ਨਗਰ ਪੰਚਾਇਤ ਮੱਲਾਂਵਾਲਾ ’ਚ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ
ਨਗਰ ਪੰਚਾਇਤ ਮੱਲਾਂਵਾਲਾ ਵਿਚ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਇਆ, ਪੁਲਿਸ ਟੁਕੜੀ ਵੱਲੋਂ ਸਲਾਮੀ
Publish Date: Tue, 27 Jan 2026 04:59 PM (IST)
Updated Date: Tue, 27 Jan 2026 05:01 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : 77ਵੇਂ ਗਣਤੰਤਰ ਦਿਵਸ ਮੌਕੇ ਨਗਰ ਪੰਚਾਇਤ ਮੱਲਾਂਵਾਲਾ ਵੱਲੋਂ ਨਗਰ ਪੰਚਾਇਤ ਦਫ਼ਤਰ ਵਿਚ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਨਗਰ ਪੰਚਾਇਤ ਪ੍ਰਧਾਨ ਕਰਮਜੀਤ ਕੌਰ ਵੱਲੋਂ ਰਾਸ਼ਟਰੀ ਝੰਡਾ ਤਿਰੰਗਾ ਬੜੀ ਸ਼ਾਨ ਅਤੇ ਮਰਿਯਾਦਾ ਨਾਲ ਲਹਿਰਾਇਆ ਗਿਆ। ਝੰਡਾ ਲਹਿਰਾਉਣ ਉਪਰੰਤ ਥਾਣਾ ਮੱਲਾਂਵਾਲਾ ਦੀ ਪੁਲਿਸ ਟੁਕੜੀ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ, ਜਿਸ ਨਾਲ ਪੂਰਾ ਮਾਹੌਲ ਦੇਸ਼ ਭਗਤੀ ਦੇ ਜਜ਼ਬੇ ਨਾਲ ਭਰ ਗਿਆ। ਇਸ ਉਪਰੰਤ ਸ਼ਹੀਦ ਸੁਖਵਿੰਦਰ ਸਿੰਘ ਸਕੂਲ ਆਫ਼ ਐਮੀਨੈਂਸ, ਮੱਲਾਂਵਾਲਾ ਦੇ ਵਿਦਿਆਰਥੀਆਂ ਵੱਲੋਂ ਰਾਸ਼ਟਰੀ ਗੀਤ ਗਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮਹਾਬੀਰ ਸਿੰਘ ਸੰਧੂ ਨੇ ਕਿਹਾ ਕਿ ਗਣਤੰਤਰ ਦਿਵਸ ਸਾਨੂੰ ਸੰਵਿਧਾਨ, ਲੋਕਤੰਤਰ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਨੇ ਸਾਨੂੰ ਬਰਾਬਰੀ, ਆਜ਼ਾਦੀ ਅਤੇ ਅਧਿਕਾਰ ਪ੍ਰਦਾਨ ਕੀਤੇ ਹਨ ਅਤੇ ਸਾਨੂੰ ਆਪਣੇ ਫਰਜ਼ਾਂ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਤਰੱਕੀ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਵਿਚ ਨਗਰ ਪੰਚਾਇਤ ਮੈਂਬਰ ਬੂਟਾ ਸਿੰਘ, ਚਰਨਜੀਤ ਕੌਰ, ਕੁਲਭੂਸ਼ਨ ਧਵਨ, ਦਲਜੀਤ ਕੌਰ, ਗੁਰਦੇਵ ਸਿੰਘ, ਕਿਰਨਦੀਪ ਕੌਰ, ਜਸਵੰਤ ਸਿੰਘ ਧੰਜੂ, ਗੁਰਮਾਲਕ ਸਿੰਘ, ਰੀਤੂ ਕੱਕੜ, ਹੀਰਾ ਕੱਕੜ, ਧਰਮ ਸਿੰਘ, ਛਿੰਦਰ ਸਮੇਤ ਪੁਲਿਸ ਪ੍ਰਸ਼ਾਸਨ, ਅਧਿਆਪਕ, ਵਿਦਿਆਰਥੀ ਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਰਹੇ।