‘ਕਰੁਣਾ ਨਾਲ ਦੇਖਭਾਲ’ ਮੋਬਾਈਲ ਕੇਅਰ ਪ੍ਰੋਗਰਾਮ ਸਬੰਧੀ ਦਿੱਤੀ ਟ੍ਰੇਨਿੰਗ
ਹਾਈ ਰਿਸਕ ਗਰਭਵਤੀ ਔਰਤਾਂ ਦੀ ਸੰਭਾਲ ਲਈ ‘ਕਰੁਣਾ ਨਾਲ ਦੇਖਭਾਲ’ ਮੋਬਾਈਲ ਕੇਅਰ ਪ੍ਰੋਗਰਾਮ ਅਧੀਨ ਸਿਹਤ ਸਟਾਫ ਦੀ ਟ੍ਰੇਨਿੰਗ
Publish Date: Tue, 06 Jan 2026 03:34 PM (IST)
Updated Date: Tue, 06 Jan 2026 03:35 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਕਾਰ ਸਿੰਘ ਅਤੇ ਡਾ. ਰਵਿੰਦਰ ਪਾਲ ਦੀ ਅਗਵਾਈ ਹੇਠ ਹਾਈ ਰਿਸਕ ਗਰਭਵਤੀ ਔਰਤਾਂ ਦੀ ਸੁਚੱਜੀ ਦੇਖਭਾਲ ਲਈ ‘ਕਰੁਣਾ ਨਾਲ ਦੇਖਭਾਲ’ ਮੋਬਾਈਲ ਕੇਅਰ ਪ੍ਰੋਗਰਾਮ ਤਹਿਤ ਕਮਿਊਨਿਟੀ ਹੈੱਲਥ ਅਫ਼ਸਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰ (ਫੀਮੇਲ) ਨੂੰ ਟ੍ਰੇਨਿੰਗ ਦਿੱਤੀ ਗਈ। ਇਸ ਮੌਕੇ ਨੋਡਲ ਅਫ਼ਸਰ ਡਾ. ਕਰਨਬੀਰ ਸਿੰਘ ਅਤੇ ਬਲਾਕ ਐਜੂਕੇਟਰ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਨੂੰ ਪਿੰਡ ਪੱਧਰ ਤੱਕ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਅਧੀਨ ਗਰਭਵਤੀ ਔਰਤਾਂ ਦੀ ਰਜਿਸਟ੍ਰੇਸ਼ਨ, ਸਮੇਂ-ਸਮੇਂ ’ਤੇ ਚੈੱਕਅਪ ਅਤੇ ਲੋੜੀਂਦੇ ਟੈਸਟ ਕੀਤੇ ਜਾਂਦੇ ਹਨ। ਸਿਹਤ ਵਿਭਾਗ ਵੱਲੋਂ ਨੂਰਾ ਹੈਲਥ ਦੇ ਸਹਿਯੋਗ ਨਾਲ ਇਸ ਮਿਸ਼ਨ ਨੂੰ ਹੋਰ ਮਜ਼ਬੂਤ ਕਰਦਿਆਂ ‘ਕਰੁਣਾ ਨਾਲ ਦੇਖਭਾਲ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਗਰਭਵਤੀ ਔਰਤਾਂ ਨੂੰ ਵਟਸਐਪ ਨੰਬਰ ਰਾਹੀਂ ਰਜਿਸਟਰ ਕੀਤਾ ਜਾਵੇਗਾ, ਜਿਸ ਦੇ ਜਰੀਏ ਗਰਭ ਕਾਲ ਦੌਰਾਨ ਸਿਹਤ ਸਬੰਧੀ ਸੁਝਾਅ, ਅਲਰਟ ਅਤੇ ਜ਼ਰੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਸਿਹਤ ਸੰਬੰਧੀ ਸਮੱਸਿਆ ਹੋਣ ‘ਤੇ ਤੁਰੰਤ ਸਬੰਧਿਤ ਸਿਹਤ ਸਟਾਫ ਨੂੰ ਸੂਚਿਤ ਕੀਤਾ ਜਾਵੇਗਾ, ਤਾਂ ਜੋ ਸਮੇਂ ਸਿਰ ਡਾਕਟਰੀ ਜਾਂਚ ਅਤੇ ਇਲਾਜ ਯਕੀਨੀ ਬਣਾਇਆ ਜਾ ਸਕੇ। ਇਸ ਨਾਲ ਗਰਭਵਤੀ ਔਰਤਾਂ ਦੀ ਦੇਖਰੇਖ ਹੋਰ ਸੁਚੱਜੇ ਢੰਗ ਨਾਲ ਹੋਵੇਗੀ। ਸੀਨੀਅਰ ਪ੍ਰੋਗਰਾਮ ਐਸੋਸੀਏਟ ਸਪਨਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗਰਭ ਅਵਸਥਾ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਮੁਫ਼ਤ ਵਟਸਐਪ ਆਧਾਰਿਤ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿਨ੍ਹਾਂ ’ਤੇ ਮੈਡੀਕਲ ਟੀਮ ਵੱਲੋਂ ਤੁਰੰਤ ਰਸਪਾਂਸ ਦਿੱਤਾ ਜਾਵੇਗਾ। ਇਸ ਦਾ ਮੁੱਖ ਮਕਸਦ ਉੱਚ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਪਛਾਣ ਅਤੇ ਇਲਾਜ ਪ੍ਰਕਿਰਿਆ ਨੂੰ ਹੋਰ ਆਸਾਨ ਬਣਾਉਣਾ ਹੈ। ਪ੍ਰੋਗਰਾਮ ਕੋਆਰਡੀਨੇਟਰ ਅਸ਼ਵਿਨ ਸ਼ਰਮਾ ਨੇ ਮੋਬਾਈਲ ਕੇਅਰ ਪ੍ਰੋਗਰਾਮ ਬਾਰੇ ਸਟਾਫ ਨੂੰ ਸਿਖਲਾਈ ਦਿੱਤੀ। ਇਸ ਮੌਕੇ ਸਮੂਹ ਕਮਿਊਨਿਟੀ ਹੈੱਲਥ ਅਫ਼ਸਰ, ਮਲਟੀਪਰਪਜ਼ ਵਰਕਰ (ਫੀਮੇਲ), ਆਸ਼ਾ ਵਰਕਰ ਅਤੇ ਹੋਰ ਸਿਹਤ ਸਟਾਫ ਹਾਜ਼ਰ ਰਹੇ।