ਮਾਤਾ ਸਾਹਿਬ ਕੌਰ ਸਕੂਲ ਵਿਖੇ ਦਸਤਾਰ ਮੁਕਾਬਲੇ ਕਰਵਾਏ
ਮਾਤਾ ਸਾਹਿਬ ਕੌਰ ਸਕੂਲ ਵਿਚ ਦਸਤਾਰ ਬੰਦੀ ਮੁਕਾਬਲਾ ਆਯੋਜਿਤ
Publish Date: Sun, 19 Apr 2026 06:41 PM (IST)
Updated Date: Sun, 19 Apr 2026 06:45 PM (IST)

ਦੀਪਕ ਵਧਾਵਨ, ਪੰਜਾਬੀ ਜਾਗਰਣ ਗੁਰੂਹਰਸਹਾਏ : ਮਾਤਾ ਸਾਹਿਬ ਕੌਰ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਗੁਰੂਹਰ ਸਹਾਏ ਵਿਚ ਦਸਤਾਰ ਬੰਦੀ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮਕਸਦ ਵਿਦਿਆਰਥੀਆਂ ਵਿਚ ਪੰਜਾਬੀ ਸਭਿਆਚਾਰ ਅਤੇ ਰਿਵਾਜਾਂ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਮੁਕਾਬਲਾ ਦੋ ਗਰੁੱਪਾਂ ਵਿੱਚ ਕਰਵਾਇਆ ਗਿਆ। ਗਰੁੱਪ ਏ 6ਵੀਂ ਤੋਂ 8ਵੀਂ ਕਲਾਸ ’ਚ ਪਹਿਲਾ ਸਥਾਨ ਜਤਿੰਦਰ ਸਿੰਘ 7ਵੀਂ ਕਲਾਸ, ਦੂਜਾ ਸਥਾਨ ਏਕਮਜੀਤ ਸਿੰਘ 8ਵੀਂ ਕਲਾਸ ਅਤੇ ਤੀਜਾ ਸਥਾਨ ਸ਼ੁਭਗੁਨ ਸਿੰਘ 8ਵੀਂ ਕਲਾਸ ਨੇ ਹਾਸਲ ਕੀਤਾ। ਗਰੁੱਪ ਬੀ 9ਵੀਂ ਤੋਂ 12ਵੀਂ ਕਲਾਸ ਦੇ ਮੁਕਾਬਲਿਆਂ ’ਚ ਪਹਿਲਾ ਸਥਾਨ ਯੁਵਰਾਜ ਸਿੰਘ 12ਵੀਂ ਕਲਾਸ, ਦੂਜਾ ਸਥਾਨ ਕਰਮਨਪ੍ਰੀਤ ਸਿੰਘ 12ਵੀਂ ਕਲਾਸ, ਤੀਜਾ ਸਥਾਨ ਸੁਖਮਨਪ੍ਰੀਤ ਸਿੰਘ 9ਵੀਂ ਕਲਾਸ ਨੇ ਹਾਸਲ ਕੀਤਾ। ਇਸ ਮੁਕਾਬਲੇ ਦੇ ਨਿਰਣਾਇਕ ਵਜੋਂ ਪ੍ਰਸਿੱਧ ਮਾਹਿਰ ਤਲਵਿੰਦਰ ਸਿੰਘ ਨੇ ਭੂਮਿਕਾ ਨਿਭਾਈ। ਸਕੂਲ ਦੀ ਪ੍ਰਿੰਸਿਪਲ ਡਾ. ਵੰਦਨਾ ਧਵਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਨੂੰ ਆਪਣੀ ਸੰਸਕ੍ਰਿਤੀ ਨਾਲ ਜੋੜਦੀਆਂ ਹਨ ਅਤੇ ਉਨ੍ਹਾਂ ਵਿੱਚ ਆਤਮਵਿਸ਼ਵਾਸ ਅਤੇ ਅਨੁਸ਼ਾਸਨ ਨੂੰ ਮਜ਼ਬੂਤ ਕਰਦੀਆਂ ਹਨ। ਚੇਅਰਮੈਨ ਮਹੀਪਾਲ ਸਿੰਘ ਅਤੇ ਮੈਨੇਜਰ ਹਰਬੀਰ ਸਿੰਘ ਨੇ ਵੀ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕੋਆਰਡੀਨੇਟਰ ਅਭੈ ਬਜਾਜ, ਸੰਦੀਪ ਅਤੇ ਰਚਨਾ ਮੋਂਗਾ ਸਮੇਤ ਸਟਾਫ ਹਾਜ਼ਰ ਸੀ।