ਹੋਟਲਾਂ ਤੇ ਦੁਕਾਨਾਂ ’ਚ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ, ਘਰਾਂ ’ਚ ਚੁੱਲ੍ਹੇ ਠੰਢੇ
ਹੋਟਲਾਂ ਅਤੇ ਦੁਕਾਨਾਂ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਵਰਤੋਂ, ਘਰਾਂ ’ਚ ਚੁੱਲ੍ਹੇ ਠੰਡੇ
Publish Date: Sat, 11 Apr 2026 03:37 PM (IST)
Updated Date: Sat, 11 Apr 2026 03:38 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਮੱਲਾਂਵਾਲਾ ਇਲਾਕੇ ’ਚ ਗੈਸ ਸਿਲੰਡਰਾਂ ਦੀ ਕਮੀ ਨੇ ਆਮ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਘਰਾਂ ਵਿਚ ਗੈਸ ਸਿਲੰਡਰ ਨਹੀਂ ਮਿਲ ਰਹੇ ਅਤੇ ਲੋਕਾਂ ਦੇ ਚੁੱਲ੍ਹੇ ਠੰਡੇ ਪਏ ਹਨ, ਉੱਥੇ ਹੀ ਦੁਕਾਨਾਂ, ਹੋਟਲਾਂ ਅਤੇ ਰੇੜੀਆਂ ’ਤੇ ਘਰੇਲੂ ਗੈਸ ਸਿਲੰਡਰਾਂ ਦੀ ਖੁੱਲ੍ਹੀ ਵਰਤੋਂ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 8-10 ਦਿਨ ਪਹਿਲਾਂ ਬੁਕਿੰਗ ਕਰਵਾਈ ਜਾਂਦੀ ਹੈ, ਪਰ ਫਿਰ ਵੀ ਸਮੇਂ ’ਤੇ ਗੈਸ ਸਿਲੰਡਰ ਨਹੀਂ ਮਿਲਦਾ। ਹਰ ਰੋਜ਼ ਲੋਕ ਏਜੰਸੀ ਦੇ ਬਾਹਰ ਲੰਬੀਆਂ ਲਾਈਨਾਂ ਵਿਚ ਖੜ੍ਹ ਕੇ ਘੰਟਿਆਂ ਇੰਤਜ਼ਾਰ ਕਰਦੇ ਹਨ, ਪਰ ਅਖੀਰ ਵਿਚ ਉਨ੍ਹਾਂ ਨੂੰ “ਸਿਲੰਡਰ ਖਤਮ” ਕਹਿ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਮੁਖਤਿਆਰ ਸਿੰਘ ਨੇ ਦੱਸਿਆ ਕਿ ਤਿੰਨ ਦਿਨ ਹੋ ਗਏ ਲਗਾਤਾਰ ਲਾਈਨਾਂ ’ਚ ਖੜ੍ਹਦੇ ਹੋਏ, ਤਿੰਨ-ਤਿੰਨ ਘੰਟੇ ਧੁੱਪ ’ਚ ਖੜ੍ਹ ਕੇ ਵੀ ਸਿਲੰਡਰ ਨਹੀਂ ਮਿਲਦਾ। ਬਲਵੀਰ ਸਿੰਘ ਨੇ ਕਿਹਾ ਬੁਕਿੰਗ ਹੋਣ ਦੇ ਬਾਵਜੂਦ ਸਿਲੰਡਰ ਨਹੀਂ ਮਿਲ ਰਿਹਾ। ਘਰ ਵਿਚ ਬੱਚਿਆਂ ਲਈ ਖਾਣਾ ਬਣਾਉਣਾ ਵੀ ਮੁਸ਼ਕਲ ਹੋ ਗਿਆ ਹੈ। ਇਸਦੇ ਨਾਲ ਹੀ ਲੋਕਾਂ ਨੇ ਦੋਸ਼ ਲਾਇਆ ਕਿ ਇਲਾਕੇ ਦੇ ਕਈ ਹੋਟਲਾਂ ਅਤੇ ਦੁਕਾਨਾਂ ’ਤੇ ਕਮਰਸ਼ੀਅਲ ਸਿਲੰਡਰਾਂ ਦੀ ਥਾਂ ਘਰੇਲੂ ਗੈਸ ਸਿਲੰਡਰ ਵਰਤੇ ਜਾ ਰਹੇ ਹਨ, ਜਿਸ ਕਾਰਨ ਆਮ ਗਾਹਕਾਂ ਨੂੰ ਸਪਲਾਈ ਨਹੀਂ ਮਿਲ ਰਹੀ। ਭਾਰਤ ਗੈਸ ਏਜੰਸੀ ਦੇ ਮੈਨੇਜਰ ਗੌਰਵ ਸ਼ਰਮਾ ਨੇ ਕਿਹਾ ਪਿਛਲੇ ਤਿੰਨ ਦਿਨਾਂ ਤੋਂ ਸਪਲਾਈ ਵਾਲੀ ਗੱਡੀ ਨਹੀਂ ਆਈ, ਜਿਸ ਕਰਕੇ ਸਮੱਸਿਆ ਆਈ ਹੈ। ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਘਰ ਵਿਚ ਰਹਿ ਕੇ ਬੁਕਿੰਗ ਕਰਨ, ਸਿਲੰਡਰ ਘਰ ਤੱਕ ਪਹੁੰਚਾਏ ਜਾਣਗੇ। ਜਿੱਥੇ ਘਰੇਲੂ ਸਿਲੰਡਰਾਂ ਦੀ ਗਲਤ ਵਰਤੋਂ ਹੋ ਰਹੀ ਹੈ, ਉਸ ’ਤੇ ਕਾਰਵਾਈ ਹੋਣੀ ਚਾਹੀਦੀ ਹੈ। ਫੂਡ ਸਪਲਾਈ ਇੰਸਪੈਕਟਰ ਜਤਿੰਦਰ ਸਿੰਘ ਸੰਧਾ ਨੇ ਕਿਹਾ ਕਿ ਮਾਮਲੇ ਨੂੰ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਦਾ ਜਾ ਰਿਹਾ ਹੈ ਅਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ। ਇਸ ਵੇਲੇ ਹਾਲਾਤ ਇਹ ਹਨ ਕਿ ਮੱਲਾਂਵਾਲਾ ਦੇ ਕਈ ਘਰਾਂ ਵਿਚ ਗੈਸ ਸਿਲੰਡਰ ਨਾ ਹੋਣ ਕਾਰਨ ਚੁੱਲ੍ਹੇ ਨਹੀਂ ਜਲ ਰਹੇ, ਜਦਕਿ ਬਾਜ਼ਾਰਾਂ ਵਿਚ ਇਸਦੀ ਖੁੱਲ੍ਹੀ ਵਰਤੋਂ ਲੋਕਾਂ ਵਿਚ ਗੁੱਸੇ ਦਾ ਕਾਰਨ ਬਣ ਰਹੀ ਹੈ।