ਮਿਲਾਪੜੇ ਸੁਭਾਅ ਦੇ ਮਾਲਕ ਸਨ ਚਰਨਜੀਤ ਸਿੰਘ
ਅੱਜ ਭੋਗ ਤੇ ਵਿਸ਼ੇਸ਼
Publish Date: Sat, 04 Apr 2026 06:56 PM (IST)
Updated Date: Sat, 04 Apr 2026 06:58 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਮਨੁੱਖ ਦਾ ਜੀਵਨ ਉਸਦੇ ਕਰਮਾਂ ਅਤੇ ਮਿਲਾਪੜੇ ਸੁਭਾਅ ਕਾਰਨ ਜਾਣਿਆ ਜਾਂਦਾ ਹੈ। ਜਦੋਂ ਕੋਈ ਨੇਕ ਇਨਸਾਨ ਸਮਾਜ ਨੂੰ ਅਲਵਿਦਾ ਕਹਿ ਜਾਂਦਾ ਹੈ, ਤਾਂ ਉਸਦਾ ਵਿਛੋੜਾ ਪਰਿਵਾਰ ਦੇ ਨਾਲ-ਨਾਲ ਪੂਰੇ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਬਣ ਜਾਂਦਾ ਹੈ। ਅਜਿਹੀ ਹੀ ਇਕ ਸਖ਼ਸ਼ੀਅਤ ਸੀ ਚਰਨਜੀਤ ਸਿੰਘ ਸੋਨੂੰ , ਜੋ ਬੀਤੀ 26 ਮਾਰਚ ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਤਾਂ ਵੱਡੇ ਭਰਾ ਜਸਪਾਲ ਸਿੰਘ ਦੀਆਂ ਜਿਵੇਂ ਬਾਹਾਂ ਹੀ ਟੁੱਟ ਗਈਆਂ ਹੋਣ। ਹਰ ਵੇਲੇ ਵੀਰ ,ਵੀਰ ਕਹਿਣ ਵਾਲਾ ਸੋਨੂੰ ਇਸ ਦੁਨੀਆਂ ਤੋਂ ਹਮੇਸ਼ਾਂ ਲਈ ਜਾ ਚੁੱਕਾ ਸੀ । ਸਵਰਗਵਾਸੀ ਚਰਨਜੀਤ ਸਿੰਘ ਦਾ ਜਨਮ ਸਾਲ 1983 ਵਿਚ ਫਿਰੋਜ਼ਪੁਰ ਸ਼ਹਿਰ ਦੇ ਕੰਬੋਜ਼ ਨਗਰ ਵਿਖੇ ਪਿਤਾ ਮਹਿੰਦਰ ਸਿੰਘ ਅਤੇ ਮਾਤਾ ਹਰਬੰਸ ਕੌਰ ਦੀ ਕੁੱਖੋਂ ਹੋਇਆ ਸੀ। ਮਾਤਾ-ਪਿਤਾ ਦੀਆਂ ਦਿੱਤੀਆਂ ਉੱਚ ਸਿੱਖਿਆਵਾਂ ਅਤੇ ਸੰਸਕਾਰਾਂ ਨੇ ਉਨ੍ਹਾਂ ਦੇ ਜੀਵਨ ਨੂੰ ਇਕ ਨਵੀਂ ਦਿਸ਼ਾ ਦਿੱਤੀ। ਤਿੰਨ ਭੈਣ-ਭਰਾਵਾਂ ਵਿੱਚੋਂ ਇਕ ਚਰਨਜੀਤ ਸਿੰਘ ਦਾ ਆਪਣੇ ਵੱਡੇ ਭਰਾ ਜਸਪਾਲ ਸਿੰਘ ਅਤੇ ਭੈਣ ਪਰਮਜੀਤ ਕੌਰ ਨਾਲ ਅਥਾਹ ਮੋਹ ਸੀ। ਅੱਜਕੱਲ ਉਹ ਫਿਰੋਜ਼ਪੁਰ ਦੀ ਬੇਦੀ ਕਾਲੌਨੀ-2 ਵਿਖੇ ਨਿਵਾਸ ਕਰ ਰਹੇ ਸਨ। ਚਰਨਜੀਤ ਸਿੰਘ ਇਕ ਮਿਹਨਤੀ ਅਤੇ ਸੂਝਵਾਨ ਵਿਅਕਤੀ ਸਨ। ਸਾਲ 2004 ਤੋਂ ਉਹ ਟਰਾਂਸਪੋਰਟ (ਟਰੱਕਾਂ) ਦੇ ਕਾਰੋਬਾਰ ਨਾਲ ਜੁੜੇ ਹੋਏ ਸਨ ਅਤੇ ਆਪਣੀ ਇਮਾਨਦਾਰੀ ਸਦਕਾ ਉਨ੍ਹਾਂ ਨੇ ਇਸ ਖੇਤਰ ਵਿਚ ਆਪਣੀ ਇਕ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਦਾ ਵਿਆਹ ਲੁਧਿਆਣਾ ਨਿਵਾਸੀ ਜਗਦੀਸ਼ ਸਿੰਘ ਦੀ ਸਪੁੱਤਰੀ ਮਨਪ੍ਰੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਪਰਿਵਾਰ ਵਿਚ ਬੇਟੀ ਅਸ਼ਮੀਤ ਕੌਰ ਅਤੇ ਬੇਟਾ ਦਮਨਪ੍ਰੀਤ ਸਿੰਘ (ਦੁੱਲਾ) ਹਨ, ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦੇ ਸਨ। 26 ਮਾਰਚ 2026 ਨੂੰ ਕੁੱਝ ਸਮਾਂ ਬੀਮਾਰ ਰਹਿਣ ਮਗਰੋਂ ਚਰਨਜੀਤ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਆਰਦਾਸ ਅੱਜ ਮਿਤੀ 5 ਅਪ੍ਰੈਲ 2026 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਜੰਝ ਘਰ ਸਾਹਿਬ, ਕੰਬੋਜ਼ ਨਗਰ ਨੇੜੇ ਬਾਂਸੀ ਗੇਟ, ਫਿਰੋਜ਼ਪੁਰ ਸ਼ਹਿਰ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ। ਇਸ ਸ਼ਰਧਾਂਜਲੀ ਸਮਾਗਮ ਵਿਚ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ, ਇਲਾਕਾ ਨਿਵਾਸੀ, ਰਿਸ਼ਤੇਦਾਰ ਅਤੇ ਮਿੱਤਰ-ਸਨੇਹੀ ਚਰਨਜੀਤ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ। ਉਨ੍ਹਾਂ ਦਾ ਮਿਲਾਪੜਾ ਸੁਭਾਅ ਹਮੇਸ਼ਾ ਸਭ ਦੇ ਦਿਲਾਂ ਵਿੱਚ ਜਿਉਂਦਾ ਰਹੇਗਾ।