ਅਮਰੀਕਾ-ਭਾਰਤ ਵਪਾਰ ਸਮਝੌਤੇ ਦੇ ਰੋਸ ’ਚ ਫੂਕਿਆ ਪੁਤਲਾ
ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤਹਿਤ ਸੈਂਕੜੇ ਕਿਸਾਨਾਂ ਵੱਲੋਂ ਦਿੱਲੀ ਅੰਦੋਲਨ-2 ਦੇ ਨੌਜਵਾਨ ਸ਼ਹੀਦ ਸ਼ੁਭਕਰਨ ਸਿੰਘ ਸਮੇਤ ਹੋਰਨਾਂ
Publish Date: Sat, 21 Feb 2026 04:59 PM (IST)
Updated Date: Sat, 21 Feb 2026 05:00 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਹੀ ਜੋਨਾਂ ਦੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਅੱਜ ਫਿਰੋਜ਼ਪੁਰ ਦੀ ਛਾਉਣੀ ਦਾਣਾ ਮੰਡੀ ਵਿਖੇ ਕੇਐੱਮਐੱਮ ਦੇ ਸੱਦੇ ਤਹਿਤ ਦਿੱਲੀ ਅੰਦੋਲਨ-2 ਦੌਰਾਨ ਪੁਲਿਸ ਦੀ ਗੋਲੀ ਨਾਲ ਜਾਨ ਗੁਆਉਣ ਵਾਲੇ ਸ਼ੁਭਕਰਨ ਸਿੰਘ ਸਮੇਤ ਹੋਰਨਾੰ ਨੂੰ ਯਾਦ ਰੈਲੀ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਵੱਲੋਂ ਭਾਰੀ ਬੈਰੀਕੇਡਿੰਗ ਕਰਕੇ ਜਿਸ ਤਰ੍ਹਾਂ ਬਾਰਡਰਾਂ ਤੇ ਰੋਕ ਕੇ ਗੋਲੀਆਂ ਚਲਾ ਕੇ, ਡਰੋਨਾਂ ਰਾਹੀਂ ਹੰਝੂ ਗੈਸ ਗੋਲੇ ਦਾਗ ਕੇ ਉਸ ਸਮੇਂ ਕੋਹਰਾਮ ਮਚਾਇਆ ਸੀ ਤੇ ਲੋਕਤੰਤਰ ਦਾ ਗਲਾ ਘੁੱਟ ਕੇ ਆਪਣੇ ਹੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਤੇ ਅੱਤਿਆਚਾਰ ਕਰਕੇ ਕਾਰਪੋਰੇਟ ਘਰਾਣਿਆਂ ਪੱਖੀ ਹੋਣ ਦਾ ਸਬੂਤ ਸੀ। ਅਮਰੀਕਾ-ਭਾਰਤ ਵਪਾਰ ਸਮਝੌਤੇ ਕਰਕੇ ਫਾਸ਼ੀਵਾਦੀ ਹਕੂਮਤ ਨੇ ਕਿਸਾਨਾਂ ਮਜਦੂਰਾਂ ਲਈ ਮੌਤ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ ਤੇ ਮੋਦੀ ਸਰਕਾਰ ਨੇ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕ ਦਿੱਤੇ ਹਨ। ਕਿਸਾਨ ਆਗੂਆਂ ਧਰਮ ਸਿੰਘ ਸਿੱਧੂ, ਗੁਰਮੇਲ ਸਿੰਘ ਫੱਤੇਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਸ਼ਹੀਦਾਂ ਦੀ ਸ਼ਹਾਦਤ ਨੂੰ ਵਿਆਰਥ ਨਹੀਂ ਜਾਣ ਦਿੱਤਾ ਜਾਵੇਗਾ। ਭਗਵੰਤ ਮਾਨ ਸਰਕਾਰ ਵਲੋਂ ਜਿਸ ਤਰ੍ਹਾਂ ਸ਼ੰਬੂ ਖਨੌਰੀ ਬਾਰਡਰ ਮੋਰਚਿਆਂ ਨੂੰ ਜ਼ਬਰਦਸਤੀ ਖਤਮ ਕਰਕੇ ਕਿਸਾਨਾਂ ਦੇ ਸਮਾਨ ਦੀ ਭੰਨਤੋੜ ਤੇ ਟਰਾਲੀਆਂ ਚੋਰੀ ਕੀਤੀਆਂ ਗਈਆਂ ਉਸ ਦੀ ਭਰਪਾਈ ਵੀ ਕੀਤੀ ਜਾਵੇਗੀ ਤੇ ਆਪ ਸਰਕਾਰ ਵਲੋਂ ਜਿਸ ਤਰ੍ਹਾਂ ਪੰਜਾਬ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਜਮਹੂਰੀ ਹੱਕਾਂ ਲਈ ਕੀਤੇ ਜਾ ਰਹੇ ਧਰਨਿਆਂ ਤੇ ਰੋਕਿਆ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਵੱਲੋਂ ਵੱਡੇ ਸੰਘਰਸ਼ ਕਰਕੇ ਇਨ੍ਹਾਂ ਨੂੰ ਪਿੰਡਾਂ ਸ਼ਹਿਰਾਂ ਵਿਚ ਵੜਨ ਤੋਂ ਵੀ ਰੋਕਿਆ ਜਾਵੇਗਾ ਤੇ ਸਵਾਲ ਜਵਾਬ ਵੀ ਕੀਤੇ ਜਾਣਗੇ। ਇਸ ਮੌਕੇ ਸੁਰਜੀਤ ਸਿੰਘ ਫੌਜ਼ੀ, ਅਮਨਦੀਪ ਸਿੰਘ ਕੱਚਰਭੰਨ, ਰਣਜੀਤ ਸਿੰਘ ਖੱਚਰਵਾਲਾ, ਹਰਫੂਲ ਸਿੰਘ ਦੂਲੇਵਾਲਾ ਨੇ ਕਿਹਾ ਕਿ ਇਹ ਲੋਕ ਵਿਰੋਧੀ ਚਿਹਰਾ ਕੇਂਦਰ ਤੇ ਪੰਜਾਬ ਸਰਕਾਰ ਦਾ ਹੁਣ ਨੰਗਾ ਹੋ ਚੁੱਕਾ ਹੈ। ਇਨ੍ਹਾਂ ਸਰਕਾਰਾਂ ਵਲੋਂ ਲਿਆਂਦੇ ਜਾ ਰਹੇ ਲੋਕ ਵਿਰੋਧੀ ਬਿੱਲ ਬੀਜ ਐਕਟ 2025, ਬਿਜਲੀ ਸੋਧ ਬਿੱਲ 2025, ਮਨਰੇਗਾ ਨੂੰ ਖ਼ਤਮ ਕਰਨ, ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਬਦਲ ਕੇ ਚਾਰ ਲੇਬਰ ਕੋਟ ਮਜ਼ਦੂਰ ਵਿਰੋਧੀ ਲਾਗੂ ਕਰਨ ਨੂੰ ਕਿਸੇ ਵੀ ਕੀਮਤ ਵਿਚ ਲਾਗੂ ਨਹੀਂ ਕਰਨ ਦਿੱਤੇ ਜਾਣਗੇ। ਕਿਸਾਨਾਂ ਮਜ਼ਦੂਰਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ, ਗੁਰਮੇਲ ਸਿੰਘ ਜੀਆ ਬੱਗਾ, ਵੀਰ ਸਿੰਘ ਨਿਜਾਮਦੀਨ ਵਾਲਾ, ਗੁਰਨਾਮ ਸਿੰਘ ਅਲੀਕੇ, ਮੱਖਣ ਸਿੰਘ ਵਾੜਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਬਲਰਾਜ ਸਿੰਘ ਫੇਰੋਕੇ, ਗੁਰਬਖਸ਼ ਸਿੰਘ ਪੰਜਗਰਾਈਂ, ਗੁਰਭੇਜ ਸਿੰਘ, ਅਵਤਾਰ ਸਿੰਘ ਸਾਬੂਆਣਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਗੁਰਦਿਆਲ ਸਿੰਘ, ਅਮਰਜੀਤ ਸਿੰਘ,ਕੇਵਲ ਸਿੰਘ ਵਾਹਕਾ, ਅਵਤਾਰ ਸਿੰਘ ਬੱਗੇ ਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।