‘ਉਦਭਿਦ ਜਗਤ’ (ਵਨਸਪਤੀ ਜਗਤ) ਉਤਸਵ ਕਰਵਾਇਆ
‘ਉਦਭਿਦ ਜਗਤ’ (ਵਨਸਪਤੀ ਜਗਤ) ਉਤਸਵ ਦਾ ਉਤਸ਼ਾਹਪੂਰਵਕ ਆਯੋਜਨ
Publish Date: Sat, 28 Mar 2026 04:12 PM (IST)
Updated Date: Sat, 28 Mar 2026 04:14 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ’ਚ ਸਥਿਤ ਦੇਵ ਸਮਾਜ ਸਾਧਨ ਮੰਦਰ ਵਿਖੇ ‘ਦੇਵ ਸਮਾਜ ਅਧਿਐਨ ਕੇਂਦਰ’ ਫਿਰੋਜ਼ਪੁਰ ਵੱਲੋਂ ਦੇਵ ਸਮਾਜ ਦੇ 16ਵੇਂ ਸਬੰਧਾਂ ’ਚੋਂ ‘ਉਦਭਿਦ ਜਗਤ’ (ਵਨਸਪਤੀ ਜਗਤ) ਉਤਸਵ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਈ ਪ੍ਰਕਾਰ ਦੀਆਂ ਗਿਆਨਵਰਧਕ ਗਤੀਵਿਧੀਆਂ, ਮੁਕਾਬਲੇ ਤੇ ਵਰਕਸ਼ਾਪ ਲਗਾਈਆਂ ਗਈਆਂ। ਇਸ ਵਿਸ਼ੇਸ਼ ਦਿਹਾੜੇ ਦੀ ਸ਼ੁਰੂਆਤ ਸਭਾਪਤੀ ਸੁਨੀਤਾ ਰੰਗਬੁੱਲਾ ਵੱਲੋਂ ਭਗਵਾਨ ਦੇਵਾਤਮਾ ਨੂੰ ਫੁੱਲ ਅਰਪਿਤ ਕਰਕੇ ਅਤੇ ਨਤਮਸਤਕ ਹੋ ਕੇ ਕੀਤੀ ਗਈ। ਇਸ ਮੌਕੇ ‘ਉਦਭਿਦ ਜਗਤ’ (ਵਨਸਪਤੀ ਜਗਤ) ਨਾਲ ਸਬੰਧਤ ਇਕ ਆਧਿਆਤਮਿਕ ਸਭਾ (ਸਤਿਸੰਗ) ਦਾ ਆਯੋਜਨ ਕੀਤਾ ਗਿਆ। ਸਭਾ ਵਿਚ ਸੰਗੀਤ ਵਿਭਾਗ ਵੱਲੋਂ ਭਾਵਪੂਰਨ ਅਤੇ ਆਧਿਆਤਮਿਕ ਭਜਨਾਂ ਦਾ ਮਿੱਠਾ ਗਾਇਨ ਕੀਤਾ ਗਿਆ। ਇਸ ਵਿਚ ਫਿਰੋਜ਼ਪੁਰ ਵਿਚ ਸਥਿਤ ਸਮੂਹ ਦੇਵ ਸਮਾਜ ਸੰਸਥਾਵਾਂ ਦੀਆਂ ਪ੍ਰਿੰਸੀਪਲਾਂ ਅਤੇ ਸਟਾਫ ਨੇ ਹਾਜ਼ਰੀ ਭਰੀ ਅਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਕਵਿਜ਼ ਵਿਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਗਿਆਨ ਦੀ ਪਰਖ ਕੀਤੀ। ਹਿੰਦੀ ਵਿਭਾਗ ਵੱਲੋਂ ‘ਸੰਸਕ੍ਰਿਤੀ ਦੀਆਂ ਜੜਾਂ: ਭਾਸ਼ਾ ਅਤੇ ਵਨ’ ਵਿਸ਼ੇ ’ਤੇ ਨਾਅਰਾ ਲੇਖਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥਣਾਂ ਨੇ ਪ੍ਰਕਿਰਤੀ, ਵਨਸਪਤੀ ਅਤੇ ਸੱਭਿਆਚਾਰ ਦੇ ਆਪਸੀ ਸਬੰਧਾਂ ਨੂੰ ਆਪਣੇ ਸ਼ਬਦਾਂ ਵਿਚ ਪ੍ਰਗਟ ਕੀਤਾ। ਇਸੇ ਤਰ੍ਹਾਂ ਪੰਜਾਬੀ ਵਿਭਾਗ ਵੱਲੋਂ ਬਨਸਪਤੀ ਅਤੇ ਪ੍ਰਕਿਰਤੀ ਨਾਲ ਸਬੰਧਤ ‘ਕਾਵਿ-ਉਚਾਰਣ’ ਮੁਕਾਬਲਾ ਕਰਵਾਇਆ ਗਿਆ। ਪ੍ਰਿੰਸੀਪਲ ਡਾ. ਸੰਗੀਤਾ ਨੇ ਸਮੂਹ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਦੁਆਰਾ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।