ਟਰੈਫਿਕ ਪੁਲਿਸ ਨੇ ਹੈਲਮਟ ਅਵੇਅਰਨੈਸ ਦਿਵਸ ਮਨਾਇਆ
ਟਰੈਫਿਕ ਪੁਲਿਸ ਵੱਲੋਂ ਹੈਲਮਟ ਅਵੇਅਰਨੈਸ ਦਿਵਸ ਮਨਾਇਆ ਗਿਆ
Publish Date: Sun, 01 Feb 2026 05:42 PM (IST)
Updated Date: Sun, 01 Feb 2026 05:43 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ ਮੱਲਾਂਵਾਲਾ : ਟਰੈਫਿਕ ਪੁਲਿਸ ਵੱਲੋਂ ਮੱਲਾਂਵਾਲਾ ਦੇ ਮੇਨ ਅੱਡੇ ’ਤੇ ਹੈਲਮਟ ਅਵੇਅਰਨੈਸ ਦਿਵਸ ਮਨਾਇਆ ਗਿਆ। ਇਸ ਮੌਕੇ ਟਰੈਫਿਕ ਇੰਚਾਰਜ਼ ਲਖਮੀਰ ਸਿੰਘ ਤੇ ਉਨ੍ਹਾਂ ਦੇ ਸਹਿਯੋਗੀ ਗਗਨਦੀਪ ਨੇ ਐੱਸਐੱਸਪੀ ਭੁਪਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਟਰੈਫਿਕ ਇੰਚਾਰਜ਼ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਦੋ ਪਹੀਆ ਵਾਹਨ ਚਾਲਕਾਂ ਨੂੰ ਹੈਲਮਟ ਦੀ ਗੁਣਵੱਤਾ ਅਤੇ ਉਸਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਹਰ ਦੋ ਪਹੀਆ ਵਾਹਨ ਚਾਲਕ ਲਈ ਹੈਲਮਟ ਪਹਿਨਣਾ ਲਾਜ਼ਮੀ ਹੈ, ਕਿਉਂਕਿ ਹਾਦਸੇ ਦੌਰਾਨ ਹੈਲਮਟ ਸਿਰ ਨੂੰ ਗੰਭੀਰ ਸੱਟਾਂ ਤੋਂ ਬਚਾਉਂਦਾ ਹੈ। ਉਨ੍ਹਾਂ ਦੱਸਿਆ ਕਿ ਦੋ ਪਹੀਆ ਵਾਹਨਾਂ ਨਾਲ ਹੋਣ ਵਾਲੀਆਂ ਲਗਭਗ 90 ਫੀਸਦੀ ਮੌਤਾਂ ਸਿਰ ’ਤੇ ਲੱਗਣ ਵਾਲੀ ਸੱਟ ਕਾਰਨ ਹੁੰਦੀਆਂ ਹਨ, ਜੋ ਕਿ ਹੈਲਮਟ ਪਹਿਨ ਕੇ ਕਾਫ਼ੀ ਹੱਦ ਤੱਕ ਰੋਕੀਆਂ ਜਾ ਸਕਦੀਆਂ ਹਨ। ਟਰੈਫਿਕ ਇੰਚਾਰਜ਼ ਨੇ ਦੋ ਪਹੀਆ ਵਾਹਨ ਮਾਲਕਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਨਾਬਾਲਿਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ। ਜੇਕਰ ਕਿਸੇ ਨਾਬਾਲਿਗ ਵੱਲੋਂ ਹਾਦਸਾ ਵਾਪਰਦਾ ਹੈ ਤਾਂ ਮਾਪਿਆਂ ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਟਰੈਫਿਕ ਨਿਯਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੰਸ ਨਾਲ ਰੱਖਣਾ ਜ਼ਰੂਰੀ ਹੈ। ਦੋ ਸਵਾਰੀਆਂ ਤੋਂ ਵੱਧ ਬਿਠਾਉਣਾ ਕਾਨੂੰਨੀ ਉਲੰਘਣਾ ਹੈ। ਹੈਲਮਟ ਆਈਐੱਸਆਈ ਮਾਰਕ ਵਾਲਾ ਅਤੇ ਠੀਕ ਤਰੀਕੇ ਨਾਲ ਬੰਨ੍ਹਿਆ ਹੋਣਾ ਚਾਹੀਦਾ ਹੈ। ਵਾਹਨ ਚਲਾਉਂਦੇ ਸਮੇਂ ਮੋਬਾਈਲ ਫ਼ੋਨ ਦੀ ਵਰਤੋਂ ਕਰਨਾ ਸਖ਼ਤ ਮਨਾਹੀ ਹੈ।ਟਰੈਫਿਕ ਲਾਈਟਾਂ ਅਤੇ ਸੜਕ ਸੰਕੇਤਾਂ ਦੀ ਪਾਲਣਾ ਹਰ ਹਾਲਤ ਵਿੱਚ ਕਰਨੀ ਲਾਜ਼ਮੀ ਹੈ।ਟਰੈਫਿਕ ਪੁਲਿਸ ਨੇ ਅੰਤ ਵਿਚ ਲੋਕਾਂ ਨੂੰ ਅਪੀਲ ਕੀਤੀ ਕਿ ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਨਾ ਸਿਰਫ਼ ਆਪਣੀ ਸਗੋਂ ਦੂਜਿਆਂ ਦੀ ਜ਼ਿੰਦਗੀ ਨੂੰ ਵੀ ਸੁਰੱਖਿਅਤ ਬਣਾਇਆ ਜਾਵੇ।