2 ਕਿਲੋ 306 ਗ੍ਰਾਮ ਹੈਰੋਇਨ, 30 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਦੋ ਗ੍ਰਿਫਤਾਰ
2 ਕਿਲੋ 306 ਗ੍ਰਾਮ ਹੈਰੋਇਨ, 30 ਹਜ਼ਾਰ ਰੁਪਏ ਦੀ ਡਰੱਗ ਮਨੀ ਸਣੇ ਦੋ ਗ੍ਰਿਫਤਾਰ
Publish Date: Tue, 13 Jan 2026 05:04 PM (IST)
Updated Date: Tue, 13 Jan 2026 05:06 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਫਿਰੋਜ਼ਪੁਰ : ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦ ਸੀਆਈਏ ਸਟਾਫ ਨੇ 2 ਕਿਲੋ 306 ਗ੍ਰਾਮ ਹੈਰੋਇਨ, 30 ਹਜ਼ਾਰ ਰੁਪਏ ਦੀ ਡਰੱਗ ਮਨੀ, ਦੋ ਮੋਬਾਇਲ ਫੋਨ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜਪੁਰ ਪੁਲਿਸ ਅਤੇ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ 2 ਵਿਅਕਤੀਆਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਸਟਾਫ ਫਿਰੋਜ਼ਪੁਰ ਦੇ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਰਾਜ ਸਿੰਘ ਉਰਫ ਰਾਜੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਟੇਂਡੀਵਾਲਾ ਜੋ ਕਿ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ, ਜੋ ਅੱਜ ਵੀ ਆਪਣੇ ਪਾਸ ਹੈਰੋਇਨ ਲੈ ਕੇ ਅੱਗੇ ਵੇਚਣ ਲਈ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਮੋਟਰਸਾਈਕਲ ਨੰਬਰ ਪੀਬੀ 05 ਏਐੱਮ 4481 ’ਤੇ ਰੁਕ ਕੇ ਗਾਹਕਾਂ ਦਾ ਇੰਤਜ਼ਾਰ ਕਰ ਰਿਹਾ ਹੈ। ਜੇਕਰ ਹੁਣੇ ਛਾਪੇਮਾਰੀ ਕਰਕੇ ਕਾਬੂ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਹੋ ਸਕਦੀ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਰਾਜ ਸਿੰਘ ਉਰਫ ਰਾਜੂ ਨੂੰ ਗ੍ਰਿਫਤਾਰ ਕਰਕੇ ਪੁਲਿਸ ਨੇ 2 ਕਿਲੋ 306, ਇਕ ਮੋਬਾਇਲ ਫੋਨ ਸਮੇਤ ਸਿੰਮ ਅਤੇ ਇਕ ਮੋਟਰਸਾਈਕਲ ਸਪਲੈਂਡਰ ਪਲੱਸ ਬਰਾਮਦ ਕੀਤਾ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸੁਖਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਸਾਥੀ ਕਰਮਚਾਰੀਆਂ ਦੇ ਨਾਲ ਬਾਸਵਾਰੀ ਸਰਕਾਰੀ ਗੱਡੀ ਦੌਰਾਨੇ ਗਸ਼ਤ ਸੀ ਤਾਂ ਇਸ ਦੌਰਾਨ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪੀਰੂ ਵਾਲਾ ਨੂੰ ਬਾਰੇ ਕੇ ਤੋਂ 30 ਹਜ਼ਾਰ ਰੁਪਏ ਦੀ ਡਰੱਗ ਮਨੀ, ਕਰੰਸੀ ਨੋਟ ਅਤੇ 1 ਮੋਬਾਇਲ ਫੋਨ ਸਮੇਤ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲੇ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।