ਹਾਰਮਨੀ ਆਯੁਰਵੈਦਿਕ ਹਸਪਤਾਲ ਵਿਖੇ ਦੋ ਰੋਜ਼ਾ ਮੈਗਾ ਚੈੱਕਅਪ ਕੈਂਪ ਸ਼ੁਰੂ
ਹਾਰਮਨੀ ਆਯੁਰਵੈਦਿਕ ਹਸਪਤਾਲ ਵਿਖੇ ਦੋ ਰੋਜ਼ਾ ਮੈਗਾ ਚੈੱਕਅਪ ਕੈਂਪ ਸ਼ੁਰੂ
Publish Date: Fri, 17 Apr 2026 03:44 PM (IST)
Updated Date: Fri, 17 Apr 2026 03:48 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਅੱਜ ਦੋ ਦਿਨਾਂ ਮੈਗਾ ਮੈਡੀਕਲ ਕੈਂਪ ਦਾ ਸ਼ਾਨਦਾਰ ਆਗਾਜ਼ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਸੰਸਥਾ ਦੇ ਚੇਅਰਮੈਨ ਧਰਮਪਾਲ ਬਾਂਸਲ, ਡਾਇਰੈਕਟਰ ਕਿਰਨ ਬਾਂਸਲ ਅਤੇ ਪ੍ਰਿੰਸੀਪਲ ਡਾ. ਸੁਮਨ ਲਤਾ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਕੈਂਪ ਦੇ ਪਹਿਲੇ ਦਿਨ ਲੋਕਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲਗਭਗ 100 ਤੋਂ ਵੱਧ ਮਰੀਜ਼ਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਵੱਖ-ਵੱਖ ਬਿਮਾਰੀਆਂ ਜਿਵੇਂ ਕਿ ਸ਼ੂਗਰ (ਮਧੂਮੇਹ), ਪ੍ਰੋਸਟੇਟ, ਬਲੱਡ ਪ੍ਰੈਸ਼ਰ, ਚਮੜੀ ਦੇ ਰੋਗ, ਬਵਾਸੀਰ ਅਤੇ ਭਗੰਦਰ ਵਰਗੀਆਂ ਗੰਭੀਰ ਬਿਮਾਰੀਆਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ। ਮਰੀਜ਼ਾਂ ਨੂੰ ਜਾਂਚ ਤੋਂ ਬਾਅਦ ਲੋੜੀਂਦੀਆਂ ਦਵਾਈਆਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਸੇਵਾ ਭਾਰਤੀ ਦੇ ਪ੍ਰਧਾਨ ਇੰਜੀਨੀਅਰ ਤ੍ਰਿਲੋਚਨ ਚੋਪੜਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਡਾਕਟਰਾਂ ਨੇ ਮਰੀਜ਼ਾਂ ਨੂੰ ਆਯੁਰਵੇਦ ਰਾਹੀਂ ਰੋਗ ਮੁਕਤ ਹੋਣ ਦੇ ਤਰੀਕੇ ਦੱਸਦਿਆਂ ਚੰਗੇ ਖਾਣ-ਪੀਣ ਅਤੇ ਸਹੀ ਜੀਵਨ ਸ਼ੈਲੀ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੈਂਪ ਵਿਚ ਜਿੱਥੇ ਦਵਾਈਆਂ ਮੁਫ਼ਤ ਸਨ, ਉੱਥੇ ਹੀ ਖੂਨ ਦੇ ਟੈਸਟ ਅਤੇ ਦਿਲ ਦੇ ਮਰੀਜ਼ਾਂ ਲਈ ਈਸੀਜੀ ਦੀ ਸਹੂਲਤ ਬਹੁਤ ਹੀ ਰਿਆਇਤੀ ਦਰਾਂ ’ਤੇ ਮੁਹੱਈਆ ਕਰਵਾਈ ਗਈ। ਪ੍ਰਿੰਸੀਪਲ ਡਾ. ਸੁਮਨ ਲਤਾ ਨੇ ਦੱਸਿਆ ਕਿ ਕੈਂਪ ਦਾ ਮੁੱਖ ਮਕਸਦ ਲੋਕਾਂ ਨੂੰ ਆਯੁਰਵੇਦ ਨਾਲ ਜੋੜਨਾ ਅਤੇ ਲੋੜਵੰਦਾਂ ਤੱਕ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਇਹ ਕੈਂਪ ਭਲਕੇ ਵੀ ਜਾਰੀ ਰਹੇਗਾ।