ਡਿਊਟੀ ’ਚ ਵਿਘਨ ਪਾਉਣ ਵਾਲੇ ਮਾਈਨਿੰਗ ਮਾਫ਼ੀਆ ਦੇ ਦੋ ਮੈਂਬਰ ਨਾਮਜ਼ਦ
ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਵਾਲੇ ਮਾਈਨਿੰਗ ਮਾਫ਼ੀਆ ਦੇ ਦੋ ਮੈਂਬਰ ਨਾਮਜ਼ਦ
Publish Date: Tue, 07 Apr 2026 05:07 PM (IST)
Updated Date: Tue, 07 Apr 2026 05:11 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ, ਫਿਰੋਜ਼ਪੁਰ: ਹਰੀਕੇ ਜੰਗਲੀ ਜੀਵ ਸੈਂਚੁਰੀ ਦੇ ਅਤਿ-ਸੰਵੇਦਨਸ਼ੀਲ ਖੇਤਰ ਵਿਚ ਨਾਜਾਇਜ਼ ਮਾਈਨਿੰਗ ਵਿਰੁੱਧ ਜੰਗਲੀ ਜੀਵ ਵਿਭਾਗ ਨੇ ਇਕ ਸਫਲਤਾ ਹਾਸਲ ਕੀਤੀ ਹੈ। ਹਰਪ੍ਰੀਤ ਕੌਰ ਆਈਐੱਫਐੱਸ ਵਣ ਮੰਡਲ ਅਫ਼ਸਰ ਫਿਰੋਜ਼ਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਵਣ ਰੇਂਜ ਅਫ਼ਸਰ ਕਮਲਜੀਤ ਸਿੰਘ ਦੀ ਯੋਗ ਅਗਵਾਈ ’ਚ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਰੇਤ ਦੀ ਨਾਜਾਇਜ਼ ਖੁਦਾਈ ਕਰ ਰਹੇ ਦੋ ਟਰੈਕਟਰ-ਟਰਾਲੀਆਂ ਨੂੰ ਮੌਕੇ ’ਤੇ ਕਾਬੂ ਕੀਤਾ ਹੈ। ਅੱਜ ਸਵੇਰੇ ਕਰੀਬ 6.30 ਵਜੇ ਜਦੋਂ ਹਰੀਕੇ ਜੰਗਲੀ ਜੀਵ ਰੇਂਜ ਦੀ ਵਿਸ਼ੇਸ਼ ਫੀਲਡ ਟੀਮ ਜਿਸ ਵਿਚ ਫੋਰੈਸਟ ਗਾਰਡ ਹਰਮਿੰਦਰ ਸਿੰਘ, ਲਖਵੀਰ ਸਿੰਘ, ਕਰਮ ਸਿੰਘ, ਜਸਪਾਲ ਸਿੰਘ ਅਤੇ ਅਰਸ਼ਦੀਪ ਸਿੰਘ ਸ਼ਾਮਲ ਸਨ ਰੁਟੀਨ ਗਸ਼ਤ ’ਤੇ ਸੀ, ਤਾਂ ਉਨ੍ਹਾਂ ਨੇ ਹਰੀਕੇ ਡਾਊਨਸਟਰੀਮ ਖੇਤਰ ਵਿਚ ਗੈਰ-ਕਾਨੂੰਨੀ ਮਾਈਨਿੰਗ ਹੁੰਦੀ ਦੇਖੀ। ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ਤੋਂ ਦੋ ਟਰੈਕਟਰ ਬਰਾਮਦ ਕੀਤੇ। ਦੋਵੇਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਕੇ ਹਰੀਕੇ ਰੇਂਜ ਦਫ਼ਤਰ ਵਿਖੇ ਲਿਆਂਦਾ ਗਿਆ ਹੈ। ਮਾਈਨਿੰਗ ਵਿਚ ਸ਼ਾਮਲ ਦੋਸ਼ੀਆਂ ਦੀ ਪਛਾਣ ਜਸ਼ਨਪ੍ਰੀਤ ਸਿੰਘ ਪਿੰਡ ਤਲਵੰਡੀ ਨੇਪਾਲਾ ਅਤੇ ਨੋਨਾ ਪਿੰਡ ਨਿਜ਼ਾਮਦੀਨ ਵਾਲਾ ਵਜੋਂ ਹੋਈ ਹੈ। ਵਿਭਾਗੀ ਅਧਿਕਾਰੀਆਂ ਅਨੁਸਾਰ ਜਦੋਂ ਦੋਸ਼ੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਸਰਕਾਰੀ ਮੁਲਾਜ਼ਮਾਂ ਨਾਲ ਬਦਸਲੂਕੀ ਕੀਤੀ, ਗਾਲੀ-ਗਲੋਚ ਕੀਤਾ ਅਤੇ ਡਿਊਟੀ ਵਿਚ ਵਿਘਨ ਪਾਇਆ। ਦੋਸ਼ੀ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ। ਫੋਰੈਸਟ ਗਾਰਡ ਹਰਮਿੰਦਰ ਸਿੰਘ ਵੱਲੋਂ ਦੋਸ਼ੀਆਂ ਵਿਰੁੱਧ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਬਦਲੇ ‘ਡੈਮੇਜ ਰਿਪੋਰਟ’ ਜਾਰੀ ਕੀਤੀ ਗਈ ਹੈ। ਮੁੱਖ ਥਾਣਾ ਅਫ਼ਸਰ ਮੱਖੂ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ (1972) ਦੀਆਂ ਧਾਰਾਵਾਂ 27, 29, 39, 50, 51 ਅਤੇ ਮਾਈਨਿੰਗ ਐਕਟ ਮਾਮਲਾ ਦਰਜ ਕਰਨ ਦੀ ਬੇਨਤੀ ਕੀਤੀ ਗਈ ਹੈ। ਵਿਭਾਗ ਅਨੁਸਾਰ ਇਹ ਦੋਸ਼ੀ ਪਹਿਲਾਂ ਵੀ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ। ਜੰਗਲੀ ਜੀਵ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਸੈਂਚੁਰੀ ਖੇਤਰ ਵਿਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।