰਾ ਭੁੱਲਰ, ਰਵੀ ਚੋਪੜਾ ਸਾਬਕਾ ਐੱਮਸੀ, ਡਾ. ਅਮਿਤ ਕਾਲੜਾ ਸਾਬਕਾ ਐੱਮਸੀ, ਸ਼ਮਸ਼ੇਰ ਮਾਨੇਸ, ਜੱਜ ਮਾਨੇਸ, ਨਵਜੋਤ ਸਿੰਘ ਮੱਖੂ, ਰੌਬਿਨ ਚਾਵਲਾ ਜ਼ੀਰਾ, ਰਾਜੀਵ ਖੁਰਾਣਾ, ਜੈਪਾਲ, ਰਮੇਸ਼ ਕਾਲੜਾ, ਨਰਿੰਦਰ ਮਹਿਤਾ ਸਾਬਕਾ ਐੱਮਸੀ, ਪ੍ਰਵੇਸ਼ ਗਰੋਵਰ, ਅਸ਼ਵਨੀ ਸੇਠੀ ਆਦਿ ਹਾਜ਼ਰ ਸਨ।