69ਵੀਆਂ ਕੌਮੀ ਸਕੂਲ ਖੇਡਾਂ ’ਚ ਡੀਸੀ ਮਾਡਲ ਸਕੂਲ ਨੇ ਜਿੱਤੇ ਮੈਡਲ
69ਵੀਆਂ ਨੈਸ਼ਨਲ ਸਕੂਲ ਖੇਡਾਂ ’ਚ ਡੀਸੀ ਮਾਡਲ ਸਕੂਲ ਦੇ ਦੋ ਵਿਦਿਆਰਥੀਆਂ ਨੇ ਜਿੱਤੇ ਕਾਂਸੇ ਦੇ ਮੈਡਲ
Publish Date: Sat, 10 Jan 2026 05:18 PM (IST)
Updated Date: Sat, 10 Jan 2026 05:21 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਕੂਲ ਖੇਡਾਂ ਫੈਡਰੇਸ਼ਨ ਆਫ ਇੰਡੀਆ ਵੱਲੋਂ ਕਰਵਾਈਆਂ ਗਈਆਂ 69ਵੀਆਂ ਨੈਸ਼ਨਲ ਸਕੂਲ ਖੇਡਾਂ ਵਿਚ ਫਿਰੋਜ਼ਪੁਰ ਦੇ ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੀ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਾਰਾਸ਼ਟਰ ਦੇ ਛਤਰਪਤੀ ਸਾਂਭਾ ਜੀ ਨਗਰ ਵਿਖੇ ਆਯੋਜਿਤ ਇਨ੍ਹਾਂ ਰਾਸ਼ਟਰੀ ਖੇਡਾਂ ਵਿਚ ਦੇਸ਼ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਖਿਡਾਰੀਆਂ ਨੇ ਹਿੱਸਾ ਲਿਆ ਸੀ। ਇਸ ਸਖ਼ਤ ਮੁਕਾਬਲੇ ਵਿਚ ਡੀਸੀ ਮਾਡਲ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਰਿਤਮਬੀਰ ਸਿੰਘ ਨੇ ਅੰਡਰ-14 ‘ਏਪੀ ਟੀਮ ਈਵੈਂਟ’ ਵਿਚ ਕਾਂਸੇ ਦਾ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਨੌਵੀਂ ਜਮਾਤ ਦੀ ਵਿਦਿਆਰਥਣ ਜੈਰੀਤ ਕੌਰ ਨੇ ਅੰਡਰ-17 ‘ਏਪੀ ਟੀਮ ਈਵੈਂਟ’ ਵਿਚ ਕਾਂਸੇ ਦਾ ਮੈਡਲ ਜਿੱਤ ਕੇ ਵੱਡੀ ਪ੍ਰਾਪਤੀ ਦਰਜ ਕੀਤੀ ਹੈ। ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਹਮੇਸ਼ਾ ਉਤਸ਼ਾਹਿਤ ਕੀਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਦਾ ਸਰੀਰਕ, ਮਾਨਸਿਕ ਅਤੇ ਬੌਧਿਕ ਵਿਕਾਸ ਸਰਵਪੱਖੀ ਹੋ ਸਕੇ। ਉਨ੍ਹਾਂ ਨੇ ਦੋਵਾਂ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੇ ਸੁਨੇਹਰੀ ਭਵਿੱਖ ਦੀ ਕਾਮਨਾ ਕੀਤੀ। ਸਕੂਲ ਪਹੁੰਚਣ ’ਤੇ ਜੇਤੂ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਵੀ ਕੀਤਾ ਗਿਆ।