ਨਾਜਾਇਜ਼ ਕਬਜ਼ਿਆਂ ਕਾਰਨ ਮੱਲਾਂਵਾਲਾ ਬਾਜ਼ਾਰ ’ਚ ਲੱਗਦੈ ਜਾਮ
ਨਜਾਇਜ਼ ਕਬਜ਼ਿਆਂ ਕਾਰਨ ਮੱਲਾਂਵਾਲਾ ਬਾਜ਼ਾਰ ਵਿਚ ਜਾਮ ਦੇ ਹਾਲਾਤ, ਪ੍ਰਸ਼ਾਸਨ ਘੇਰੇ ਵਿਚ
Publish Date: Sat, 07 Feb 2026 06:04 PM (IST)
Updated Date: Sat, 07 Feb 2026 06:08 PM (IST)

ਪਿੱਪਲ ਸਿੰਘ ਭੁੱਲਰ, ਪੰਜਾਬੀ ਜਾਗਰਣ, ਮੱਲਾਂਵਾਲਾ : ਮੱਲਾਂਵਾਲਾ ਦੇ ਮੁੱਖ ਬਾਜ਼ਾਰ ਵਿਚ ਦੁਕਾਨਾਂ ਦੇ ਅੱਗੇ ਕੀਤੇ ਗਏ ਨਜਾਇਜ਼ ਕਬਜ਼ਿਆਂ ਕਾਰਨ ਆਮ ਲੋਕਾਂ ਦੀਆਂ ਪ੍ਰੇਸ਼ਾਨੀਆਂ ਲਗਾਤਾਰ ਵੱਧ ਰਹੀਆਂ ਹਨ। ਦੁਕਾਨਦਾਰਾਂ ਵੱਲੋਂ ਤਿੰਨ ਤੋਂ ਚਾਰ ਫੁੱਟ ਤੱਕ ਦੁਕਾਨਾਂ ਦੇ ਬਾਹਰ ਸਮਾਨ ਰੱਖਣ ਕਾਰਨ ਬਾਜ਼ਾਰ ਦਾ ਰਸਤਾ ਦਿਨੋਂ-ਦਿਨ ਤੰਗ ਹੁੰਦਾ ਜਾ ਰਿਹਾ ਹੈ, ਜਿਸ ਨਾਲ ਪੈਦਲ ਚੱਲਣ ਵਾਲਿਆਂ ਅਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਮੁਤਾਬਕ ਇਹ ਸਮੱਸਿਆ ਕਾਫੀ ਸਮੇਂ ਤੋਂ ਬਣੀ ਹੋਈ ਹੈ। ਸਮੇਂ ਦੇ ਨਾਲ ਦੁਕਾਨਦਾਰ ਹੌਲੀ-ਹੌਲੀ ਆਪਣੀਆਂ ਦੁਕਾਨਾਂ ਅੱਗੇ ਵਧਾਉਂਦੇ ਗਏ, ਜਿਸ ਨਾਲ ਬਾਜ਼ਾਰ ਦੀ ਚੌੜਾਈ ਕਾਫੀ ਘੱਟ ਹੋ ਚੁੱਕੀ ਹੈ। ਦਿਨ ਦੇ ਸਮੇਂ ਬਾਜ਼ਾਰ ਵਿੱਚ ਅਕਸਰ ਜਾਮ ਵਰਗੇ ਹਾਲਾਤ ਬਣ ਜਾਂਦੇ ਹਨ ਅਤੇ ਲੋਕਾਂ ਨੂੰ ਆਉਣ-ਜਾਣ ਵਿੱਚ ਵੱਧ ਸਮਾਂ ਲੱਗਦਾ ਹੈ। ਕਈ ਵਾਰ ਛੋਟੇ ਵਾਹਨਾਂ ਦਾ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਨਜਾਇਜ਼ ਕਬਜ਼ਿਆਂ ਬਾਰੇ ਨਗਰ ਪੰਚਾਇਤ ਨੂੰ ਕਈ ਵਾਰ ਜਾਣਕਾਰੀ ਦਿੱਤੀ ਗਈ, ਪਰ ਅਜੇ ਤੱਕ ਕੋਈ ਪੱਕੀ ਅਤੇ ਸਥਾਈ ਕਾਰਵਾਈ ਨਹੀਂ ਹੋਈ। ਇਸ ਕਾਰਨ ਆਮ ਲੋਕਾਂ ਵਿਚ ਪ੍ਰਸ਼ਾਸਨ ਪ੍ਰਤੀ ਨਾਰਾਜ਼ਗੀ ਵੱਧ ਰਹੀ ਹੈ। ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਜੇ ਸਮੇਂ ਰਹਿੰਦੇ ਸਖ਼ਤੀ ਨਹੀਂ ਕੀਤੀ ਗਈ ਤਾਂ ਭਵਿੱਖ ਵਿਚ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਸਥਾਨਕ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨਜ਼ਾਇਜ ਕਬਜ਼ਿਆਂ ਕਾਰਨ ਬਾਜ਼ਾਰ ਵਿਚ ਹਰ ਰੋਜ਼ ਬੇਤਰਤੀਬੀ ਰਹਿੰਦੀ ਹੈ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਉੱਥੇ ਹੀ ਹਰਜੀਤ ਸਿੰਘ ਨੇ ਚਿੰਤਾ ਜਤਾਉਂਦੇ ਹੋਏ ਕਿਹਾ ਕਿ ਬਾਜ਼ਾਰ ਵਿੱਚ ਜਗ੍ਹਾ ਘੱਟ ਹੋਣ ਕਾਰਨ ਐਮਰਜੈਂਸੀ ਹਾਲਾਤ ਵਿੱਚ ਐਂਬੂਲੈਂਸ ਜਾਂ ਫਾਇਰ ਬ੍ਰਿਗੇਡ ਵਰਗੇ ਵਾਹਨਾਂ ਦਾ ਨਿਕਲਣਾ ਵੀ ਮੁਸ਼ਕਲ ਹੋ ਸਕਦਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਨਗਰ ਪੰਚਾਇਤ ਬਿਨਾਂ ਕਿਸੇ ਭੇਦਭਾਵ ਦੇ ਨਜਾਇਜ਼ ਕਬਜ਼ੇ ਹਟਾਏ। ਇਸ ਸਬੰਧ ਵਿਚ ਨਗਰ ਪੰਚਾਇਤ ਮੱਲਾਂਵਾਲਾ ਦੇ ਕਾਰਜਕਾਰੀ ਅਧਿਕਾਰੀ (ਈਓ) ਨਰਿੰਦਰ ਕੁਮਾਰ ਨੇ ਕਿਹਾ ਕਿ ਬਾਜ਼ਾਰ ਵਿਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਜਲਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੁੱਧਵਾਰ ਤੱਕ ਬਾਜ਼ਾਰ ਖਾਲੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣਗੇ।