ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਦਾ ਗੁਆਚਾ ਬੈਗ ਕੀਤਾ ਵਾਪਸ
ਵੰਦੇ ਭਾਰਤ ਐਕਸਪ੍ਰੈਸ ਵਿਚ ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਨੂੰ ਉਸਦਾ ਗੁਆਚਿਆ ਹੋਇਆ ਬੈਗ ਕੀਤਾ ਵਾਪਸ
Publish Date: Mon, 05 Jan 2026 04:11 PM (IST)
Updated Date: Mon, 05 Jan 2026 04:14 PM (IST)

ਪਰਮਿੰਦਰ ਸਿੰਘ ਥਿੰਦ, ਪੰਜਾਬੀ ਜਾਗਰਣ ਫਿਰੋਜ਼ਪੁਰ : ਬੀਤੇ ਦਿਨ ਵੰਦੇ ਭਾਰਤ ਐਕਸਪ੍ਰੈਸ ਟਰੇਨ 22487 (ਦਿੱਲੀ-ਅੰਮ੍ਰਿਤਸਰ) ਵਿਚ ਸਫ਼ਰ ਕਰ ਰਹੇ ਇਕ ਯਾਤਰੀ ਨੇ ਕੋਚ ਨੰਬਰ 3-12 ਵਿਚ ਦਿੱਲੀ ਤੋਂ ਯਾਤਰਾ ਸ਼ੁਰੂ ਕੀਤੀ। ਯਾਤਰਾ ਦੌਰਾਨ ਉਨ੍ਹਾਂ ਦਾ ਬੈਗ ਗਲਤੀ ਨਾਲ ਕਿਸੇ ਹੋਰ ਕੋਚ ਵਿਚ ਰਹਿ ਗਿਆ, ਜਿਸਦਾ ਪਤਾ ਉਨ੍ਹਾਂ ਨੂੰ ਟਰੇਨ ਚੱਲਣ ਤੋਂ ਬਾਅਦ ਲੱਗਿਆ। ਯਾਤਰੀ ਵੱਲੋਂ ਤੁਰੰਤ ਇਸ ਸਬੰਧੀ ਟੀਟੀਈ ਸ਼ਸ਼ੀ ਬਾਲਾ ਨੂੰ ਸੂਚਨਾ ਦਿੱਤੀ ਗਈ। ਸ਼ਸ਼ੀ ਬਾਲਾ ਨੇ ਤਤਪਰਤਾ ਦਿਖਾਉਂਦੇ ਹੋਏ ਯਾਤਰੀ ਤੋਂ ਬੈਗ ਦੇ ਰੰਗ ਅਤੇ ਕਿਸਮ ਬਾਰੇ ਜਾਣਕਾਰੀ ਲਈ ਅਤੇ ਤੁਰੰਤ ਸੀਆਈਟੀ ਚਮਨ ਲਾਲ ਸਮੇਤ ਹੋਰ ਸਹਿਯੋਗੀ ਸਟਾਫ਼ ਨੂੰ ਸੂਚਿਤ ਕੀਤਾ। ਟਿਕਟ ਚੈਕਿੰਗ ਸਟਾਫ਼ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ ਬੈਗ ਨੂੰ ਜਲਦੀ ਹੀ ਲੱਭ ਲਿਆ ਗਿਆ। ਉਸ ਬੈਗ ਵਿਚ ਲੈਪਟਾਪ ਅਤੇ ਜ਼ਰੂਰੀ ਦਸਤਾਵੇਜ਼ ਸੁਰੱਖਿਅਤ ਪਾਏ ਗਏ, ਜ਼ਰੂਰੀ ਪੜਤਾਲ ਦੀ ਪ੍ਰਕਿਰਿਆ ਪੂਰੀ ਕਰਕੇ ਯਾਤਰੀ ਨੂੰ ਬੈਗ ਸੌਂਪ ਦਿੱਤਾ ਗਿਆ। ਬੈਗ ਪ੍ਰਾਪਤ ਕਰਕੇ ਯਾਤਰੀ ਬਹੁਤ ਖੁਸ਼ ਹੋਇਆ ਅਤੇ ਉਨ੍ਹਾਂ ਨੇ ਭਾਰਤੀ ਰੇਲਵੇ ਅਤੇ ਟਿਕਟ ਚੈਕਿੰਗ ਸਟਾਫ਼ ਦਾ ਧੰਨਵਾਦ ਕੀਤਾ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਟਿਕਟ ਚੈਕਿੰਗ ਸਟਾਫ਼ ਸ਼ਸ਼ੀ ਬਾਲਾ ਅਤੇ ਸੀਆਈਟੀ ਚਮਨ ਲਾਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀ ਮਿਹਨਤ ਅਤੇ ਸਮਰਪਣ ਸਦਕਾ ਰੇਲ ਯਾਤਰੀਆਂ ਨੂੰ ਸੁਰੱਖਿਅਤ ਅਤੇ ਸੁਖਦ ਯਾਤਰਾ ਦਾ ਅਹਿਸਾਸ ਮਿਲਦਾ ਹੈ। ਉਨ੍ਹਾਂ ਨੇ ਯਾਤਰੀਆਂ ਨੂੰ ਅਪੀਲ ਕੀਤੀ ਕਿ ਟਰੇਨ ਵਿਚ ਸਫ਼ਰ ਦੌਰਾਨ ਸੁਚੇਤ ਰਹਿਣ ਅਤੇ ਆਪਣੇ ਸਾਮਾਨ ਨੂੰ ਸੁਰੱਖਿਅਤ ਰੱਖਣ।