ਧੁੰਦ ਦੇ ਮੌਸਮ ਵਿਚ ਲੋਕੋ ਪਾਇਲਟਾਂ ਵੱਲੋਂ ਵਰਤੀ ਜਾ ਰਹੀ ਚੌਕਸੀ
ਧੁੰਦ ਦੇ ਮੌਸਮ ਵਿਚ ਸੁਰੱਖਿਅਤ ਅਤੇ ਨਿਰਵਿਘਨ ਰੇਲ ਸੰਚਾਲਨ ਲਈ ਲੋਕੋ ਪਾਇਲਟਾਂ ਵੱਲੋਂ ਵਰਤੀ ਜਾ ਰਹੀ ਚੌਕਸੀ
Publish Date: Fri, 23 Jan 2026 04:28 PM (IST)
Updated Date: Fri, 23 Jan 2026 04:30 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਫਿਰੋਜ਼ਪੁਰ ਮੰਡਲ ਵੱਲੋਂ ਸਰਦੀਆਂ ਦੇ ਮੌਸਮ ਵਿਚ ਕੋਹਰੇ (ਧੁੰਦ) ਦੀ ਚੁਣੌਤੀ ਨੂੰ ਧਿਆਨ ਵਿਚ ਰੱਖਦੇ ਹੋਏ ਸੁਰੱਖਿਅਤ ਰੇਲ ਸੰਚਾਲਨ ਲਈ ਲੋਕੋ ਪਾਇਲਟਾਂ, ਟਰੇਨ ਮੈਨੇਜਰਾਂ (ਗਾਰਡਾਂ) ਅਤੇ ਸਟੇਸ਼ਨ ਸਟਾਫ ਵੱਲੋਂ ਵਿਆਪਕ ਸਾਵਧਾਨੀ ਵਰਤੀ ਜਾ ਰਹੀ ਹੈ, ਤਾਂ ਜੋ ਟਰੇਨਾਂ ਦੀ ਆਵਾਜਾਈ ਸੁਰੱਖਿਅਤ ਅਤੇ ਸੁਚਾਰੂ ਰੂਪ ਵਿਚ ਬਣੀ ਰਹੇ। ਧੁੰਦ ਵਿਚ ਸਿਗਨਲਾਂ ਦੀ ਦ੍ਰਿਸ਼ਤਾ ਘੱਟ ਹੋਣ ਕਾਰਨ ਲੋਕੋ ਪਾਇਲਟ ਟਰੇਨਾਂ ਦੀ ਗਤੀ ਨੂੰ ਕੰਟਰੋਲ ਕਰਕੇ ਚਲਾਉਂਦੇ ਹਨ। ਰੇਲਵੇ ਵੱਲੋਂ ਲੋਕੋ ਪਾਇਲਟਾਂ ਨੂੰ ‘ਫੌਗ ਪਾਸ ਡਿਵਾਈਸ’ ਉਪਲਬੱਧ ਕਰਵਾਈ ਗਈ ਹੈ, ਜਿਸ ਨਾਲ ਲੋਕੋ ਕੈਬ ਵਿਚ ਹੀ ਆਉਣ ਵਾਲੇ ਸਿਗਨਲਾਂ ਦੀ ਸਹੀ ਦੂਰੀ ਦੀ ਜਾਣਕਾਰੀ ਮਿਲ ਜਾਂਦੀ ਹੈ। ਹਰੇਕ ਟਰੇਨ ਦੇ ਆਖਰੀ ਕੋਚ ’ਤੇ ਲਾਲ ਰੰਗ ਦੇ ਟੇਲ ਲੈਂਪ ਲਗਾਏ ਗਏ ਹਨ, ਤਾਂ ਜੋ ਪਿੱਛੇ ਤੋਂ ਆਉਣ ਵਾਲੀਆਂ ਟਰੇਨਾਂ ਨੂੰ ਸਪੱਸ਼ਟ ਚੇਤਾਵਨੀ ਮਿਲ ਸਕੇ।ਸਟੇਸ਼ਨਾਂ, ਲੈਵਲ ਕਰਾਸਿੰਗ ਗੇਟਾਂ ਅਤੇ ਸਿਗਨਲ ਵਾਲੀਆਂ ਥਾਵਾਂ ’ਤੇ ‘ਲਿਊਮਿਨਸ ਪੇਂਟ’ ਅਤੇ ਚਮਕਦਾਰ ਪੱਟੀਆਂ ਲਗਾਈਆਂ ਗਈਆਂ ਹਨ, ਤਾਂ ਜੋ ਘੱਟ ਰੌਸ਼ਨੀ ਜਾਂ ਧੁੰਦ ਵਿੱਚ ਵੀ ਸਿਗਨਲ ਸਾਫ਼ ਦਿਖਾਈ ਦੇਣ। ਰੇਲ ਸੰਚਾਲਨ ਨਾਲ ਜੁੜੇ ਸਾਰੇ ਕਰਮਚਾਰੀਆਂ ਨੂੰ ਹਰੇਕ ਸਟੇਸ਼ਨ ’ਤੇ ਵਿਸ਼ੇਸ਼ ਚੌਕਸੀ ਵਰਤਣ, ਸਿਗਨਲਾਂ ਦੀ ਸਥਿਤੀ ਬਾਰੇ ਪਹਿਲਾਂ ਤੋਂ ਜਾਣਕਾਰੀ ਰੱਖਣ ਅਤੇ ਕੰਟਰੋਲ ਰੂਮ ਨੂੰ ਨਿਯਮਤ ਤੌਰ ’ਤੇ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਦੇ ਨਾਲ ਹੀ ਮੰਡਲ ਦੇ ਅਧਿਕਾਰੀਆਂ ਵੱਲੋਂ ’ਫੁੱਟਪਲੇਟ ਨਿਰੀਖਣ’ ਰਾਹੀਂ ਲਗਾਤਾਰ ਨਿਗਰਾਨੀ ਵੀ ਕੀਤੀ ਜਾ ਰਹੀ ਹੈ। ਭਾਰਤੀ ਰੇਲਵੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸੁਚੇਤ ਮਨੁੱਖੀ ਸ਼ਕਤੀ, ਤਕਨੀਕ ਅਤੇ ਮਜ਼ਬੂਤ ਕਾਰਜ ਪ੍ਰਣਾਲੀ ਰਾਹੀਂ ਸਰਦੀਆਂ ਦੀ ਧੁੰਦ ਦੌਰਾਨ ਵੀ ਰੇਲ ਯਾਤਰੀਆਂ ਦੀ ਸੁਰੱਖਿਆ ਸਰਵਉੱਚ ਤਰਜੀਹ ਬਣੀ ਰਹੇ। ਮੰਡਲ ਵਿਚ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਸਾਰੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਸਰਦੀਆਂ ਦੇ ਮੌਸਮ ਦੌਰਾਨ ਟਰੇਨਾਂ ਦੀ ਸੁਰੱਖਿਆ ਨੂੰ ਸਭ ਤੋਂ ਉੱਪਰ ਰੱਖਦਿਆਂ ਕਿਹਾ ਕਿ ਫਿਰੋਜ਼ਪੁਰ ਮੰਡਲ ਦੇ ਸਾਰੇ ਕਰਮਚਾਰੀਆਂ ਵੱਲੋਂ ਸੁਰੱਖਿਅਤ ਅਤੇ ਸੁਚਾਰੂ ਟਰੇਨ ਸੰਚਾਲਨ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।