ਬੇਮੌਸਮੀ ਬਾਰਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ
ਬੇਮੌਸਮੀ ਬਾਰਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੇ ਸਾਹ ਸੂਤੇ
Publish Date: Thu, 19 Mar 2026 04:32 PM (IST)
Updated Date: Fri, 20 Mar 2026 04:02 AM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬੇਮੌਸਮੀ ਬਾਰਸ਼ ਅਤੇ ਤੇਜ਼ ਹਵਾਵਾਂ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਰਹੀ ਹੈ। ਹਾੜੀ ਦੀ ਮੁੱਖ ਫਸਲ ਕਣਕ ਜੋ ਕਿ ਇਸ ਵੇਲੇ ਪੱਕਣ ਦੇ ਬਿਲਕੁਲ ਨੇੜੇ ਹੈ, ਇਸ ਕੁਦਰਤੀ ਕਰੋਪੀ ਦੀ ਮਾਰ ਹੇਠ ਆ ਰਹੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ‘ਯੈਲੋ ਅਲਰਟ’ ਨੇ ਕਿਸਾਨਾਂ ਦੀ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ। ਲਗਾਤਾਰ ਪੈ ਰਹੀ ਬਾਰਸ਼ ਅਤੇ ਤੇਜ਼ ਹਨੇਰੀ ਕਾਰਨ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਧਰਤੀ ’ਤੇ ਵਿਛ ਗਈ ਹੈ, ਜਿਸ ਨਾਲ ਨਾ ਸਿਰਫ ਝਾੜ ਘਟਣ ਦਾ ਡਰ ਹੈ, ਸਗੋਂ ਦਾਣੇ ਦੀ ਗੁਣਵੱਤਾ ਅਤੇ ਰੰਗ ਵੀ ਖਰਾਬ ਹੋਣ ਦਾ ਖਦਸ਼ਾ ਬਣ ਗਿਆ ਹੈ। ਸਿਰਫ ਕਣਕ ਹੀ ਨਹੀਂ, ਸਗੋਂ ਅਗੇਤੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀ ਇਸ ਮੌਸਮ ਤੋਂ ਬੇਹੱਦ ਪ੍ਰੇਸ਼ਾਨ ਹਨ। ਮੌਸਮ ਵਿਚ ਆਈ ਇਸ ਤਬਦੀਲੀ ਨੇ ਕਰੇਲਾ, ਅਰਬੀ, ਖੀਰਾ ਅਤੇ ਹੋਰ ਗਰਮ ਰੁੱਤ ਦੀਆਂ ਸਬਜ਼ੀਆਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਜੇਕਰ ਮੌਸਮ ਅਗਲੇ ਕੁਝ ਦਿਨਾਂ ਤੱਕ ਇਸੇ ਤਰ੍ਹਾਂ ਬਣਿਆ ਰਿਹਾ, ਤਾਂ ਮੰਡੀਆਂ ਵਿਚ ਸਬਜ਼ੀਆਂ ਦੀ ਆਮਦ ਘੱਟ ਸਕਦੀ ਹੈ, ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ ’ਤੇ ਪਵੇਗਾ। ਕਿਸਾਨ ਵਰਗ ਹੁਣ ਸਰਕਾਰ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਹੈ ਤਾਂ ਜੋ ਹੋਏ ਨੁਕਸਾਨ ਦੀ ਪੂਰਤੀ ਲਈ ਕੋਈ ਉਪਰਾਲਾ ਕੀਤਾ ਜਾ ਸਕੇ। ........................... ਕਣਕ ਦੇ ਝਾੜ ਅਤੇ ਗੁਣਵੱਤਾ ’ਤੇ ਮੰਡਰਾਏ ਬੱਦਲ ਇਸ ਸਬੰਧੀ ਜਾਣਕਾਰੀ ਦਿੰਦਿਆਂ ਧਰਮਿੰਦਰ ਸਿੰਘ ਬੱਬੂ ਨੂਰਪੁਰ ਸੇਠਾਂ ਨੇ ਦੱਸਿਆ ਕਿ ਬੇਮੌਸਮੇ ਮੀਂਹ ਕਾਰਨ ਕਿਸਾਨਾਂ ਦੀ ਮਿਹਨਤ ਮਿੱਟੀ ਵਿਚ ਮਿਲਦੀ ਜਾਪ ਰਹੀ ਹੈ। ਉਨ੍ਹਾਂ ਕਿਹਾ ਕਿ ਚੱਲ ਰਹੀਆਂ ਤੇਜ਼ ਹਵਾਵਾਂ ਕਾਰਨ ਕਣਕ ਦੀ ਫਸਲ ਬੁਰੀ ਤਰ੍ਹਾਂ ਡਿੱਗ ਗਈ ਹੈ। ਖਾਸ ਕਰਕੇ ਉਨ੍ਹਾਂ ਕਿਸਾਨਾਂ ਦਾ ਨੁਕਸਾਨ ਵਧੇਰੇ ਹੋਇਆ ਹੈ ਜਿਨ੍ਹਾਂ ਨੇ ਹਾਲ ਹੀ ਵਿਚ ਫਸਲ ਨੂੰ ਪਾਣੀ ਲਾਇਆ ਸੀ। ਪਾਣੀ ਲੱਗੇ ਹੋਣ ਕਾਰਨ ਜ਼ਮੀਨ ਨਰਮ ਸੀ, ਜਿਸ ਕਰਕੇ ਤੇਜ਼ ਹਵਾਵਾਂ ਨੇ ਫਸਲ ਨੂੰ ਜੜ੍ਹੋਂ ਉਖਾੜ ਦਿੱਤਾ ਜਾਂ ਨਿਵਾ ਦਿੱਤਾ ਹੈ। ਇਸ ਨਾਲ ਕਣਕ ਦੇ ਰੰਗ ਅਤੇ ਕੁਆਲਿਟੀ ’ਤੇ ਮਾੜਾ ਅਸਰ ਪਵੇਗਾ ਅਤੇ ਮੰਡੀਆਂ ਵਿਚ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ...................... ਗੜੇਮਾਰੀ ਦੇ ਡਰ ਨੇ ਵਧਾਈਆਂ ਮੁਸ਼ਕਲਾਂ ਕਿਸਾਨ ਜਗਦੀਪ ਸਿੰਘ ਸੰਧੂ ਸਰਪੰਚ ਨੇ ਦੱਸਿਆ ਕਿ ਵਾਢੀ ਦਾ ਸੀਜ਼ਨ ਸਿਰ ’ਤੇ ਹੈ ਅਤੇ ਫਸਲ ਪੱਕਣ ਦੀ ਤਿਆਰੀ ਵਿਚ ਸੀ। ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਅਤੇ ਗੜੇਮਾਰੀ ਦੀ ਸੰਭਾਵਨਾਂ ਵਾਲੀਆਂ ਖਬਰਾਂ ਕਿਸਾਨਾ ਨੂੰ ਬੇਚੈਨ ਕਰ ਰਹੀਆਂ ਹਨ। ਪਰ ਕੁਦਰਤ ਨੇ ਅਜਿਹਾ ਕਹਿਰ ਢਾਹਿਆ ਕਿ ਕਈ ਇਲਾਕਿਆਂ ਵਿਚ ਪਹਿਲਾਂ ਵੀ ਬਾਰਸ਼ ਦੇ ਨਾਲ-ਨਾਲ ਭਾਰੀ ਗੜੇਮਾਰੀ ਵੀ ਹੋਈ ਹੈ। ਹਰੀ-ਭਰੀ ਖੜ੍ਹੀ ਫਸਲ ਧਰਤੀ ’ਤੇ ਵਿਛ ਜਾਣ ਕਾਰਨ ਹੁਣ ਉਸ ਨੂੰ ਕੱਟਣਾ ਵੀ ਚੁਣੌਤੀਪੂਰਨ ਹੋਵੇਗਾ। ਮਸ਼ੀਨਾਂ ਰਾਹੀਂ ਵਾਢੀ ਦੌਰਾਨ ਦਾਣਿਆਂ ਦਾ ਨੁਕਸਾਨ ਹੋਣ ਦੀ ਪੂਰੀ ਸੰਭਾਵਨਾ ਹੈ। ........................ ਸਬਜ਼ੀਆਂ ਦੀ ਖੇਤੀ ਨੂੰ ਵੱਡੀ ਮਾਰ ਸਬਜ਼ੀ ਉਤਪਾਦਕ ਕਿਸਾਨ ਸੁਖਦੇਵ ਸਿੰਘ ਜੋਸਨ ਨੇ ਸਬਜ਼ੀਆਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਮੌਸਮ ਸਬਜ਼ੀਆਂ ਲਈ ਬੇਹੱਦ ਘਾਤਕ ਹੈ। ਕਰੇਲਾ, ਅਰਬੀ ਅਤੇ ਖੀਰੇ ਵਰਗੀਆਂ ਫਸਲਾਂ ਨੂੰ ਗਰਮ ਮੌਸਮ ਦੀ ਲੋੜ ਹੁੰਦੀ ਹੈ, ਪਰ ਬੇਮੌਸਮੇ ਮੀਂਹ ਤੇ ਤਾਪਮਾਨ ਵਿਚ ਗਿਰਾਵਟ ਕਾਰਨ ਇਹ ਫਸਲਾਂ ਖਰਾਬ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਬਾਰਸ਼ ਜਲਦੀ ਨਾ ਰੁਕੀ ਤਾਂ ਆਉਣ ਵਾਲੇ ਦਿਨਾਂ ਵਿਚ ਬਾਜ਼ਾਰ ਵਿਚ ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹ ਸਕਦੇ ਹਨ, ਕਿਉਂਕਿ ਪੈਦਾਵਾਰ ਵਿਚ ਵੱਡੀ ਕਮੀ ਆਉਣ ਦੀ ਸੰਭਾਵਨਾ ਹੈ। ...................................... ਕਿਸਾਨਾਂ ਵਿਚ ਸਹਿਮ ਦਾ ਮਾਹੌਲ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਪੈ ਰਹੀ ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਤੋੜ ਕੇ ਰੱਖ ਦਿੱਤੀ ਹੈ। ਇਕ ਪਾਸੇ ਕਣਕ ਦਾ ਨੁਕਸਾਨ ਹੋ ਰਿਹਾ ਹੈ ਅਤੇ ਦੂਜੇ ਪਾਸੇ ਸਬਜ਼ੀਆਂ ਨੁਕਸਾਨੀਆਂ ਗਈਆਂ ਹਨ। ਮੌਸਮ ਵਿਭਾਗ ਵੱਲੋਂ ਅਗਲੇ ਦੋ ਦਿਨਾਂ ਲਈ ਜਾਰੀ ਕੀਤੇ ਗਏ ‘ਤੇਜ਼ ਮੀਂਹ ਅਤੇ ਗੜ੍ਹੇਮਾਰੀ’ ਦੇ ਅਲਰਟ ਨੇ ਕਿਸਾਨਾਂ ਦੀਆਂ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ। ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਹੋਈ ਬੇਮੌਸਮੀ ਬਾਰਸ਼ ਨੇ ਖੇਤੀਬਾੜੀ ਦੇ ਪੂਰੇ ਤਾਣੇ-ਬਾਣੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਮੀਂਹ ਸਿਰਫ਼ ਪਾਣੀ ਦੀਆਂ ਬੂੰਦਾਂ ਨਹੀਂ, ਸਗੋਂ ਕਿਸਾਨਾਂ ਦੀ ਮਿਹਨਤ ’ਤੇ ਫਿਰਿਆ ਪਾਣੀ ਹੈ। ਖੇਤਾਂ ਵਿਚ ਪਾਣੀ ਭਰਨ ਨਾਲ ਫਸਲਾਂ ਦੇ ਡਿੱਗਣ (ਲੌਜਿੰਗ) ਦਾ ਖਤਰਾ ਵੱਧ ਗਿਆ ਹੈ, ਜਿਸ ਨਾਲ ਝਾੜ ਵਿਚ ਵੱਡੀ ਗਿਰਾਵਟ ਆਉਣ ਦੀ ਸੰਭਾਵਨਾ ਹੈ।